ਵਾਤਾਵਰਨ ਬਚਾਓ ਮੁਹਿੰਮ ਤਹਿਤ ਖੇਤਰੀ ਖੋਜ ਕੇਂਦਰ ਬਠਿੰਡਾ ਨੇ ਵਣ ਮਹਾਂਉਤਸਵ ਮਨਾਇਆ
ਅਸ਼ੋਕ ਵਰਮਾ
ਬਠਿੰਡਾ, 8 ਅਗਸਤ 2025 :ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਅਤੇ ਇੰਸਟੀਚਿਊਟ ਆਫ ਐਗਰੀਕਲਚਰ ਬਠਿੰਡਾ ਵੱਲੋਂ ਅੱਜ ਖੇਤਰੀ ਖੋਜ ਕੈਂਪਸ ਵਿਖੇ ਵਣਮਹਾਂਉਤਸਵ ਮਨਾਇਆ ਗਿਆ ਜਿਸ ਵਿੱਚ ਖੇਤਰੀ ਖੋਜ ਕੇਂਦਰ ਅਤੇ ਇੰਸਟੀਚਿਊਟ ਆਫ ਐਗਰੀਕਲਚਰ ਬਠਿੰਡਾ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੌਕੇ ਡਾ ਕਰਮਜੀਤ ਸਿੰਘ ਸੇਖੋਂ ਡਾਇਰੈਕਟਰ, ਖੇਤਰੀ ਖੋਜ ਕੇਂਦਰ ਬਠਿੰਡਾ, ਡਾ ਅਵਤਾਰ ਸਿੰਘ ਅਸੋਸੀਏਟ ਡੀਨ, ਇੰਸਟੀਚਿਊਟ ਆਫ ਐਗਰੀਕਲਚਰ ਬਠਿੰਡਾ ਅਤੇ ਡਾ ਗੁਰਜਿੰਦਰ ਸਿੰਘ ਰੋਮਾਣਾ ਪ੍ਰਮੁੱਖ ਖੇਤੀ ਅਰਥ ਸ਼ਾਸਤਰੀ ਨੇ ਵਿਦਿਆਰਥੀਆਂ ਨੂੰ ਰੁੱਖਾਂ ਦੀ ਮਹੱਤਤਾ, ਉਹਨਾਂ ਦੀ ਮਨੁੱਖਤਾ ਨੂੰ ਲੋੜ, ਅਤੇ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਕੁਦਰਤ ਦੀ ਸੰਭਾਲ ਬਾਰੇ ਵਿਸਥਾਰ ਵਿੱਚ ਵਿਦਿਆਰਥੀਆਂ ਨਾਲ ਸਾਂਝ ਪਾਈ।
ਉਹਨਾਂ ਵਿਦਿਆਰਥੀਆਂ ਨੂੰ ਆਪਣੇ ਘਰਾਂ, ਖੇਤਾਂ, ਵਿਦਿਅਕ ਅਦਾਰਿਆਂ ਆਦਿ ਵਿੱਚ ਵੱਧ ਤੋਂ ਵੱਧ ਦਰੱਖਤ ਲਾਉਣ ਅਤੇ ਲਾਕੇ ਉਹਨਾਂ ਨੂੰ ਬਚਾਉਣ ਦਾ ਪ੍ਰਣ ਕਰਨ ਲਈ ਕਿਹਾ। ਉਹਨਾ ਕਿਹਾ ਕਿ ਆਓ ਅਸੀਂ ਰਲਕੇ ਸਾਰੇ ਜਾਣੇ ਇੱਕ-ਇੱਕ ਦਰੱਖਤ ਲਗਾਕੇ ਉਸ ਨੂੰ ਗੋਦ ਲਈਏ ਅਤੇ ਜੁਆਨ ਹੋਣ ਤੱਕ ਸੰਭਾਲੀਏ।ਵਿਦਿਆਰਥੀਆਂ ਨੇ ਵੀ ਰੱਖਾਂ ਦੀ ਸੰਭਾਲ ਅਤੇ ਇਹਨਾਂ ਦਾ ਸਾਡੇ ਜੀਵਨ ਵਿੱਚ ਕੀ ਮਾਇਨਾ ਹੈ, ਬਾਰੇ ਆਪਣੇ ਵਿਚਾਰ ਰੱਖੇ।
ਇਸ ਤੋਂ ਬਾਅਦ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਨੇ ਕੈਂਪਸ ਵਿੱਚ ਵੱਖ-ਵੱਖ ਤਰ੍ਹਾਂ ਦੇ ਛਾਂਅਦਾਰ ਅਤੇ ਖੁਬਸੂਰਤ ਫੁੱਲਾਂ ਵਾਲੇ ਬੂਟੇ ਲਗਾਏ।ਇਸ ਸਾਰੇ ਸਮਾਗਮ ਨੂੰ ਡਾ ਸੁਖਦੀਪ ਕੌਰ, ਡਾ ਨਵਜੋਤ ਗੁਪਤਾ ਅਤੇ ਡਾ ਚੇਤਕ ਬਿਸ਼ਨੋਈ ਨੇ ਉਚੇਚੇ ਤੌਰ ਤੇ ਸਹਿਯੋਗ ਦੇ ਕੇ ਕਾਮਯਾਬ ਕੀਤਾ।ਅੰਤ ਵਿੱਚ ਡਾ ਕਰਮਜੀਤ ਸਿੰਘ ਸੇਖੋਂ ਡਾਇਰੈਕਟਰ, ਖੇਤਰੀ ਖੋਜ ਕੇਂਦਰ ਬਠਿੰਡਾ ਨੇ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਦਾ ਇਸ ਨੇਕ ਕਾਰਜ ਵਿੱਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ ।