ਪੰਜਾਬ ਦੇ ਸੀਨੀਅਰ ਆਈ ਏ ਐਸ ਅਧਿਕਾਰੀ ਦੀ ਸੇਵਾ ਮੁਕਤੀ ਦੀ ਅਰਜ਼ੀ ਕੇਂਦਰ ਨੇ ਕੀਤੀ ਮਨਜ਼ੂਰ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 21 ਜਨਵਰੀ, 2025: ਪੰਜਾਬ ਦੇ 1993 ਬੈਚ ਦੇ ਸੀਨੀਅਰ ਆਈ ਏ ਐਸ ਅਧਿਕਾਰੀ ਕੇ ਸਿਵਾ ਪ੍ਰਸਾਦ ਦੀ ਅਗਾਊਂ ਸੇਵਾ ਮੁਕਤੀ (ਵੀ ਆਰ ਐਸ) ਦੀ ਅਰਜ਼ੀ ਕੇਂਦਰ ਸਰਕਾਰ ਨੇ ਮਨਜ਼ੂਰ ਕਰ ਲਈ ਹੈ। ਉਹ ਇਸ ਵੇਲੇ ਐਡੀਸ਼ਨਲ ਚੀਫ ਸੈਕਟਰੀ ਵਜੋਂ ਪੰਜਾਬ ਦੇ ਰਾਜਪਾਲ ਨਾਲ ਤਾਇਨਾਤ ਹਨ।
ਕੇ ਸਿਵਾ ਪ੍ਰਸਾਦ ਨੇ 2030 ਵਿਚ ਸੇਵਾ ਮੁਕਤ ਹੋਣਾ ਸੀ ਤੇ ਹੁਣ 28 ਫਰਵਰੀ ਨੂੰ ਸੇਵਾ ਵਿਚ ਉਹਨਾਂ ਦਾ ਆਖ਼ਰੀ ਦਿਨ ਹੋਵੇਗਾ।
ਉਹਨਾਂ ਨੇ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਵੀ ਆਰ ਐਸ ਲਈ ਅਪਲਾਈ ਕੀਤਾ ਸੀ ਪਰ ਬਾਅਦ ਵਿਚ ਅਰਜ਼ੀ ਵਾਪਸ ਲੈ ਲਈ ਸੀ।
ਇਸ ਵਾਰ ਇਹਨਾਂ ਨੇ ਦਸੰਬਰ 2024 ਵਿਚ ਅਪਲਾਈ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਅਰਜ਼ੀ ਵਾਪਸ ਲੈਣ ਲਈ ਮਨਾਉਣ ਦਾ ਯਤਨ ਕੀਤਾ ਪਰ ਉਹ ਅਡਿੱਗ ਰਹੇ ਤੇ ਅਖੀਰ ਹੁਣ ਕੇਂਦਰ ਸਰਕਾਰ ਨੇ ਵੀ ਆਰ ਐਸ ਅਰਜ਼ੀ ਮਨਜ਼ੂਰ ਕਰ ਕੇ ਇਸ ਬਾਰੇ ਈ ਮੇਲ ਰਾਹੀਂ ਪੰਜਾਬ ਸਰਕਾਰ ਤੇ ਪ੍ਰਸਾਦ ਨੂੰ ਦੇ ਦਿੱਤੀ ਹੈ। ਪ੍ਰਸਾਦ ਲੋਕ ਸਭਾ ਦੇ ਸਾਬਕਾ ਸਪੀਕਰ ਜੀ ਐਮ ਸੀ ਬਾਲਾਯੋਗੀ ਦੇ ਰਿਸ਼ਤੇਦਾਰ ਵੀ ਹਨ। ਉਹਨਾਂ ਵੱਲੋਂ ਕਿਸੇ ਐਨ ਜੀ ਓ ਦੇ ਨਾਲ ਜੁੜਨ ਦੀ ਸੰਭਾਵਨਾ ਹੈ।
ਪ੍ਰਸਾਦ ਆਪਣੀਆਂ ਸਾਹਿਤਕ ਰੁਚੀਆਂ ਲਈ ਵੀ ਜਾਣੇ ਜਾਂਦੇ ਹਨ। ਉਹਨਾਂ ਨੇ ਆਧੁਨਿਕ ਜੀਵਨ ਵਿਚ ਭਗਵਤ ਗੀਤਾ ਦੇ ਅਸਰ ਨੂੰ ਲੈ ਕੇ ਇਕ ਪੁਸਤਕ ਵੀ ਲਿਖੀ ਹੈ।