Babushahi Special: ਭਾਜਪਾ ਦੇ ਟਕਸਾਲੀਆਂ ਤੇ ਭਿਆਲੀਆਂ ’ਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਪੇਚ ਫਸਿਆ
ਅਸ਼ੋਕ ਵਰਮਾ
ਬਠਿੰਡਾ,25 ਜੁਲਾਈ2025: ਭਾਜਪਾ ਦੇ ਟਕਸਾਲੀ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕਾਂਗਰਸ ਚੋਂ ਬੀਜੇਪੀ ’ਚ ਗਏ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਅਕਾਲੀ ਦਲ ਭਾਜਪਾ ਗੱਠਜੋੜ ਸਬੰਧੀ ਦਿੱਤੇ ਪ੍ਰਸਪਰ ਵਿਰੋਧੀ ਬਿਆਨਾਂ ਨੇ ਦਰਸਾ ਦਿੱਤਾ ਹੈ ਕਿ ਇਸ ਮੁੱਦੇ ਤੇ ਭਗਵਾ ਪਾਰਟੀ ਵਿੱਚ ਸਭ ਅੱਛਾ ਨਹੀਂ ਹੈ। ਭਾਵੇਂ ਪੰਜਾਬ ਦੇ ਸਿਆਸੀ ਪਿੜ ਵਿੱਚ ਅਕਾਲੀ ਦਲ ਦੀ ਸਥਿਤੀ ਜਿੱਦਾਂ ਦੀ ਮਰਜੀ ਹੋਵੇ ਪਰ ਹਕੀਕਤ ਇਹ ਵੀ ਹੈ ਕਿ ਦਸ ਸਾਲ ਦੀ ਅਕਾਲੀ ਬੀਜੇਪੀ ਸਰਕਾਰ ਦੌਰਾਨ ਮਾਣੀਆਂ ਮੌਜਾਂ ਕਾਰਨ ਭਾਜਪਾ ਵਿੱਚ ਗਠਜੋੜ ਹਮਾਇਤੀਆਂ ਦੀ ਘਾਟ ਨਹੀਂ ਹੈ ਜਿੰਨ੍ਹਾਂ ਵਿੱਚ ਟਕਸਾਲੀ ਅਤੇ ਦਲਬਦਲੂ ਦੋਵੇਂ ਸ਼ਾਮਲ ਹਨ। ਦੋ ਦਿਨ ਪਹਿਲਾਂ ਅਸ਼ਵਨੀ ਸ਼ਰਮਾ ਨੇ ਬਠਿੰਡਾ ’ਚ ਅਕਾਲੀ ਦਲ ਨਾਲ ਗਠਜੋੜ ਦੀ ਸੰਭਾਵਨਾਂ ਰੱਦ ਕਰ ਦਿੱਤੀ ਸੀ ਜਦੋਂਕਿ ਇਸੇ ਸ਼ਹਿਰ ਦੇ ਕਾਫੀ ਆਗੂ ਦੋਵਾਂ ਪਾਰਟੀਆਂ ’ਚ ਸਾਂਝ ਦੇ ਕੱਟੜ ਹਮਾਇਤੀ ਹਨ ਜੋਕਿ ਪਾਰਟੀ ਅਨੁਸ਼ਾਸ਼ਨ ਕਾਰਨ ਚੁੱਪ ਵੱਟੀ ਬੈਠੇ ਹਨ।
ਬਠਿੰਡਾ ਸ਼ਹਿਰੀ ਅਤੇ ਦਿਹਾਤੀ ਦੇ ਕਈ ਆਗੂਆਂ ਨੇ ਮੰਨਿਆ ਹੈ ਕਿ ਇਸ ਸਿਆਸੀ ਜੱਫੀ ’ਚ ਦਰਾੜ ਪਾੜ ਪੈਣ ਕਾਰਨ ਦੋਵਾਂ ਧਿਰਾਂ ਨੂੰ ਹੀ ਨੁਕਸਾਨ ਉਠਾਉਣਾ ਪਿਆ ਹੈ। ਹਾਲਾਂਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਤਾਕਤ ਮਜਬੂਤ ਕਰਨ ’ਚ ਲੱਗੀ ਹੋਣ ਕਰਕੇ ਸੀਨੀਅਰ ਆਗੂ ਇਸ ਬਾਰੇ ਬਹੁਤਾ ਖੁੱਲ੍ਹਕੇ ਬੋਲਣ ਨੂੰ ਤਿਆਰ ਨਹੀਂ ਹਨ ਪਰ ਪੰਥਕ ਪਾਰਟੀ ਅੰਦਰ ਵੀ ਗਠਜੋੜ ਦੀ ਵਕਾਲਤ ਕਰਨ ਵਾਲਿਆਂ ਦੀ ਕੋਈ ਘਾਟ ਨਹੀਂ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਬਿਨਾਂ ਸ਼ੱਕ ਭਾਜਪਾ ਨੇ ਪੇਂਡੂ ਖੇਤਰਾਂ ਵਿੱਚ ਆਪਣੀ ਪੈਂਠ ਮਜਬੂਤ ਕੀਤੀ ਹੈ ਪਰ ਸੱਤਾ ਤੱਕ ਪੁੱਜਣ ਵਾਲੀ ਤਾਕਤ ਤੋਂ ਪਾਰਟੀ ਫਿਲਹਾਲ ਦੂਰ ਹੈ, ਕੋਈ ਚਮਤਕਾਰ ਹੋ ਜਾਏ ਤਾਂ ਵੱਖਰੀ ਗੱਲ ਹੈ। ਮਾਹਿਰ ਆਖਦੇ ਹਨ ਕਿ ਜੇਕਰ ਦੋਵੇਂ ਧਿਰਾਂ ਆਪਸੀ ਮੱਤਭੇਦ ਖਤਮ ਕਰਕੇ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਵਿਰੋਧੀਆਂ ਨੂੰ ਜਬਰਦਸਤ ਚੁਣੌਤੀ ਦਿੱਤੀ ਜਾ ਸਕਦੀ ਹੈ।
ਹੁਣ ਤਰਨਤਾਰਨ ਹਲਕੇ ਦੀ ਜਿਮਨੀ ਚੋਣ ’ਚ ਦੋਵੇ ਕਿਹੜੀ ਸਿਆਸੀ ਕਰਵਟ ਲੈਂਦੀਆਂ ਹਨ ਇਹ ਤਾਂ ਸਮਾਂ ਦੱਸੇਗਾ ਪਰ 2022 ਅਤੇ ਮਗਰੋਂ ਹੋਈਆਂ ਜਿਮਨੀ ਚੋਣਾਂ ਦੌਰਾਨ ਦੋਵਾਂ ਧਿਰਾਂ ਨੁਕਸਾਨ ਝੱਲ ਚੁੱਕੀਆਂ ਹਨ ਫਿਰ ਵੀ ਦੂਰੀਆਂ ਨੂੰ ਖਤਮ ਨਹੀਂ ਕੀਤਾ ਜਾ ਸਕਿਆ ਹੈ। ਪਿਛੇ ਜਿਹੇ ਹੋਈ ਲੁਧਿਆਣਾ ਪੱਛਮੀ ਹਲਕੇ ਦੀ ਜਿਮਨੀ ਚੋਣ ਇਸ ਦੀ ਪੁਖਤਾ ਮਿਸਾਲ ਹੈ ਜਿੱਥੇ ਅਕਾਲੀ ਦਲ ਦੀ ਤਾਂ ਬੁਰੀ ਹਾਲਤ ਹੋਈ ਹੀ ਬਲਕਿ ਭਾਜਪਾ ਵੀ ਲੋਕ ਸਭਾ ਚੋਣਾਂ ਵਾਲਾ ਅੰਕੜਾ ਛੂਹਣ ’ਚ ਅਸਫਲ ਰਹੀ ਸੀ। ਵਿਸ਼ੇਸ਼ ਗੱਲ ਇਹ ਵੀ ਹੈ ਕਿ ਇਹ ਹਲਕਾ ਨਿਰੋਲ ਸ਼ਹਿਰੀ ਸੀ ਜਿੱਥੇ ਭਾਜਪਾ ਬਾਕੀਆਂ ਦੇ ਮੁਕਾਬਲੇ ਮੋਹਰੀ ਮੰਨੀ ਜਾਂਦੀ ਹੈ। ਹੁਣ ਸਾਲ 2022 ਦੇ ਤੱਥਾਂ ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਅਕਾਲੀ ਦਲ 10 ਹਜ਼ਾਰ ਤੋਂ ਘੱਟ ਵੋਟਾਂ ਦੇ ਫਰਕ ਨਾਲ 11 ਹਲਕਿਆਂ ’ਚ ਹਾਰਿਆ ਜਦੋਂਕਿ ਭਾਜਪਾ ਦਾ ਇਹ ਅੰਕੜਾ ਤਿੰਨ ਸੀ।
ਦਿਲਚਸਪ ਤੱਥ ਹੈ ਕਿ 9 ਵਿਧਾਨ ਸਭਾ ਹਲਕੇ ਅਜਿਹੇ ਸਨ ਜਿੱਥੇ ਜੇਤੂ ਨਾਲੋਂ ਅਕਾਲੀ ਭਾਜਪਾ ਮੋਹਰੀ ਰਿਹਾ ਸੀ। ਇੰਨ੍ਹਾਂ 9 ਹਲਕਿਆਂ ਚੋਂ 5 ਵਿੱਚ ਆਪ ਅਤੇ 4 ਵਿੱਚ ਕਾਂਗਰਸ ਜਿੱਤੀ ਸੀ। ਡੇਰਾ ਬਾਬਾ ਨਾਨਕ ’ਚ ਕਾਂਗਰਸ ਨੂੰ 52 ਹਜ਼ਾਰ 555 ਦੇ ਮੁਕਾਬਲੇ ਅਕਾਲੀ ਭਾਜਪਾ ਦੀਆਂ ਕੁੱਲ ਵੋਟਾਂ 54 ਹਜ਼ਾਰ 2 ਸੀ ਜਿੰਨ੍ਹਾਂ ਦਾ ਫਰਕ 1025 ਹੈ। ਗੁਰਦਾਸਪੁਰ ’ਚ ਕਾਂਗਰਸ ਦੇ ਜੇਤੂ ਉਮੀਦਵਾਰ ਨੂੰ 43 ਹਜ਼ਾਰ 743 ਅਤੇ ਗਠਜੋੜ ਨੂੰ 46 ਹਜ਼ਾਰ 227 ਵੋਟਾਂ ਪਈਆਂ ਸਨ ਜਿੰਨ੍ਹਾਂ ਦਾ ਫਰਕ 2484 ਹੈ। ਜਲੰਧਰ ਛਾਉਣੀ ਹਲਕੇ ’ਚ ਕਾਂਗਰਸ ਨੂੰ 40 ਹਜ਼ਾਰ 816 ਅਤੇ ਗਠਜੋੜ ਦਾ ਅੰਕੜਾ 43 ਹਜ਼ਾਰ 333 ਰਿਹਾ ਜੋਕਿ ਜੇਤ ਨਾਲੋਂ 2517 ਵੱਧ ਹੈ। ਸੁਜ਼ਾਨਪੁਰ ਹਲਕੇ ’ਚ ਕਾਂਗਰਸੀ ਉਮੀਦਵਾਰ ਨੂੰ 49 ਹਜ਼ਾਰ 916 ਵੋਟਾਂ ਦੇ ਮੁਕਾਬਲੇ ਗਠਜੋੜ ਨੂੰ 50 ਹਜ਼ਾਰ 279 ਵੋਟਾਂ ਪਈਆਂ ਸਨ ਜਿੰਨ੍ਹਾਂ ਦਾ ਆਪਸੀ ਫਰਕ 3363 ਦਾ ਹੈ।
ਗੜ੍ਹਸ਼ੰਕਰ ਹਲਕਾ ਅਜਿਹਾ ਹੈ ਜਿੱਥੇ ਦੋਵਾਂ ਧਿਰਾਂ ਨੂੰ ਵੱਡੀ ਮਾਰ ਪਈ ਹੈ। ਇਸ ਹਲਕੇ ’ਚ ਆਪ ਉਮੀਦਵਾਰ ਨੂੰ 32 ਹਜ਼ਾਰ 341 ਵੋਟਾਂ ਪਈਆਂ ਜਦੋਂਕਿ ਗਠਜੋੜ ਦਾ ਅੰਕੜਾ 50 ਹਜ਼ਾਰ 165 ਸੀ ਜਿਸ ਦਾ ਵੱਡਾ ਫਰਕ 17 ਹਜ਼ਾਰ 824 ਹੈ। ਜਲੰਧਰ ਕੇਂਦਰੀ ਹਲਕੇ ’ਚ ਝਾੜੂ ਦੀਆਂ 33 ਹਜ਼ਾਰ 11 ਦੇ ਮੁਕਾਬਲੇ ਗਠਜੋੜ ਨੂੰ 38 ਹਜ਼ਾਰ 90 ਵੋਟਾਂ ਪਈਆਂ ਜਿੰਨ੍ਹਾਂ ਵਿਚਲਾ ਅੰਤਰ 5 ਹਜ਼ਾਰ 889 ਹੈ। ਡੇਰਾ ਬਸੀ ’ਚ ਆਪ ਨੂੰ 70 ਹਜ਼ਾਰ 32 ਵੋਟਾਂ ਪਈਆਂ ਜਦੋਂਕਿ ਗਠਜੋੜ ਦਾ ਅੰਕੜਾ 74 ਹਜ਼ਾਰ 694 ਰਿਹਾ ਜੋਕਿ ਜੇਤੂ ਨਾਲੋਂ 4662 ਵੱਧ ਹੈ। ਲੁਧਿਆਣਾ ਕੇਂਦਰੀ ਵਿੱਚ ਜੇਤੂ ਆਪ ਨੂੰ 32 ਹਜ਼ਾਰ 789 ਦੇ ਮੁਕਾਬਲੇ ਗਠਜੋੜ ਨੂੰ 3416 ਵੱਧ 36 ਹਜ਼ਾਰ 205 ਵੋਟਾਂ ਪਈਆਂ ਸਨ। ਬਲਾਚੌਰ ਹਲਕੇ ’ਚ ਆਪ ਦਾ ਅੰਕੜਾ 39 ਹਜਾਰ 633 ਅਤੇ ਗਠਜੋੜ ਦਾ 40 ਹਜ਼ਾਰ 658 ਸੀ ਜਿਸ ਦਾ ਅੰਤਰ 1025 ਹੈ।
ਗਠਜੋੜ ਦੇ ਹੈਰਾਨਕੁੰਨ ਅੰਕੜੇ
ਸਾਲ 2022 ਵਿੱਚ ਅਕਾਲੀ ਦਲ ਆਦਮਪੁਰ ,ਗਿੱਦੜਬਾਹਾ,ਨਕੋਦਰ ,ਬਲਾਚੌਰ ਅਤੇ ਡੇਰਾ ਬਾਬਾ ਨਾਨਕ 5 ਹਜ਼ਾਰ ਤੋਂ ਘੱਟ ਵੋਟਾਂ ਨਾਲ ਹਾਰਿਆ ਜਦੋਂਕਿ 5 ਤੋਂ 10 ਹਜਾਰ ਦੇ ਫਰਕ ਨਾਲ ਭੁਲੱਥ ਅਜਨਾਲਾ, ਗੁਰਦਾਸਪੁਰ ,ਫਤਿਹਗੜ੍ਹ ਚੂੜੀਆਂ ਅਤੇ ਰਾਜਾਸਾਂਸੀ ਹਾਰੀਆਂ ਸਨ। ਭਾਜਪਾ ਨੇ ਪੰਜ ਹਜਾਰ ਤੋਂ ਘੱਟ ਦੇ ਫਰਕ ਨਾਲ ਲੁਧਿਆਣਾ ਸੈਂਟਰਲ ਅਤੇ ਸੁਜਾਨਪੁਰ ਸੀਟਾਂ ਗੁਆਈਆਂ ਜਦੋਂਕਿ ਜਲੰਧਰ ਉੱਤਰੀ 9486 ਵੋਟਾਂ ਦੇ ਫਰਕ ਨਾਲ ਸੀਟ ਹਾਰੀ। ਇਸ ਮੌਕੇ ਭਾਜਪਾ ਦਾ ਭਾਈਵਾਲ ਸੰਯੁਕਤ ਅਕਾਲੀ ਦਲ ਅਮਰਗੜ੍ਹ ਹਲਕੇ ’ਚ 10 ਹਜ਼ਾਰ ਤੋਂ ਘੱਟ ਦੇ ਫਰਕ ਨਾਲ ਹਾਰਿਆ ਸੀ।