’ਨੇਚਰ ਫੈਸਟ ਹੁਸ਼ਿਆਰਪੁਰ-2025’ ਦੀ ਸ਼ਾਨਦਾਰ ਸ਼ੁਰੂਆਤ: ਸਟਾਰ ਨਾਈਟ ’ਚ ਗਾਇਕ ਅਲਾਪ ਸਿਕੰਦਰ ਨੇ ਬੰਨ੍ਹਿਆ ਸਮਾਂ
- 25 ਫਰਵਰੀ ਤੱਕ ਲਾਜਵੰਤੀ ਸਪੋਰਟਸ ਸਟੇਡੀਅਮ ਸਮੇਤ ਵੱਖ-ਵੱਖ ਥਾਵਾਂ ’ਤੇ ਹੋਣਗੇ ਇਵੈਂਟ
- ਲਾਜਵੰਤੀ ਸਪੋਰਟਸ ਸਟੇਡੀਅਮ ’ਚ ਹਸਤਕਲਾ, ਸ਼ਿਲਪਕਲਾ, ਫੂਡ ਸਟਾਲ, ਸੈਲਫ ਹੈਲਪ ਗਰੁੱਪਾਂ ਦੇ ਸਟਾਲ, ਝੂੱਲੇ ਅਤੇ ਸਭਿਆਚਾਰਕ ਪ੍ਰੋਗਰਾਮ ਕਰ ਰਹੇ ਲੋਕਾਂ ਦਾ ਮਨੋਰੰਜਨ
- ਫੈਸਟ ਦੌਰਾਨ ਲੋਕਾਂ ਲਈ ਰਹੇਗਾ ਖੁੱਲ੍ਹਾ ਦਾਖਲਾ
- ਨਾਈਟਕੈਪਿੰਗ, ਸਾਈਕਲੋਥਾਨ, ਕਿਡਸ ਕਾਰਨੀਵਾਲ, ਆਫ਼-ਰੋਡਿੰਗ, ਜੰਗਲ ਸਫ਼ਾਰੀ ਰਹੇ ਖਿੱਚ ਦਾ ਕੇਂਦਰ
ਹੁਸ਼ਿਆਰਪੁਰ, 21 ਫਰਵਰੀ 2025: ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਥਾਨਕ ਲਾਜਵੰਤੀ ਸਪੋਰਟਸ ਸਟੇਡੀਅਮ ਵਿਖੇ 25 ਫਰਵਰੀ ਤੱਕ ਕਰਵਾਏ ਜਾ ਰਹੇ ਨੇਚਰ ਫੈਸਟ ਦਾ ਅੱਜ ਸ਼ਾਨਦਾਰ ਆਗਾਜ਼ ਹੋਇਆ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਨੇਚਰ ਫੈਸਟ ਦਾ ਉਦਘਾਟਨ ਕੀਤਾ। ਇਸ ਦੌਰਾਨ ਮੇਅਰ ਸੁਰਿੰਦਰ ਕੁਮਾਰ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ, ਬੈਕਫਿੰਕੋ ਦੇ ਚੇਅਰਮੈਨ ਸੰਦੀਪ ਸੈਣੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।
ਨੇਚਰ ਫੈਸਟ ਦੇ ਪਹਿਲੇ ਦਿਨ ਪ੍ਰਸਿੱਧ ਪੰਜਾਬੀ ਗਾਇਕ ਅਲਾਪ ਸਿਕੰਦਰ ਨੇ ਆਪਣੀ ਜਬਰਦਸਤ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਉਨ੍ਹਾਂ ਨੇ ’ਮੈਂ ਨੀਵਾਂ ਮੇਰਾ ਮੁਰਸ਼ਿਦ ਊਚਾ’, ਸਜ ਕੇ ਨਾ ਨਿਕਲੋ ਸੋਹਣਿਓ ਮੌਸਮ ਖਰਾਬ ਹੈ ਅਤੇ ਹੋਰ ਚਰਚਿਤ ਗੀਤਾਂ ਨਾਲ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ। ਦਰਸ਼ਕਾਂ ਨੇ ਤਾਲੀਆ ਨਾਲ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਜਿਸ ਨਾਲ ਪੂਰੇ ਸਟੇਡੀਅਮ ਵਿਚ ਜਬਰਦਸਤ ਜੋਸ਼ ਦੇਖਣ ਨੂੰ ਮਿਲਿਆ।
ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਸਟਾਲਾਂ ਦਾ ਨਿਰੀਖਣ ਕਰਦੇ ਹੋਏ ਦੱਸਿਆ ਕਿ 25 ਫਰਵਰੀ ਤੱਕ ਇਸ ਫੈਸਟ ਵਿਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਹੁਸ਼ਿਆਰਪੁਰ ਨੇਚਰ ਫੈਸਟ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਨਾ ਸਿਰਫ਼ ਜ਼ਿਲ੍ਹਾ ਵਾਸੀ ਬਲਕਿ ਹੋਰ ਥਾਵਾਂ ’ਤੇ ਵੀ ਲੋਕ ਹੁਸ਼ਿਆਰਪੁਰ ਦੀ ਖੂਬਸੂਰਤੀ ਨੂੰ ਨਿਹਾਰ ਸਕਣਗੇ। ਇਸ ਤੋਂ ਇਲਾਵਾ ਮੇਲੇ ਵਿਚ ਰੋਜ਼ਾਨਾ ਸਭਿਆਚਾਰਕ ਪ੍ਰੋਗਰਾਮ ਹੋਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੇਚਰ ਫੈਸਟ ਦੌਰਾਨ ਲੋਕਾਂ ਲਈ ਖੁੱਲ੍ਹਾ ਦਾਖਲਾ ਰਹੇਗਾ ਅਤੇ ਸਟੇਡੀਅਮ ਵਿਚ ਵੱਖ-ਵੱਖ ਚੀਜਾਂ, ਕਲਾਕ੍ਰਿਤੀਆਂ ਅਤੇ ਸਾਮਾਨ ਦੀ ਪੇਸ਼ਕਾਰੀ ਕਰਦੇ ਹੋਏ 100 ਦੇ ਕਰੀਬ ਸਟਾਲ ਲੱਗੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਫੈਸਟ ਦੀ ਰੌਣਕ ਵਧਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਲੋਕਾਂ ਦੇ ਲਈ ਇਹ ਫੈਸਟ ਬੇਹੱਦ ਮਨੋਰੰਜਕ ਰਹੇਗਾ। ਉਨ੍ਹਾ ਦੱਸਿਆ ਕਿ ਸ਼ਨੀਵਾਰ ਸੋਲਿਸ ਅਤੇ ਠਰੋਲੀ ਵਿਚ ਨਾਈਟ ਕੈਂਪਿੰਗ ਅਤੇ ਲਾਜਵੰਤੀ ਸਟਡੀਅਮ ਵਿਚ ਸਾਈਕਲੋਥਾਨ ਤੋਂ ਇਲਾਵਾ ਵਣ ਚੇਤਨਾ ਪਾਰਕ ਵਿਚ ਕਿਡਸ ਕਾਰਨੀਵਾਲ ਹੋਵੇਗੀ। ਇਸੇ ਤਰ੍ਹਾਂ 23 ਫਰਵਰੀ ਨੂੰ ਸਟੇਡੀਅਮ ਵਿਚ ਭਾਰਤ ਬਨਾਮ ਪਾਕਿਸਤਾਨ ਮੈਚ ਦੀ ਸਕਰੀਨਿੰਗ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕੂਕਾਨੇਟ ਵਿਖੇ ਆਫ਼-ਰੋਡਿੰਗ ਹੋਵੇਗੀ ਜਿਸ ਵਿਚ ਹਿੱਸਾ ਲੈਣ ਵਾਲਿਆਂ ਦੀ ਸੁਵਿਧਾ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਨੇਚਰ ਰਿਟਰੀਟ, ਚੌਹਾਲ ਵਿਖੇ ਲੋਕ ਬੂਟਿੰਗ ਅਤੇ ਜੰਗਲ ਸਫ਼ਾਰੀ ਦਾ ਆਨੰਦ ਲੈਣਗੇ। ਇਸੇ ਤਰ੍ਹਾਂ 25 ਫਰਵਰੀ ਦੀ ਸ਼ਾਮ ਨੂੰ ਗਾਇਕ ਕੰਵਰ ਗਰੇਵਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ ਅਤੇ ਇਸ ਉਪਰੰਤ ਨੇਚਰ ਫੈਸਟ ਦੀ ਸਮਾਪਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਨੇਚਰ ਫੈਸਟ ਹੁਸ਼ਿਆਰਪੁਰ ਦਾ ਮੰਤਵ ਕੁਦਰਤ ਦੀ ਗੋਦ ਵਿਚ ਵਸੇ ਹੁਸ਼ਿਆਰਪੁਰ ਵਿਚ ਸੈਰ ਸਪਾਟੇ ਦੀ ਸੰਭਾਵਨਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਹੈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਗਊ ਸੇਵਾ ਕਮਿਸ਼ਨ ਦੇ ਮੈਂਬਰ ਜਸਪਾਲ ਸਿੰਘ, ਏ.ਡੀ.ਸੀ. ਨਿਕਾਸ ਕੁਮਾਰ, ਐਸ.ਡੀ.ਐਮ ਹੁਸ਼ਿਆਰਪੁਰ ਸੰਜੀਵ ਸ਼ਰਮਾ, ਐਸ.ਡੀ.ਐਮ ਟਾਂਡਾ ਪੰਕਜ ਕੁਮਾਰ, ਕੌਂਸਲਰ ਰਾਜੇਸ਼ਵਰ ਦਿਆਲ ਬੱਲੀ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਅਜੇ ਵਰਮਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।