← ਪਿਛੇ ਪਰਤੋ
ਅਧਿਆਪਕਾ ਵੀਰਪਾਲ ਕੌਰ ਨਜ਼ਰਬੰਦੀ ਮਾਮਲਾ: ਬਠਿੰਡਾ ਪੁਲਿਸ ਵੱਲੋਂ ਮੁਲਾਜਮਾਂ ਖਿਲਾਫ ਵਿਭਾਗੀ ਜਾਂਚ ਸ਼ੁਰੂ
ਅਸ਼ੋਕ ਵਰਮਾ ਬਠਿੰਡਾ,7ਅਗਸਤ 2025: ਲੰਘੀ 4 ਅਗਸਤ ਨੂੰ ਸ਼ਹੀਦ ਕਿਰਨਜੀਤ ਕੌਰ ਐਸੋਸੀਏਟ ਪ੍ਰੀ-ਪ੍ਰਾਇਮਰੀ ਅਧਿਆਪਕ ਯੂਨੀਅਨ ਦੀ ਸੂਬਾ ਪ੍ਰਧਾਨ ਵੀਰਪਾਲ ਕੌਰ ਸਿਧਾਣਾ ਨੂੰ ਬਠਿੰਡਾ ਪੁਲਿਸ ਦੇ ਕੁੱਝ ਮੁਲਾਜ਼ਮਾਂ ਵਲੋਂ ਦਿਨ ਭਰ ਸਕੂਲ ਦੇ ਕਲਾਸ-ਰੂਮ ’ਚ ਨਜ਼ਰਬੰਦ ਰੱਖਣ ਦੇ ਮਾਮਲੇ ਦੀ ਜਿਲ੍ਹਾ ਪੁਲਿਸ ਨੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਲ੍ਹਾ ਪੁਲਿਸ ਮੁਖੀ ਨੇ ਪੁਲਿਸ ਮੁਲਾਜਮਾਂ ਕਾਰਨ ਸਕੂਲ ਦਾ ਵਿੱਦਿਅਕ ਮਹੌਲ ਖਰਾਬ ਹੋਣ ਦਾ ਤਿੱਖਾ ਨੋਟਿਸ ਲਿਆ ਹੈ। ਜਿਸ ਦਿਨ ਵੀਰਪਾਲ ਕੌਰ ਨੂੰ ਨਜ਼ਰਬੰਦ ਕੀਤਾ ਸੀ ਤਾਂ ਅਧਿਆਪਕਾਂ ਦਾ ਇੱਕ ਵਫਦ ਜਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੂੰ ਮਿਲਿਆ ਸੀ ਅਤੇ ਇਸ ਕਾਰਵਾਈ ਦਾ ਤਿੱਖਾ ਵਿਰੋਧ ਜਤਾਇਆ ਸੀ। ਐਸਐਸਪੀ ਨੇ ਅਧਿਆਪਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਸਬੰਧਤ ਪੁਲਿਸ ਮੁਲਾਜਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ। ਸੀਨੀਅਰ ਕਪਤਾਨ ਪੁਲਿਸ ਅਮਨੀਤ ਕੌਂਡਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ’ਚ ਆਇਆ ਹੈ ਕਿ ਬੀਤੇ ਦਿਨ ਬਠਿੰਡਾ ਪੁਲਿਸ ਦੇ ਕੁੱਝ ਮੁਲਾਜ਼ਮ ਇੱਕ ਸਕੂਲ ਦੇ ਕਲਾਸ ਰੂਮ ’ਚ ਪੂਰਾ ਦਿਨ ਬੈਠੇ ਰਹੇ ਅਤੇ ਅਧਿਆਪਕਾ ਵੀਰਪਾਲ ਕੌਰ ਤੇ ਨਿਗਰਾਨੀ ਰੱਖੀ ਗਈ। ਉਨ੍ਹਾਂ ਕਿਹਾ ਕਿ ਆਪਣੀ ਡਿਊਟੀ ਕਰਨ ਦਾ ਤਰੀਕਾ ਪੂਰੀ ਤਰਾਂ ਗੈਰਵਾਜਬ ਸੀ ਜਿਸ ਕਰਕੇ ਜ਼ਿਲ੍ਹਾ ਪੁਲਿਸ ਦੀ ਕਾਰਗੁਜ਼ਾਰੀ ’ਤੇ ਉਂਗਲ ਉੱਠੀ ਹੈ। ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਕਲਾਸ-ਰੂਮ ’ਚ ਬੈਠਣ ਦਾ ਆਪਹੁਦਰਾ ਫੈਸਲਾ ਲੈਣ ਵਾਲੀਆਂ ਦੋ ਮਹਿਲਾ ਪੁਲਿਸ ਮੁਲਾਜ਼ਮਾਂ ਸਮੇਤ ਕੁੱਲ ਚਾਰ ਪੁਲਿਸ ਕਰਮਚਾਰੀਆਂ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਉਸ ਦੇ ਅਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਗੌਰਤਲਬ ਹੈ ਕਿ ਲੰਘੀ 4 ਅਗਸਤ ਨੂੰ ਮੁੱਖ ਮੰਤਰੀ ਦਾ ਲੁਧਿਆਣਾ ਜਿਲ੍ਹੇ ’ਚ ਸਮਾਗਮ ਰੱਖਿਆ ਗਿਆ ਸੀ। ਮੋਹਰੀ ਅਧਿਆਪਕ ਆਗੂ ਹੋਣ ਕਰਕੇ ਪੰਜਾਬ ਪੁਲਿਸ ਨੇ ਵੀਰਪਾਲ ਕੌਰ ਸਿਧਾਣਾ ਦੀ ਰਿਹਾਇਸ਼ ਤੇ ਦਬਿਸ਼ ਦਿੱਤੀ ਅਤੇ ਬਾਅਦ ’ਚ ਸਕੂਲ ’ਚ ਨਿਗਰਾਨੀ ਹੇਠ ਰੱਖਿਆ। ਇਸ ਮੌਕੇ ਵੀਰਪਾਲ ਕੌਰ ਨੂੰ ਇੱਕ ਤਰਾਂ ਨਾਲ ਬੰਦੀ ਬਣਾਕੇ ਦੋ ਮਹਿਲਾ ਤੇ ਦੋ ਪੁਰਸ਼ ਪੁਲਿਸ ਮੁਲਾਜਮ ਸਮਾਗਮਾਂ ਦੀ ਸਮਾਪਤੀ ਅਤੇ ਛੂੱਟੀ ਹੋਣ ਤੱਕ ਕਲਾਸ ਰੂਮ ਵਿੱਚ ਬੈਠੇ ਰਹੇ। ਇਸ ਦੌਰਾਨ ਨਾਂ ਕੇਵਲ ਸਕੂਲ ਦਾ ਵਿੱਦਿਅਕ ਮਹੌਲ ਪ੍ਰਭਾਵਿਤ ਹੋਇਆ ਬਲਕਿ ਬੱਚਿਆਂ ਵੀ ਪੁਲਿਸ ਨੂੰ ਦੇਖਕੇ ਸਹਿਮ ਬਣਿਆ ਰਿਹਾ। ਇਸ ਤੋਂ ਬਾਅਦ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਦੀ ਧੱਕੇਸ਼ਾਹੀ ਨੂੰ ਨਿਖੇਧੀਯੋਗ ਕਰਾਰ ਦਿੰਦਿਆਂ ਸਬੰਧਿਤ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਡੀ. ਟੀ. ਐੱਫ ਦਾ ਤਿੱਖਾ ਪ੍ਰਤੀਕਰਮ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਰੇਸ਼ਮ ਸਿੰਘ ਜੰਡਵਾਲਾ ਅਤੇ ਬਲਜਿੰਦਰ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਪੁਲਿਸ ਭੇਜਕੇ ਅਧਿਆਪਕਾਂ ’ਚ ਪੈਦਾ ਕੀਤਾ ਜਾ ਰਿਹਾ ਦਹਿਸ਼ਤ ਭਰਿਆ ਮਹੌਲ ਬਰਦਾਸ਼ਤ ਨਹੀਂ ਕੀਤਾ ਜਾਵੇਗ। ਉਨ੍ਹਾਂ ਅਧਿਆਪਕ ਆਗੂ ਨੂੰ ਕਲਾਸ-ਰੂਮ ’ਚ ਗੈਰ-ਕਾਨੂੰਨੀ ਤਰੀਕੇ ਨਾਲ ਨਜ਼ਰਬੰਦ ਰੱਖ ਕੇ ਸਕੂਲ ਦਾ ਵਿੱਦਿਅਕ ਮਾਹੌਲ ਖ਼ਰਾਬ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸ਼ਨ ਨੇ ਬਣਦੀ ਕਾਰਵਾਈ ਨਾਂ ਕੀਤੀ ਤਾਂ ਸੰਘਰਸ਼ ਵਿੱਢਿਆ ਜਾਏਗਾ।
Total Responses : 7180