ਖੇਤੀਬਾੜੀ ਵਿਭਾਗ ਨੇ ਸਾਉਣੀ ਦੀਆਂ ਫਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਲਾਇਆ
ਅਸ਼ੋਕ ਵਰਮਾ
ਬਠਿੰਡਾ, 8 ਅਗਸਤ 2025 :ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਜਗਦੀਸ਼ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ.ਬਲਜਿੰਦਰ ਸਿੰਘ ਦੀ ਯੋਗ ਅਗਵਾਈ ਹੇਂਠ ਬਲਾਕ ਬਠਿੰਡਾ ਦੇ ਪਿੰਡ ਨਰੂਆਣਾ ਵਿਖੇ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾ. ਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਸਮ੍ਹੇਂ ਨਰਮੇਂ ਦੀ ਫ਼ਸਲ ਨੂੰ ਪੂਰੀ ਦੇਖਭਾਲ ਕਰਨ ਦੀ ਲੋੜ ਹੈ ਜਿਸ ਵਿੱਚ ਓਹਨਾਂ ਦੱਸਿਆ ਕਿ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕੀਤਾ ਜਾਵੇ ਅਤੇ ਜੇਕਰ ਕਿਸੇ ਵੀ ਕੀਟ ਦਾ ਹਮਲਾ ਆਰਥਿਕ ਕਗਾਰ ਤੋਂ ਉਪਰ ਜਾਂਦਾ ਹੈ ਤਾਂ ਖੇਤੀਬਾੜੀ ਮਾਹਿਰਾਂ ਅਨੁਸਾਰ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ।
ਕੈਂਪ ਵਿੱਚ ਸੀ.ਆਈ.ਪੀ.ਐਮ.ਸੀ ਜਲੰਧਰ ਤੋਂ ਵਿਸ਼ੇਸ਼ ਤੌਰ ਤੇ ਮਾਹਿਰਾਂ ਨੇ ਭਾਗ ਲਿਆ ਗਿਆ ਅਤੇ ਡਾ. ਚੰਦਰਭਾਨ ਜੀ ਵੱਲੋਂ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਦੇ ਕੀੜੇ-ਮਕੌੜਿਆਂ ਅਤੇ ਮਿੱਤਰ ਕੀੜਿਆਂ ਦੀ ਪਹਿਚਾਣ ਕਰਨ ਸਬੰਧੀ ਅਤੇ ਰੋਕਥਾਮ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਨਰਮੇ ਦੀ ਫ਼ਸਲ ਵਿੱਚ ਫਿਰੋਮੋਨ ਟ੍ਰੈਪ (ਗੁਲਾਬੀ ਸੁੰਡੀ ਲਈ), ਪੀਲੇ ਸਟਿਕੀ ਕਾਰਡ (ਚਿੱਟੇ ਮੱਛਰ ਲਈ) ਅਤੇ ਨੀਲੇ ਸਟਿਕੀ ਕਾਰਡ (ਭੂਰੀ ਜੂੰ ਲਈ) ਦੀ ਵਰਤੋਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਉਪਰੰਤ ਡਾ. ਅੰਕਿਤ ਚੌਧਰੀ ਨੇ ਬੀਜ ਸੋਧਣ ਪ੍ਰੀਕਿਰਿਆ ਅਤੇ ਆਉਣ ਵਾਲੇ ਦਿਨਾਂ ਵਿਚ ਮੌਸਮ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਿਉਂਤਬੰਦੀ ਬਣਾਉਣ ਸੰਬੰਧੀ ਜਾਣਕਾਰੀ ਸਾਂਝੀ ਕੀਤੀ l
ਕੈਂਪ ਉਪਰੰਤ ਹਾਜ਼ਿਰ ਕਿਸਾਨਾਂ ਅਤੇ ਨਾਲ ਲੱਗਦੇ ਪਿੰਡ ਜੋਧਪੁਰ ਰੋਮਾਣਾ, ਬੀੜ ਤਲਾਬ ਦੇ ਖੇਤਾਂ ਦਾ ਦੌਰਾ ਕੀਤਾ ਗਿਆ, ਜਿਸ ਵਿਚ ਮੌਕੇ ਤੇ ਕੀਟ ਸਰਵੇਖਣ ਕੀਤਾ ਅਤੇ ਗੁਲਾਬੀ ਸੁੰਡੀ ਦੇ ਨਰੀਖਣ ਕਰਨ ਲਈ ਫਿਰੋਮੋਨ ਟ੍ਰੈਪ ਅਤੇ ਪੀਲੇ ਅਤੇ ਨੀਲੇ ਰੰਗ ਦੇ ਸਟਿਕੀ ਕਾਰਡ ਵੀ ਲਗਾਏ ਗਏ। ਇਸ ਦੌਰਾਨ ਖੇਤੀਬਾੜੀ ਵਿਭਾਗ ਤੋਂ ਸ੍ਰੀ ਜਗਮੀਰ ਸਿੰਘ ਏ.ਟੀ.ਐਮ, ਬਠਿੰਡਾ ਵੱਲੋਂ ਆਏ ਹੋਏ ਕਿਸਾਨਾਂ ਦੀ ਹਾਜਰੀ ਲਗਾਈ ਗਈ ਅਤੇ ਸ੍ਰੀ ਸੁਰਿੰਦਰ ਸਿੰਘ ਵੱਲੋਂ ਲਿਟਰੇਚਰ ਦੀ ਵੰਡ ਕੀਤੀ ਗਈ ।