ਪਾਕਿ-ISI ਸਮਰਥਿਤ BKI ਵੱਲੋਂ ਰਚੀ ਗਈ ਅੱਤਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ ; ਤਰਨ ਤਾਰਨ ਤੋਂ IED ਬਰਾਮਦ
— ਕੰਟਰੋਲਡ ਡੈਟੋਨੇਸ਼ਨ ਲਈ ਸਾਵਧਾਨੀ ਨਾਲ ਸੁਰੱਖਿਅਤ ਥਾਂ ’ਤੇ ਲਿਜਾਇਆ ਗਿਆ ਆਈ.ਈ.ਡੀ. : ਡੀਜੀਪੀ ਗੌਰਵ ਯਾਦਵ
ਚੰਡੀਗੜ੍ਹ, 7 ਅਗਸਤ 2025 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਪਾਕਿਸਤਾਨ ਦੇ ਆਈ.ਐਸ.ਆਈ. ਸਮਰਥਿਤ ਸਰਹੱਦ ਪਾਰ ਦੇ ਅੱਤਵਾਦੀ ਨੈੱਟਵਰਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ, ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਪੰਜਾਬ ਨੇ ਪਾਕਿਸਤਾਨ ਸਥਿਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਹਰਵਿੰਦਰ ਰਿੰਦਾ ਅਤੇ ਅੱਤਵਾਦੀ ਲਖਬੀਰ ਲੰਡਾ ਵੱਲੋਂ ਰਚੀ ਗਈ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਏਜੀਟੀਐਫ ਦੀਆਂ ਟੀਮਾਂ ਨੂੰ ਪਾਕਿਸਤਾਨ ਤੋਂ ਭੇਜੀ ਗਈ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਦੀ ਖੇਪ ਬਾਰੇ ਭਰੋਸੇਯੋਗ ਸੂਤਰਾਂ ਤੋਂ ਖੁਫੀਆ ਇਤਲਾਹ ਮਿਲੀ ਸੀ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਏਜੀਟੀਐਫ ਨੇ ਤਰਨਤਾਰਨ ਪੁਲਿਸ ਨਾਲ ਤਾਲਮੇਲ ਕਰਕੇ ਜ਼ਿਲ੍ਹੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਅਤੇ ਤਰਨਤਾਰਨ ਦੇ ਨੌਸ਼ਹਿਰਾ ਪੰਨੂਆਂ ਖੇਤਰ ਤੋਂ ਇੱਕ ਆਈਈਡੀ ਬਰਾਮਦ ਕੀਤੀ । ਗੌਰਤਲਬ ਹੈ ਕਿ ਇਸ ਕਾਰਵਾਈ ਨੇ ਆਈ.ਈ.ਡੀ. ਨੂੰ ਰਿੰਦਾ ਅਤੇ ਲੰਡਾ ਦੇ ਸਥਾਨਕ ਸਾਥੀਆਂ,ਜੋ ਇਸ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਲਈ ਕਰ ਸਕਦੇ ਸਨ, ਤੱਕ ਪਹੁੰਚਣ ਤੋਂ ਰੋਕ ਦਿੱਤਾ ।
ਡੀਜੀਪੀ ਨੇ ਅੱਗੇ ਕਿਹਾ ਕਿ ਆਈਈਡੀ ਨੂੰ ਤੁਰੰਤ ਸੁਰੱਖਿਅਤ ਢੰਗ ਨਾਲ ਇੱਕ ਨਿਰਧਾਰਤ ਸਥਾਨ ’ਤੇ ਲਿਜਾਇਆ ਗਿਆ, ਜਿੱਥੇ ਇਸਨੂੰ ਵਿਸਫੋਟਕ ਆਰਡੀਨੈਂਸ ਡਿਸਪੋਜ਼ਲ ਟੀਮ ਦੁਆਰਾ ਕੰਟਰੋਲਡ ਡੈਟੋਨੇਸ਼ਨ ਤਹਿਤ ਸਫਲਤਾਪੂਰਵਕ ਬੇਅਸਰ ਕਰ ਦਿੱਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਫੌਰੀ ਅਤੇ ਸਰਗਰਮ ਕਾਰਵਾਈ ਨੇ ਇੱਕ ਵੱਡੀ ਵਾਰਦਾਤ ਨੂੰ ਟਾਲ ਦਿੱਤਾ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ।
ਹੋਰ ਵੇਰਵੇ ਸਾਂਝੇ ਕਰਦੇ ਹੋਏ, ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਏਜੀਟੀਐਫ ਪ੍ਰਮੋਦ ਬਾਨ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਰਾਮਦ ਆਈ.ਈ.ਡੀ. ਨੂੰ ਪਾਕਿਸਤਾਨੀ ਏਜੰਸੀਆਂ ਵੱਲੋਂ ਸਮਰਥਿਤ ਅੱਤਵਾਦੀ ਮਾਡਿਊਲਾਂ ਦੁਆਰਾ ਸਰਹੱਦੀ ਸੂਬੇ ਦੀ ਸ਼ਾਂਤੀ ਭੰਗ ਕਰਨ ਅਤੇ ਮਾਸੂਮਾਂ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਪੰਜਾਬ ਵਿੱਚ ਭੇਜਿਆ ਗਿਆ ਸੀ।
ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ,ਏਜੀਟੀਐਫ ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਤਰਨਤਾਰਨ ਦੇ ਪੁਲਿਸ ਥਾਣਾ ਸਿਰਹਾਲੀ ਵਿਖੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4 ਅਤੇ 5 ਅਤੇ ਬੀਐਨਐਸ ਦੀ ਧਾਰਾ 111 ਤਹਿਤ ਐਫਆਈਆਰ ਨੰਬਰ 106 ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਿੰਦਾ ਅਤੇ ਲੰਡਾ ਦੇ ਸਾਥੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਹੋਰ ਜਾਂਚ ਜਾਰੀ ਹੈ।