← ਪਿਛੇ ਪਰਤੋ
Babushahi Special: ਭਗਤਾ ਭਾਈ ਵਾਸੀਓ ਜਾਗਦੇ ਰਹੋ-ਬਠਿੰਡਾ ਪੁਲੀਸ ਸੌਂ ਰਹੀ ਹੈ
ਅਸ਼ੋਕ ਵਰਮਾ
ਬਠਿੰਡਾ,2ਫਰਵਰੀ2025:ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਆਉਂਦਾ ਕਸਬਾ ਭਗਤਾ ਭਾਈ ਹੁਣ ਚੋਰਾਂ ਅਤੇ ਲੁਟੇਰਿਆਂ ਦੀ ਮਾਰ ਹੇਠ ਆ ਗਿਆ ਹੈ। ਇਸ ਸ਼ਹਿਰ ’ਚ ਆਏ ਦਿਨ ਚੋਰੀਆਂ ਆਮ ਜਿਹੀ ਗੱਲ ਬਣ ਗਈ ਹੈ। ਲੋਕ ਆਖਦੇ ਹਨ ਕਿ ਸ਼ਹਿਰ ਵਿੱਚ ਤਾਂ ਆਮ ਆਦਮੀ ਦੀ ਜਾਨ ਮਾਲ ਦਾ ਤਾਂ ਰੱਬ ਹੀ ਰਾਖਾ ਹੈ। ਔਰਤਾਂ ਨੂੰ ਝਪਟਮਾਰਾਂ ਦਾ ਕਹਿਰ ਝੱਲਣਾ ਪੈ ਰਿਹਾ ਹੈ ਅਤੇ ਇਕੱਲੇ ਸੜਕ ’ਤੇ ਤੁਰਨਾ ਮੁਹਾਲ ਹੋ ਗਿਆ ਹੈ ਕਿਉਂਕਿ ਪਰਸ ਖੋਹਣ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਪੁਲਿਸ ਕੋਲ ਲੁਟੇਰੇ ਫੜ੍ਹਨ ਦਾ ਸਮਾਂ ਨਹੀਂ ਹੈ। ਇੰਜ ਜਾਪਦਾ ਹੈ ਕਿ ਭਗਤਾ ਅਪਰਾਧੀਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਪਿਛਲੇ ਦਿਨਾਂ ਦੌਰਾਨ ਹੋਈਆਂ ਲੁੱਟਾਂ ਖੋਹਾਂ ਅਤੇ ਹੋਰ ਵਾਰਦਾਤਾਂ ਨੇ ਸਰਕਾਰ ਦੇ ‘ਸਭ ਅੱਛਾ ਹੈ’ ਤੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਫੂਕ ਕੱਢ ਦਿੱਤੀ ਹੈ। ਤਾਜਾ ਮਾਮਲਾ ਭਗਤਾ ਭਾਈ ਬਾਜਾਖਾਨਾ ਸੜਕ ਤੇ ਸਥਿਤ ਐਕਸਿਸ ਬੈਂਕ ਦਾ ਜਿੱਥੇ ਲੁਟੇਰਿਆਂ ਨੇ ਬੱੈਂਕ ਅੰਦਰ ਦਾਖਲ ਹੋਕੇ ਸਮਾਨ ਦੀ ਭੰਨ ਤੋੜ ਕੀਤੀ ਹੈ। ਥਾਣਾ ਦਿਆਲਪੁਰਾ ਭਾਈ ਪੁਲਿਸ ਨੇ ਬੈਂਕ ਦੇ ਸਹਾਇਕ ਮੈਨੇਜਰ ਹਰਪ੍ਰੀਤ ਸਿੰਘ ਵੱਲੋਂ ਦਿੱਤੀ ਸ਼ਕਾਇਤ ਦੇ ਅਧਾਰ ਤੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਵੱਲੋਂ ਦਰਜ ਐਫਆਈਆਰ ਅਨੁਸਾਰ 31 ਜਨਵਰੀ ਦੀ ਰਾਤ ਨੂੰ ਦੋ ਅਣਪਛਾਤੇ ਵਿਅਕਤੀ ਬੈਂਕ ਅੰਦਰ ਦਾਖਲ ਹੋਏ ਅਤੇ ਸੀਸੀਟੀਵੀ ਕੈਮਰਿਆਂ ਵਾਲੀ ਐਲਈਡੀ ਭੰਨ ਦਿੱਤੀ। ਬੈਂਕ ਦੇ ਦਰਾਜ ਦਾ ਰੈਕ ਗਾਇਬ ਹੈ ਅਤੇ ਖਜਾਨਚੀ ਦੇ ਕਾਊਂਟਰ ਕੋਲ ਪਿਆ ਪ੍ਰਿੰਟਰ ਉੱਪਰੋਂ ਤੋੜਿਆ ਗਿਆ ਹੈ। ਲੁੱਟ ਦੇ ਇਰਾਦੇ ਨਾਲ ਆਏ ਲੁਟੇਰਿਆਂ ਨੂੰ ਹੂਟਰ ਵੱਜਣ ਕਰਕੇ ਭੱਜਣਾ ਪਿਆ। ਰਾਹਤ ਦੀ ਗੱਲ ਇਹੋ ਰਹੀ ਕਿ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ। ਪੁਲਿਸ ਨੇ ਮੌਕੇ ਤੇ ਸਥਿਤੀ ਦਾ ਜਾਇਜਾ ਲਿਆ ਅਤੇ ਲੁਟੇਰਾ ਪਾਰਟੀ ਨੂੰ ਜਲਦੀ ਹੀ ਦਬੋਚਣ ਦੀ ਗੱਲ ਆਖੀ ਜਾ ਰਹੀ ਹੈ। ਬੈਂਕ ਵਰਗੇ ਸੁਰੱਖਿਅਤ ਅਦਾਰੇ ’ਚ ਇਸ ਤਰਾਂ ਦਲੇਰਾਨਾ ਢੰਗ ਨਾਲ ਭੰਨਤੋੜ ਕਾਰਨ ਸ਼ਹਿਰ ਵਿੱਚ ਦਹਿਸ਼ਤ ਦਾ ਮਹੌਲ ਹੈ। ਚੋਰਾਂ ਨੇ ਤਾਂ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਿਆ ਹੈ। ਲੋਕਾਂ ਦੇ ਜ਼ਿਹਨ ’ਚ ਤਾਂ ਸ਼ਹਿਰ ਦੀ ਗਊਸ਼ਾਲਾ ’ਚ ਕਈ ਵਾਰ ਚੋਰੀ ਹੋਣ ਦਾ ਮਾਮਲਾ ਅਜੇ ਗਿਆ ਨਹੀਂ ਸੀ ਕਿ ਹੁਣ ਬਾਜਾਖਾਨਾ ਰੋਡ ਉਪਰ ਸਥਿਤ ਸ੍ਰੀ ਇੱਛਾ ਪੂਰਨ ਬਾਲਾ ਜੀ ਹਨੂੰਮਾਨ ਮੰਦਰ ਵਿਖੇ ਤਿੰਨ ਚਾਰ ਲੱਖ ਰੁਪਏ ਨਕਦੀ ਤੋਂ ਇਲਾਵਾ ਸੋਨਾ ਚੋਰੀ ਹੋਣ ਦੀ ਗੱਲ ਸਾਹਮਣੇ ਆਈ ਹੈ। ਮੁੱਖ ਪੁਜਾਰੀ ਭਗਵਾਨ ਕੌਸ਼ਿਕ ਅਨੁਸਾਰ ਇਹ ਵਾਰਦਾਤ ਰਾਤ ਵਕਤ ਦੀ ਹੈ ਜਦੋਂ ਉਹ ਮੰਦਿਰ ਉਪਰ ਬਣੀ ਰਿਹਾਇਸ਼ ਵਿੱਚ ਪ੍ਰੀਵਾਰ ਸਮੇਤ ਸੁੱਤੇ ਪਏ ਸਨ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਲੰਗਰ ਹਾਲ ਦਾ ਜਿੰਦਰਾ ਤੋੜਕੇ ਕਮਰੇ ਵਿਚ ਪਈ ਅਲਮਾਰੀ ਨੂੰ ਬਾਹਰ ਕੱਢ ਲਿਆ ਅਤੇ ਭੰਨ ਤੋੜ ਕਰਕੇ ਅਲਮਾਰੀ ਵਿੱਚ ਰੱਖੀ ਨਕਦੀ ਤੇ ਸੋਨਾ ਚੋਰੀ ਕਰ ਲਿਆ । ਪੁਲਿਸ ਨੇ ਮੰਦਰ ਦੇ ਸੇਵਾਦਾਰਾਂ ਤੇ ਪੇਂਟਰਾਂ ਤੋਂ ਪੁੱਛਗਿਛ ਕੀਤੀ ਹੈ। ਭਗਤਾ ਭਾਈ ਦੀ ਪੱਤੀ ਸੇਲਬਰਾਹ ’ਚ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਲਾਗੇ ਇੱਕ ਘਰ ’ਤੇ ਕੱੁਝ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ। ਪੀੜਤ ਹਰਦੀਪ ਸਿੰਘ ਨੇ ਦੱਸਿਆ ਕਿ ਲੰਘੀ 27 ਜਨਵਰੀ ਦੀ ਅੱਧੀ ਰਾਤ ਨੂੰ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਦੇ ਘਰ ਦੇ ਲੋਹੇ ਦੇ ਗੇਟ ਦੀ ਕਾਫੀ ਭੰਨ ਤੋੜ ਕੀਤੀ ਹੈ। ਪੀੜ੍ਹਤ ਅਨੁਸਾਰ ਇਸ ਮੌਕੇ ਹਮਲਾਵਰਾਂ ਨੇ ਹਵਾਈ ਫਾਇਰ ਵੀ ਕੀਤੇ ਅਤੇ ਲਲਕਾਰੇ ਮਾਰਦੇ ਹੋਏ ਧਮਕੀਆਂ ਵੀ ਦਿੱਤੀਆਂ ਹਨ ਜਿਸ ਸਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਭਗਤਾ ਭਾਈ ਦੀ ਬਰਨਾਲਾ ਰੋਡ ’ਤੇ ਇੱਕ ਨਿੱਜੀ ਹਸਪਤਾਲ ਚੋਂ ਦਵਾਈ ਲੈਣ ਆਏ ਇੱਕ ਵਿਅਕਤੀ ਦਾ ਦਿਨ ਦਿਹਾੜੇ ਮੋਟਰ ਸਾਈਕਲ ਚੋਰੀ ਹੋਇਆ ਹੈ। ਬਲਵਿੰਦਰ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਜੰਗੀਆਣਾ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਭਗਤਾ ਭਾਈ ਗੁੰਮਟੀ ਲਿੰਕ ਸੜਕ ਤੇ ਧੁੰਦ ਦਾ ਲਾਹਾ ਲੈਂਦਿਆਂ ਅਣਪਛਾਤੇ ਵਿਅਕਤੀਆਂ ਨੇ ਪਿੰਡ ਥਰਾਜ ਦੇ ਇਕ ਰਾਹਗੀਰ ਨੌਜਵਾਨ ਤੋਂ ਮੋਬਾਇਲ ਫੋਨ ਅਤੇ ਨਕਦੀ ਖੋਹੀ ਗਈ ਹੈ। ਸ਼ਹਿਰ ਵਿੱਚ ਇੱਕ ਘਰ ਚੋਂ ਰਾਤ ਵਕਤ ਡਰਿੱਲਾਂ ਤੇ ਕਟਰ ਵਗੈਰਾ ਚੋਰੀ ਹੋਏ ਹਨ। ਭਾਈ ਬਹਿਲੋ ਰੋਡ ਤੇ ਨਕਾਬਪੋਸ਼ਾਂ ਵੱਲੋਂ ਕਾਜੂ ਬਦਾਮ ਲੈਣ ਬਹਾਨੇ ਲੁੱਟਣ ਦੀ ਕੋਸ਼ਿਸ਼ ਦੁਕਾਨਦਾਰਾਂ ਦੇ ਆਪਸੀ ਸਹਿਯੋਗ ਨਾਲ ਨਕਾਮ ਬਣਾ ਦਿੱਤੀ ਗਈ। ਇੱਕ ਔਰਤ ਦਾ ਪਰਸ ਖੋਹਣ ਵਾਲੇ ਦੀ ਛਿੱਤਰ ਪਰੇਡ ਕਰਕੇ ਪੁਲਿਸ ਹਵਾਲੇ ਕੀਤਾ ਅਤੇ ਪਰਸ ਵਾਪਿਸ ਕਰਵਾਇਆ । ਪੁਲਿਸ ਕਾਰਵਾਈ ’ਚ ਜੁਟੀ:ਐਸਐਚਓ ਥਾਣਾ ਦਿਆਲਪੁਰਾ ਭਾਈ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਹਰਬੰਸ ਸਿੰਘ ਦਾ ਕਹਿਣਾ ਸੀ ਕਿ ਸਮੂਹ ਮਾਮਲੇ ਪੜਤਾਲ ਅਧੀਨ ਹਨ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਉਨ੍ਹਾਂ ਕਿਹਾ ਕਿ ਅਪਰਾਧੀਆਂ ਨੂੰ ਦਬੋਚਣ ਲਈ ਸੀਸੀਟੀਵੀ ਫੁੱਟੇਜ ਲਈ ਗਈ ਹੈ ਅਤੇ ਦੂਸਰੀਆਂ ਤਕਨੀਕਾਂ ਵੀ ਵਰਤੀਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਵੱਲੋਂ ਪੁਲਿਸ ਤੇ ਢਿੱਲਮੱਠ ਵਰਤਣ ਦੇ ਦੋਸ਼ਾਂ ਨੂੰ ਨਕਾਰਿਆ ਹੈ। ਪੁਲਿਸ ਪੂਰੀ ਤਰਾਂ ਮੁਸਤੈਦ:ਐਸਐਸਪੀ ਸੀਨੀਅਰ ਪੁਲਿਸ ਕਪਤਾਨ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਪੁਲਿਸ ਪੂਰੀ ਤਰਾਂ ਮੁਸਤੈਦੀ ਨਾਲ ਵਾਰਦਾਤਾਂ ਨੂੰ ਹੱਲ ਕਰਨ ’ਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਕਰੜੀ ਕਰਨ ਦੇ ਮਕਸਦ ਨਾਲ ਭਗਤਾ ਭਾਈ ’ਚ ਪੀਸੀਆਰ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਥਾਣਾ ਦਿਆਲਪੁਰਾ ਭਾਈ ’ਚ ਨਫਰੀ ਵਧਾਉਣ ਦੀ ਵੀ ਯੋਜਨਾ ਹੈ।
Total Responses : 1762