ਜ਼ਿਲ੍ਹਾ ਪੱਧਰੀ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ 19 ਅਗਸਤ ਨੂੰ
ਰੋਹਿਤ ਗੁਪਤਾ
ਗੁਰਦਾਸਪੁਰ, 08 ਅਗਸਤ 2025 - ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਪੱਧਰ 'ਤੇ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ (ਲੇਖ ਰਚਨਾ, ਕਹਾਣੀ, ਕਵਿਤਾ ਰਚਨਾ ਅਤੇ ਕਵਿਤਾ ਗਾਇਨ) ਮੁਕਾਬਲੇ ਸਾਲ 2025-26 ਦੌਰਾਨ ਕਰਵਾਏ ਜਾ ਰਹੇ ਹਨ। ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਗੁਰਦਾਸਪੁਰ ਵੱਲੋਂ ਇਹ ਮੁਕਾਬਲੇ ਮਿਤੀ 19 ਅਗਸਤ 2025 ਦਿਨ ਮੰਗਲਵਾਰ ਨੂੰ ਸਵੇਰੇ 9:30 ਵਜੇ ਸ੍ਰੀਮਤੀ ਧੰਨ ਦੇਵੀ ਡੀ.ਏ.ਵੀ. ਪਬਲਿਕ ਸੀਨੀਅਰ ਸਕੈਂਡਰੀ ਸਕੂਲ, ਨਜ਼ਦੀਕ ਹਨੂਮਾਨ ਚੌਂਕ, ਗੁਰਦਾਸਪੁਰ ਵਿਖੇ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਜੂਨੀਅਰ ਸਹਾਇਕ ਸ਼ਾਮ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਸਕੂਲਾਂ ਵੱਲੋਂ ਇਨ੍ਹਾਂ ਮੁਕਾਬਲਿਆਂ ਲਈ ਇੰਦਰਾਜ/ਐਂਟਰੀਆਂ ਭੇਜੀਆਂ ਗਈਆਂ ਹਨ ਉਹ ਆਪਣੇ ਸਕੂਲ ਦੇ ਵਿਦਿਆਰਥੀਆਂ ਦੀ ਮਿਤੀ 19 ਅਗਸਤ 2025 ਨੂੰ ਸਵੇਰੇ 9:30 ਵਜੇ ਸਮੇਤ ਪਹਿਚਾਣ ਪੱਤਰ ਆਪਣੀ ਹਾਜ਼ਰੀ ਪੇਸ਼ ਕਰਨੀ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਰਾਜ ਪੱਧਰ ਦੇ ਮੁਕਾਬਲਿਆਂ ਲਈ ਵੀ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ ਗੁਰਦਾਸਪੁਰ ਦੇ ਸੰਪਰਕ ਨੰਬਰ 9464041987 ਉੱਪਰ ਰਾਬਤਾ ਕੀਤਾ ਜਾ ਸਕਦਾ ਹੈ।