ਪੰਜਾਬ ਦੇ 30 ਸਾਲ ਤੋਂ ਵੱਧ ਦੇ ਨਿਵਾਸੀਆਂ ਲਈ ਗੈਰ ਸੰਚਾਰੀ ਰੋਗਾਂ ਸਬੰਧੀ ਜਾਂਚ ਮੁਹਿੰਮ ਦੀ ਸ਼ੁਰੂਆਤ
ਸਿਵਲ ਸਰਜਨ ਫਾਜਿਲਕਾ ਨੇ ਆਯੁਸ਼ਮਾਨ ਆਰੋਗਿਆ ਕੇਂਦਰ ਰਾਮਪੁਰਾ ਤੋਂ ਕੀਤੀ
ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਕੀਤਾ ਜਾਂਦਾ ਹੈ ਗੈਰ ਸੰਚਾਰੀ ਬਿਮਾਰੀਆਂ ਦਾ ਮੁਫ਼ਤ ਇਲਾਜ: ਡਾ ਲਹਿੰਬਰ ਰਾਮ ਸਿਵਲ ਸਰਜਨ
ਫਾਜਿਲਕਾ 20 ਫਰਵਰੀ
ਪੰਜਾਬ ਸਰਕਾਰ ਵੱਲੋਂ ਸਮਾਜ ਵਿੱਚ ਵੱਧ ਰਹੀਆਂ ਗੈਰ ਸੰਚਾਰੀ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਡਾ ਲਹਿੰਬਰ ਰਾਮ ਸਿਵਲ ਸਰਜਨ ਫਾਜ਼ਿਲਕਾ ਦੀ ਅਗਵਾਈ ਵਿੱਚ ਜਿਲ੍ਹੇ ਵਿਚ 20 ਫ਼ਰਵਰੀ ਤੋਂ 31 ਮਾਰਚ 2025 ਤੱਕ 30 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦੀ ਗ਼ੈਰ ਸੰਚਾਰੀ ਰੋਗਾਂ ਦੀ ਜਾਂਚ ਮੁਹਿੰਮ ਸ਼ੁਰੂ ਕੀਤੀ ਗਈ ਹੈ। ਡਾ ਲਹਿੰਬਰ ਰਾਮ ਸਿਵਲ ਸਰਜਨ ਵੱਲੋਂ ਮੁਹਿੰਮ ਦੀ ਸ਼ੁਰੂਆਤ ਆਯੁਸ਼ਮਾਨ ਅਰੋਗਿਆ ਕੇਂਦਰ ਰਾਮਪੁਰਾ ਤੋਂ ਕੀਤੀ।
ਇਸ ਮੋਕੇ ਡਾ ਲਹਿੰਬਰ ਰਾਮ ਸਿਵਲ ਸਰਜਨ ਨੇ ਕਿਹਾ ਕਿ 60 ਪ੍ਰਤੀਸ਼ਤ ਤੋਂ ਜਿਆਦਾ ਮੌਤਾਂ ਗੈਰ ਸੰਚਾਰੀ ਬਿਮਾਰੀਆਂ ਜਿਵੇ ਸ਼ੂਗਰ, ਕੈਂਸਰ, ਬਲੱਡ ਪ੍ਰੈਸ਼ਰ, ਸਟ੍ਰੋਕ ਅਤੇ ਦਿਲ ਦੀਆ ਬਿਮਾਰੀਆਂ ਕਾਰਨ ਹੋ ਰਹੀਆਂ ਹਨ। ਜੇਕਰ ਇਹਨਾਂ ਬਿਮਾਰੀਆਂ ਦੀ ਸਮੇਂ ਸਿਰ ਜਾਂਚ ਕਰਕੇ ਇਲਾਜ ਕਰਵਾਇਆ ਜਾਵੇ ਤਾਂ ਇਨ੍ਹਾਂ ਬਿਮਾਰੀਆਂ ਦੇ ਬੁਰੇ ਪ੍ਰਭਾਵਾਂ ਅਤੇ ਹੋਣ ਵਾਲੀਆਂ ਮੌਤਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿਚੋਂ 36 ਪ੍ਰਤੀਸ਼ਤ ਲੋਕ ਬਲੱਡ ਪ੍ਰੈਸ਼ਰ ਦੀ ਬੀਮਾਰੀ ਤੋਂ ਪੀੜਤ ਹਨ ਜਿਸ ਕਾਰਨ ਬਹੁਤ ਸਾਰੀਆਂ ਬੀਮਾਰੀਆਂ ਹੋ ਰਹੀਆਂ ਹਨ ਇਸ ਲਈ ਪੰਜਾਬ ਸਰਕਾਰ ਵਲੋਂ 30 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦੀ ਗੈਰ ਸੰਚਾਰੀ ਰੋਗਾਂ ਦੀ ਮੁਫ਼ਤ ਜਾਂਚ ਮੁਹਿੰਮ ਸ਼ੁਰੂ ਕੀਤੀ ਗਈ ਹੈ।ਜਿਸ ਅਧੀਨ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਕੈਂਸਰ, ਸਟਰੋਕ ਆਦਿ ਸ਼ਾਮਿਲ ਹਨ।ਉਨ੍ਹਾਂ ਕਿਹਾ ਕਿ ਬਲੱਡ ਪ੍ਰੈਸ਼ਰ ਵਧਣ ਨਾਲ ਲੋਕਾਂ ਨੂੰ ਦਿਲ ਦਾ ਦੌਰਾ ਪੈਣ, ਦਿਮਾਗ ਦੀ ਨਾੜੀ ਦਾ ਫੱਟਣਾ, ਦਿਲ ਦਾ ਫੇਲ੍ਹ ਹੋਣਾ, ਗੁਰਦੇ ਖਰਾਬ ਹੋਣਾ, ਸ਼ੂਗਰ ਦੀ ਬਿਮਾਰੀ, ਅੱਖਾਂ ਦੀ ਰੋਸ਼ਨੀ ਦਾ ਖਤਮ ਹੋਣਾ, ਮਾਨਸਿਕ ਤਣਾਅ ਤੇ ਚਿੰਤਾ ਆਦਿ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਉਹਨਾਂ ਦੱਸਿਆਂ ਕਿ ਜਿਆਦਾਤਰ ਲੋਕ ਸ਼ਰਾਬ ਅਤੇ ਤੰਬਾਕੂ ਪਦਾਰਥਾਂ, ਫੈਟ ਵਾਲੀਆਂ, ਤਲੀਆਂ, ਫਾਸਟ ਫੂਡ, ਮਸਾਲੇਦਾਰ ਚੀਜਾਂ, ਸੋਫਟ ਅਤੇ ਹਾਰਡ ਡਰਿੰਕ, ਤੰਬਾਕੂ ਅਤੇ ਸਿਗਰਟ ਦੀ ਵਰਤੋਂ ਕਰਨ ਨਾਲ ਅਤੇ ਸਰੀਰਕ ਕੰਮ ਨਾ ਕਰਨ ਨਾਲ ਇਸ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਸਾਨੂੰ ਅਤੇ ਆਪਣੇ ਬੱਚਿਆਂ ਨੁੰ ਇਨ੍ਹਾਂ ਚੀਜਾਂ ਦੀ ਵਰਤੋਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਸੰਤੁਲਿਤ ਭੋਜਨ, ਹਰੇ ਪੱਤੇਦਾਰ ਸ਼ਬਜੀਆਂ, ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਨੂੰ ਆਪਣੇ ਭਾਰ ਨੂੰ ਕੰਟਰੋਲ ਵਿੱਚ ਰੱਖਣਾ ਚਾਹੀਦਾ ਹੈ। ਲੂਣ ਅਤੇ ਖੰਡ ਦੀ ਮਾਤਰਾ ਘੱਟ ਲੈਣੀ ਚਾਹੀਦੀ। ਯੋਗਾ ਅਤੇ ਧਿਆਨ ਕਰਕੇ ਮਾਨਸਿਕ ਤਣਾਓ ਨੂੰ ਘੱਟ ਕਰੋ। ਅੱਜ ਦੀ ਜਿੰਦਗੀ ਚ ਮਾਨਸਿਕ ਤਣਾਅ ਨੂੰ ਘਟਾਉਣ ਲਈ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਨਾਲ ਸਮਾਂ ਬਿਤਾਓ ਅਤੇ ਉਹਨਾ ਨਾਲ ਕੁਝ ਸਮਾਂ ਖੇਡੋ। ਰੋਜਾਨਾ ਘੱਟੋ ਘੱਟ 30 ਮਿੰਟ ਸੈਰ ਅਤੇ ਕਸਰਤ ਕਰਨੀ ਚਾਹੀਦੀ ਹੈ। ਤੰਬਾਕੂਨੋਸ਼ੀ ਅਤੇ ਸ਼ਰਾਬ ਤੋਂ ਪ੍ਰਹੇਜ਼ ਕਰੋ।ਹਾਈ ਬਲੱਡ ਪ੍ਰੈਸ਼ਰ ਨਾਲ ਅੱਖਾਂ ਤੇ ਵੀ ਬਹੁਤ ਬੁਰੇ ਪ੍ਰਭਾਵ ਪੈਂਦੇ ਹਨ।ਇਸ ਲਈ ਡਾਕਟਰੀ ਸਲਾਹ ਅਨੁਸਾਰ ਨਿਯਮਿਤ ਦਵਾਈ ਖਾਓ, ਜੋ ਕਿ ਸਾਰੀਆਂ ਸਿਹਤ ਸੰਸਥਾਵਾਂ ਤੋਂ ਮੁਫ਼ਤ ਮਿਲਦੀਆਂ ਹਨ।
ਡਾ ਸੁਨੀਤਾ ਕੰਬੋਜ਼ ਨੇ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਦੇ 30 ਸਾਲਾਂ ਤੋਂ ਵੱਧ ਉਮਰ ਦੇ ਮੈਂਬਰਾ ਦੀ ਇਸ ਮੁਹਿੰਮ ਵਿੱਚ ਜਰੂਰ ਜਾਂਚ ਕਰਵਾਉਣ।
ਇਸ ਸਮੇਂ ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫਸਰ, ਦੀਵੇਸ਼ ਕੁਮਾਰ ਬੀ ਈ ਈ, ਸੀ ਐਚ ਓ ਜਸਕਰਨ, ਪ੍ਰਕਾਸ਼ ਕੁਮਰ ਅਤੇ ਸਿਹਤ ਕਰਮਚਾਰੀ ਵਿਕੀ ਕੁਮਾਰ, ਅਮਰਜੀਤ ਕੌਰ ਹਾਜ਼ਰ ਸਨ।