ਤਕਨੀਕੀ ਯੁੱਗ ਵਿੱਚ ਬਦਲ ਰਹੇ ਸਮਾਜਕ ਢਾਂਚੇ ਦੇ ਨਾਲ ਨਾਲ ਮਨੁੱਖੀ ਸੁਭਾਅ ਅਤੇ ਕਦਰਾਂ ਕੀਮਤਾਂ ਵਿੱਚ ਕਾਫੀ ਬਦਲਾਅ ਦੇਖਣ ਵਿੱਚ ਮਿਲ ਰਿਹਾ ਹੈ । ਜੇਕਰ ਅਸੀਂ ਅੱਸੀ ਦੇ ਦਹਾਕੇ ਦੀ ਗੱਲ ਕਰੀਏ ਤਾਂ ਸਮਾਜਿਕ ਤੌਰ ਬਹੁਤ ਵੱਡਾ ਬਦਲਾਅ ਆਇਆ ਹੈ । ਕੋਈ ਸਮਾਂ ਸੀ ਜਦੋਂ ਪਰਿਵਾਰ ਬਹੁਤ ਵੱਡੇ ਹੁੰਦੇ ਸਨ , ਜਿਨਾਂ ਵਿੱਚ ਦਾਦਾ-ਦਾਦੀ, ਚਾਚੇ- ਤਾਏ ਅਤੇ ਸਾਰਾ ਪਰਿਵਾਰ ਰਲ ਮਿਲ ਕੇ ਬੈਠਦੇ ਸਨ । ਘਰ ਵਿੱਚ ਮੁਖੀ ਦੀ ਚੱਲਦੀ ਸੀ ਅਤੇ ਸਾਰਾ ਪਰਿਵਾਰ ਆਪਣੀ ਜਿੰਮੇਵਾਰੀ ਪ੍ਰਤੀ ਜਵਾਬਦੇਹ ਹੁੰਦਾ ਸੀ । ਸਮੇਂ ਨੇ ਅਜਿਹੀ ਕਰਵਟ ਲਈ ਸਾਂਝੇ ਪਰਿਵਾਰ ਟੁੱਟਦੇ ਗਏ ਲਾਲਚ ਵਾਸਤੇ ਮਨੁੱਖ ਨੇ ਆਪਣੇ ਹੱਥੋਂ ਸਮਾਂ ਤਾਂ ਗੁਆ ਹੀ ਲਿਆ ਨਾਲ ਹੀ ਸਾਡਾ ਅਮੀਰ ਵਿਰਸਾ ਸਾਡੀਆਂ ਰਹੁ-ਰੀਤਾਂ ਅਤੇ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਆਧੁਨਿਕ ਸਮੇਂ ਦੇ ਦੈਂਤ ਨੇ ਨਿਗਲ ਲਈਆਂ।
ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਬੱਚੇ ਇੰਨੀ ਜਿਆਦਾ ਰੁੱਝ ਚੁੱਕੇ ਹਨ ਕਿ ਉਹਨਾਂ ਨੂੰ ਆਪਣੇ ਆਲੇ ਦੁਆਲੇ ਅਤੇ ਸਮਾਜ ਦਾ ਕੋਈ ਇਲਮ ਨਹੀਂ ਹੁੰਦਾ । ਉਹਨਾਂ ਦੀ ਇਸ ਨਵੇਕਲੀ ਦੁਨੀਆ ਵਿੱਚ ਸਿਵਾਏ ਇਕੱਲਾਪਣ ਤੋਂ ਕੁਝ ਵੀ ਨਜ਼ਰ ਨਹੀਂ ਆਉਂਦਾ । ਕੋਈ ਸਮਾਂ ਸੀ ਜਦੋਂ ਪੰਜਾਬੀਆਂ ਨੂੰ ਲੋਕ ਆਪਣਾ ਪ੍ਰੇਰਨਾ ਸਰੋਤ ਮੰਨਦੇ ਸਨ ਪੰਜਾਬੀਆਂ ਦਾ ਨਰੋਏ ਵਿਚਾਰ , ਦੇਸ਼ ਪ੍ਰਤੀ ਪਿਆਰ ਤੇ ਭਾਵਨਾ , ਦੇਸ਼ ਭਗਤੀ ਅਨੁਸ਼ਾਸਨ ਭਰਪੂਰ ਹੋਣਾ, ਹੰਕਾਰ ਨਾ ਕਰਨਾ ,ਸੇਵਾ ਦੀ ਭਾਵਨਾ ਰੱਖਣ ਅਤੇ ਇਮਾਨਦਾਰੀ ਇਹ ਸਭ ਨੈਤਿਕ ਗੁਣ ਪੰਜਾਬੀਆਂ ਦੇ ਹਿੱਸੇ ਆਉਂਦੇ ਸਨ। ਨੈਤਿਕ ਕਦਰਾਂ ਕੀਮਤਾਂ ਦੇ ਅਲੋਪ ਹੋਣ ਦੇ ਕਈ ਕਾਰਨ ਹੋ ਸਕਦੇ ਹਨ ,ਪਰ ਇਹਨਾਂ ਵਿੱਚ ਸਭ ਤੋਂ ਵੱਡਾ ਕਾਰਨ ਮਾਪਿਆਂ ਕੋਲ ਆਪਣੇ ਬੱਚਿਆਂ ਦੀ ਸਮੇਂ ਦਾ ਨਾ ਹੋਣਾ , ਬੱਚਿਆਂ ਨੂੰ ਦੂਜੇ ਬੱਚਿਆਂ ਨਾਲ ਰਲ ਨਾ ਦੇਣਾ ਅਤੇ ਬੱਚਿਆਂ ਉੱਪਰ ਬੇਲੋੜਾ ਪੜ੍ਹਾਈ ਦਾ ਬੋਝ ਪਾਉਣਾ ਸ਼ਾਮਿਲ ਹੈ।
ਮੋਬਾਇਲ ਦੀ ਗਲਤ ਵਰਤੋਂ ਅਤੇ ਮਾਪਿਆਂ ਕੋਲ ਲਈ ਸਮੇਂ ਦੀ ਘਾਟ ਨੇ ਬੱਚਿਆਂ ਨੂੰ ਸਮਾਜਿਕ ਜੀਵਨ ਤੋਂ ਲਾਂਭੇ ਕਰ ਦਿੱਤਾ ਹੈ । ਤਕਨੀਕ ਨਾਲ ਜੁੜੋ, ਪਰ ਉਸਦੇ ਮੁਰੀਦ ਨਾ ਬਣੋ। ਟੈਕਨੋਲਜੀ ਦੀ ਜੇਕਰ ਅਸੀ ਸਹੀ ਵਰਤੋਂ ਕਰੀਏ ਤਾਂ ਤਰਕੀ ਦੇ ਰਸਤੇ ਖੋਲ੍ਹਦੀ ਹੈ ਅਤੇ ਇਸਦੀ ਦੁਰਵਰਤੋਂ ਸਮਾਜਿਕ ਤੌਰ ਤੇ ਤੋੜਦੀ ਹੈ । ਬੱਚਿਆਂ ਵਿੱਚ ਅਨੁਸ਼ਾਸਨ ਦੀ ਕਮੀ ਕਾਰਨ ਵੱਡਿਆਂ ਦਾ ਸਤਿਕਾਰ ਅਤੇ ਸਮਾਜ ਕਦਰਾਂ ਕੀਮਤਾਂ ਦੀ ਕਮੀ ਦੀ ਨਜ਼ਰ ਆ ਰਹੀ ਹੈ । ਸਾਡੇ ਇਸ ਸਮਾਜਿਕ ਵਰਤਾਰੇ ਕਾਰਨ ਸਮਾਜ ਵਿੱਚ ਅਰਾਜਿਕਤਾ ਅਤੇ ਅਪਰਾਧ ਵੱਧ ਰਹੇ ਹਨ।
ਅਸੀਂ ਰੋਜਾਨਾ ਖਬਰਾਂ ਵਿੱਚ ਸੁਣਦੇ ਹਾਂ ਕਿ ਭਰਾ ਭਰਾ ਦਾ ਵੈਰੀ ਅਤੇ ਪੁਤ ਪਿਓ ਦਾ ਵੈਰੀ ਬਣ ਚੁੱਕਿਆ ਹੈ । ਇਸ ਸਾਰੇ ਨਿਜ਼ਾਮ ਨੂੰ ਬਦਲਣ ਲਈ ਬੁੱਧੀਜੀਵੀ ਅਤੇ ਸਮਾਜ ਸੁਧਾਰਕ ਲੋਕਾਂ ਨੂੰ ਅੱਗੇ ਆਉਣ ਦੀ ਜਰੂਰਤ ਹੈ । ਸਕੂਲਾ ਵਿੱਚ ਬੱਚਿਆਂ ਵਿਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨ ਲਈ ਸਾਰਥਿਕ ਉਪਰਾਲੇ ਹੋਣੇ ਚਾਹੀਦੇ ਹਨ , ਮਾਪਿਆਂ ਨਾਲ ਇਸ ਸੰਬੰਧੀ ਮਿਲ ਬੈਠ ਕੇ ਗੱਲਬਾਤ ਹੋਣੀ ਚਾਹੀਦੀ ਹੈ । ਬੱਚਿਆਂ ਵਿੱਚ ਵਧ ਰਹੀ ਬੈਚੈਨੀ, ਚਿੜਚਿੜਾਪਨ ਅਤੇ ਇਕੱਲਾਪਨ ਨੂੰ ਦੂਰ ਕਰਨ ਲਈ ਮਾਪੇ ਅਤੇ ਅਧਿਆਪਕ ਮਿਲ ਬੈਠ ਕੇ ਦੂਰ ਅੰਦੇਸ਼ੀ ਨਾਲ ਇਸ ਸਮੱਸਿਆ ਨੂੰ ਕਾਫ਼ੀ ਹੱਦ ਤਕ ਹੱਲ ਕਰ ਸਕਦੇ ਹਨ । ਅਸੀਂ ਅਤੀਤ ਵਿੱਚ ਗਵਾ ਚੁੱਕੇ ਆਪਣੇ ਅਮੀਰ ਸੱਭਿਆਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਮੁੜ ਸੁਰਜੀਤ ਕਰਨ ਸਭ ਨੂੰ ਇਕੱਠੇ ਹੋ ਕੇ ਤਹਈਆ ਕਰਨਾ ਪਵੇਗਾ ਸਾਨੂੰ ਆਪਣੇ ਬੱਚਿਆਂ ਦੇ ਉਜਵਲ ਭਵਿੱਖ ਲਈ ਆਪਣੀਆਂ ਆਦਤਾਂ ਬਦਲਣ ਅਤੇ ਸਮੇਂ ਦੀ ਬਲੀ ਦੇਣੀ ਪਵੇਗੀ।

-
ਨਿਰਭੈ ਸਿੰਘ ਹੈਡ ਟੀਚਰ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੂੰਦੜ ( ਬਠਿੰਡਾ)
******
9417195339
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.