ਰਸਤੇ 'ਚ ਮਿਲਿਆ ਡਿੱਗਿਆ ਮੋਬਾਇਲ, ਮਾਲਿਕ ਨੂੰ ਵਾਪਸ ਕੀਤਾ
ਅਸ਼ੋਕ ਵਰਮਾ
ਰਾਮਪੁਰਾ ਫੂਲ , 9 ਅਗਸਤ 2025: ਸਥਾਨਕ ਬੱਸ ਸਟੈਂਡ ਦੇ ਨਜ਼ਦੀਕ ਦੁਕਾਨ ਚਲਾ ਰਹੇ ਸੁਰਿੰਦਰ ਸਿੰਘ ਉਰਫ਼ ਨਿੱਕਾ ਨੂੰ ਅੱਜ ਪਿੰਡ ਲਹਿਰਾ ਧੂਰਕੋਟ ਕੋਲ ਸੜਕ ਦੇ ਕਿਨਾਰੇ ਇੱਕ ਡਿੱਗਿਆ ਹੋਇਆ ਮੋਬਾਇਲ ਮਿਲਿਆ। ਜਿਸ ਨੂੰ ਤਸਦੀਕ ਕਰਨ ਉਪਰੰਤ ਉਕਤ ਮੋਬਾਇਲ ਉਸ ਦੇ ਅਸਲ ਮਾਲਿਕ ਨੂੰ ਵਾਪਿਸ ਕਰ ਦਿੱਤਾ। ਸੁਰਿੰਦਰ ਨਿੱਕਾ ਨੇ ਦੱਸਿਆ ਕਿ ਅੱਜ ਸਵੇਰ ਉਹ ਆਪਣੀ ਬੇਟੀ ਨੂੰ ਲਹਿਰਾ ਮੁਹੱਬਤ ਸਥਿਤ ਕਾਲਜ ਵਿੱਚ ਛੱਡਣ ਉਪਰੰਤ ਵਾਪਸ ਆ ਰਿਹਾ ਸੀ ਕਿ ਪਿੰਡ ਲਹਿਰਾ ਧੂਰਕੋਟ ਦੇ ਨਜ਼ਦੀਕ ਸੜਕ ਕਿਨਾਰੇ ਇੱਕ ਮੋਬਾਇਲ ਡਿੱਗਿਆ ਹੋਇਆ ਨਜਰ ਆਇਆ। ਜਿਸ ਨੂੰ ਚੁੱਕ ਕੇ ਉਹ ਆਪਣੀ ਦੁਕਾਨ ਤੇ ਆ ਗਿਆ। ਇਸ ਦੌਰਾਨ ਹੀ ਮੋਬਾਇਲ ਮਾਲਿਕ, ਬਿਕਰਮਜੀਤ ਸਿੰਘ ਪੁੱਤਰ ਧਰਮਪਾਲ ਸਿੰਘ ਵਾਸੀ ਭੁੱਚੋ ਮੰਡੀ ਜੋ ਕਿ ਪਸ਼ੂ ਡਿਸਪੈਂਸਰੀ ਲਹਿਰਾ ਧੂਰਕੋਟ ਵਿਖੇ ਡਿਊਟੀ ਨਿਭਾਅ ਰਿਹਾ ਹੈ, ਦਾ ਫੋਨ ਆਇਆ। ਜਿਸ ਵੱਲੋਂ ਦੱਸੀਆਂ ਗਈਆਂ ਨਿਸ਼ਾਨੀਆਂ ਦੇ ਅਧਾਰ 'ਤੇ ਉਸ ਨੂੰ ਦੁਕਾਨ ਤੇ ਬੁਲਾ ਕੇ ਮੋਬਾਇਲ ਵਾਪਿਸ ਕਰ ਦਿੱਤਾ ਗਿਆ। ਮੋਬਾਇਲ ਮਾਲਿਕ ਬਿਕਰਮਜੀਤ ਸਿੰਘ ਨੇ ਸੁਰਿੰਦਰ ਸਿੰਘ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕੀਤਾ।