ਸਿੱਖ ਇਤਿਹਾਸ ਤੇ ਭਾਵਨਾਵਾਂ ਦਾ ਚਿੱਟੇ ਦਿਨ ਉਡਿਆ ਮਜ਼ਾਕ: ਸੁਖਬੀਰ ਬਾਦਲ ਦਾ ਸਰਕਾਰ 'ਤੇ ਵੱਡਾ ਦੋਸ਼
ਚੰਡੀਗੜ੍ਹ 26 ਜੁਲਾਈ 2025- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਦੋਸ਼ ਲਾਉਂਦਿਆਂ ਹੋਇਆ ਕਿਹਾ ਕਿ ਆਪ ਸਰਕਾਰ ਨੇ ਸ੍ਰੀਨਗਰ ਵਿੱਚ ਧਰਮ ਤੇ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨਾਲ ਸਬੰਧਿਤ ਸਮਾਗਮ ਨੂੰ ਇੱਕ ਮਨੋਰੰਜਨ ਪ੍ਰੋਗਰਾਮ ਵਿੱਚ ਤਬਦੀਲ ਕਰਕੇ ਸੰਗੀਨ ਬੇਅਦਬੀ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ੍ਰੀਨਗਰ ਸਮਾਗਮ ਦੌਰਾਨ ਕੀਤੀ ਗਈ ਬੇਅਦਬੀ ਨੂੰ ਸਿੱਖ ਕੌਮ ਵਿਰੁੱਧ ਅਮਲ ਵਿਚ ਲਿਆਂਦੀ ਜਾ ਰਹੀ ਉਸ ਗਹਿਰੀ ਸਾਜ਼ਿਸ਼ ਦਾ ਹਿੱਸਾ ਦੱਸਿਆ ਜਿਸ ਦਾ ਮੰਤਵ ਕੌਮ ਨੂੰ ਆਪਣੇ ਇਤਿਹਾਸ ਨਾਲੋਂ ਤੋੜਨਾ ਅਤੇ ਆਗੂ ਰਹਿਤ ਕਰਨਾ ਹੈ।
ਜਾਰੀ ਬਿਆਨ ਵਿਚ ਬਾਦਲ ਨੇ ਕਿਹਾ “ਸਰਕਾਰ ਵੱਲੋਂ ਸਿੱਖ ਇਤਿਹਾਸ ਦੇ ਇੱਕ ਬੇਹੱਦ ਪਾਵਨ, ਸੰਜੀਦਾ ਅਤੇ ਗੰਭੀਰ ਸਾਕੇ ਨਾਲ ਸਬੰਧਿਤ ਸਮਾਗਮ ਦੌਰਾਨ ਗੁਰਬਾਣੀ ਉਚਾਰਨ ਦੀ ਥਾਂ ਨਾਚ ਗਾਣੇ ਦਾ ਮਹੌਲ ਬਣਾ ਕੇ ਜਾਣ ਬੁਝ ਕੇ ਸਿੱਖ ਇਤਿਹਾਸ ਅਤੇ ਸਿੱਖੀ ਮਾਣ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਗਈਆਂ ਤੇ ਇਸ ਬੇਅਦਬੀ ਨੂੰ ਪੂਰੀ ਦੁਨੀਆਂ ਸਾਹਮਣੇ ਪ੍ਰਸਾਰਤ ਕੀਤਾ। ਭਾਸ਼ਾ ਵਿਭਾਗ ਰਾਹੀਂ ਕਰਵਾਏ ਇਸ ਪ੍ਰੋਗਰਾਮ ਦੌਰਾਨ ਜਾਣ ਬੁਝ ਕੇ ਸਿੱਖ ਕੌਮ ਦੇ ਬੇਹੱਦ ਸੰਜੀਦਾ ਪਲਾਂ ਨੂੰ ਇੱਕ ਮਨੋਰੰਜਨ ਪ੍ਰੋਗਰਾਮ ਵਾਂਗ ਪੇਸ਼ ਕਰਨ ਦਾ ਬਜਰ ਗੁਨਾਹ ਕੀਤਾ ਗਿਆ।”
ਉਹਨਾਂ ਅੱਗੇ ਕਿਹਾ ਇਹ ਸਮਾਗਮ ਆਮ ਆਦਮੀ ਪਾਰਟੀ ਨੂੰ ਚਲਾ ਰਹੇ ਉਸ ਗ਼ੈਰ ਸਿੱਖ ਤੇ ਸਿੱਖ ਦੁਸ਼ਮਣ ਲਾਣੇ ਦੇ ਦਿਮਾਗ਼ ਦੀ ਉਪਜ ਹੈ ਜਿਹਨਾਂ ਨੂੰ ਮਹਾਨ ਗੁਰੂ ਸਾਹਿਬਾਨ ਦੇ ਮਹਾਨ ਵਿਰਸੇ ਦੀ ਨਾ ਕੋਈ ਸਮਝ ਹੈ ਤੇ ਨਾ ਹੀ ਸਤਿਕਾਰ।
ਸ੍ਰੀਨਗਰ ਅਤੇ ਅਨੇਕਾਂ ਹੋਰ ਸਥਾਨਾਂ ਤੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਆਪ ਦੇ ਪ੍ਰਮੁੱਖ ਆਗੂਆਂ ਨੂੰ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਕੇ ਆਪਣੀ ਸਿੱਖ ਵਿਰੋਧੀ ਮਾਨਸਿਕਤਾ ਲਈ ਅਤੇ ਇਸ ਮਾਨਸਿਕਤਾ ਕਾਰਨ ਇਹਨਾਂ ਦੀ ਸਰਕਾਰ ਦੌਰਾਨ ਲਗਾਤਾਰ ਹੋਈਆਂ ਤੇ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ 'ਤੇ ਕਾਰਵਾਈਆਂ ਉੱਤੇ ਇਸ ਸਰਕਾਰ ਦੀ ਚੁੱਪੀ ਦੇ ਕਾਰਨ ਦੱਸ ਕੇ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ।