ਸ਼ਿਵ ਕੁਮਾਰ ਸਾਡਾ ਬੜਾ ਮਹਾਨ ਸ਼ਾਇਰ ਹੈ :ਡਾ ਅਮਰਜੀਤ ਟਾਂਡਾ
ਸਿਡਨੀ (ਆਸਟਰੇਲੀਆ), 9 ਅਗਸਤ 2025 : "ਸ਼ਿਵ ਕੁਮਾਰ ਸਾਡਾ ਬੜਾ ਮਹਾਨ ਸ਼ਾਇਰ ਹੈ ਜਿਹਨੇ ਪਹਿਲੀ ਵਾਰ ਪੰਜਾਬੀ ਲੋਕ ਸਾਹਿਤ ਲੋਕ ਧਾਰਾ ਦੇ ਨਾਲ ਰਲਦੀ ਮਿਲਦੀ ਗੱਲ ਕੀਤੀ" ਸ਼ਿਵ ਕੁਮਾਰ ਬਾਰੇ ਪਹਿਲੀ ਬ੍ਰਹਿਮੰਡੀ ਗੋਸ਼ਟੀ ਦੇ ਸ਼ੁਰੂ ਵਿੱਚ ਡਾ. ਜੋਗਿੰਦਰ ਸਿੰਘ ਕੈਰੋਂ ਨੇ ਇਹ ਗੱਲ ਕਹੀ।
ਡਾਕਟਰ ਅਮਰਜੀਤ ਟਾਂਡਾ, ਪ੍ਰਧਾਨ, "ਪੰਜਾਬੀ ਸਾਹਿਤ ਅਕਾਦਮੀ ਸਿਡਨੀ" ਤੇ ਪ੍ਰਧਾਨ "ਸਿਡਨੀ ਸਿੱਖ ਚਿੰਤਕ" ਨੇ ਪ੍ਰੈਸ ਨੂੰ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਪਹਿਲੀ ਵਾਰ "ਪੰਜਾਬੀ ਸਾਹਿਤ ਅਕਾਦਮੀ ਸਿਡਨੀ," (PSAS) ਆਸਟਰੇਲੀਆ ਨੇ ਸ਼ਿਵ ਕੁਮਾਰ ਬਾਰੇ ਪਹਿਲੀ ਬ੍ਰਹਿਮੰਡੀ ਗੋਸ਼ਟੀ ਤੇ ਗੀਤ ਗਜ਼ਲ ਗਾਇਨ ਦੀ ਸ਼ੁਰੂਆਤ ਸਿਡਨੀ ਦੇ 12 ਵਜੇ ਦੁਪਹਿਰ ਤੋਂ ਇਕ ਵਜੇ ਤੱਕ ਕੀਤੀ ।
ਜੋਗਿੰਦਰ ਕੈਰੋਂ ਅੱਜ ਕੱਲ ਅਮਰੀਕਾ ਦਾ ਪੀ.ਆਰ ਹੈ ਅਤੇ ਆਮ ਤੌਰ ਤੇ ਵਧੇਰੇ ਅਮਰੀਕਾ ਵਿਚ ਵਰਜੀਨੀਆਂ ਸਟੇਟ ਵਿਚ ਹੀ ਰਹਿੰਦਾ ਹੈ। ਉਸਨੇ 5 ਨਾਵਲ, 2 ਕਹਾਣੀ ਸੰਗ੍ਰਹਿ, 4 ਜੀਵਨੀਆਂ ਅਤੇ 7 ਲੋਕਧਾਰਾ ਦੇ ਖੇਤਰ ਨਾਲ ਸੰਬੰਧਿਤ ਪੁਸਤਕਾਂ ਦੀ ਰਚਨਾ ਕੀਤੀ ਹੈ। ਨਾਦ ਬਿੰਦ ਉਸਦਾ ਮਾਸਟਰ ਪੀਸ ਹੈ, ਡਾਕਟਰ ਟਾਂਡਾ ਨੇ ਕਿਹਾ।
"ਉਹਦੀਆਂ ਬਹੁਤ ਸਾਰੀਆਂ ਕਵਿਤਾਵਾਂ ਹਨ ਜਿਹੜੀਆਂ ਲੋਕ ਗੀਤਾਂ ਦਾ ਦਰਜਾ ਪ੍ਰਾਪਤ ਕਰ ਜਾਂਦੀਆਂ ਹਨ।
ਕੋਈ ਸ਼ਾਇਰੀ ਜਾਂ ਕਵਿਤਾ ਜਾਂ ਸਾਹਿਤ ਜੋਂ ਲੋਕ ਗੀਤ ਦਾ ਦਰਜਾ ਪ੍ਰਾਪਤ ਕਰ ਜਾਂਦਾ ਉਹ ਲੋਕਪ੍ਰੀਏ ਹੋ ਜਾਂਦਾ ਹੈ" ਡਾ. ਕੈਰੋਂ ਨੇ ਕਿਹਾ।
"ਤੇ ਫਿਰ ਉਹ ਮਹਾਨ ਬੰਦਾ ਲੋਕਾਂ ਦੀ ਸਿਮਰਤੀ ਯਾਦ ਵਿੱਚ ਬਹਿ ਜਾਂਦਾ ਹੈ ਤੇ ਪੀੜੀ ਦਰ ਪੀੜੀ ਚੱਲਦਾ ਰਹਿੰਦਾ ਹੈ ਉਹਨੂੰ ਕੋਈ ਖਤਮ ਨਹੀਂ ਕਰ ਸਕਦਾ" ਡਾ. ਕੈਰੋਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ।
ਡਾਕਟਰ ਟਾਂਡਾ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਸ਼ਿਵ ਦੀਆਂ ਮਸ਼ਹੂਰ ਗ਼ਜ਼ਲਾਂ ਗੀਤਾਂ ਬਾਰੇ ਪੁੱਛਿਆ ਤਾਂ ਡਾਕਟਰ ਕੈਰੋਂ ਨੇ ਕਿਹਾ ਕਿ ਸ਼ਿਵ ਦੀਆਂ ਸਾਰੀਆਂ ਗ਼ਜ਼ਲਾਂ ਗੀਤ ਨੰਬਰ ਵਨ ਹਨ।
ਪ੍ਰਸਿੱਧ ਪੰਜਾਬੀ ਤੇ ਉਰਦੂ ਦੇ ਲੇਖਕ ਗਾਇਕ ਸਰਦਾਰ ਸੁਰਜੀਤ ਸਿੰਘ ਭੁੱਲਰ ਜੀ ਨੇ ਡਾਲਾਜ ਅਮਰੀਕਾ ਤੋਂ ਗੋਸ਼ਟੀ ਵਿੱਚ ਸ਼ਿਰਕਤ ਕਰਦੇ ਹੋਏ ਸ਼ਿਵ ਦੇ ਇਸ਼ਕ ਪਿਆਰ ਦੀ ਚਰਚਾ ਛੇੜੀ। ਤੇ ਬਾਅਦ ਵਿਚ ਉਹਨਾਂ ਨੇ ਸ਼ਿਵ ਕੁਮਾਰ ਦੀ ਮਸ਼ਹੂਰ ਗਜ਼ਲ "ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਤੇ ਮੈਂ ਕੰਡਿਆਲੀ ਥੋਰ ਵੇ ਸੱਜਣਾ" ਗਾ ਕੇ ਸੁਣਾਏ, ਡਾ ਟਾਂਡਾ ਨੇ ਦਸਿਆ। ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਉਹਨੂੰ ਮਿਲ ਤਾਂ ਨਹੀਂ ਸਕਿਆ ਭਾਵੇਂ ਪਰ ਸ਼ਿਵ ਕੁਮਾਰ ਪੜ੍ਹਿਆ ਸਾਰਾ ਹੈ।"
ਬਾਅਦ ਵਿੱਚ ਫਿਰ ਡਾਕਟਰ ਕੈਰੋਂ ਨੇ ਸ਼ਿਵ ਕੁਮਾਰ ਦੇ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਜਦੋਂ ਉਹ ਪੰਜਾਬੀ ਯੂਨੀਵਰਸਿਟੀ ਆਇਆ ਸੀ ਸਭ ਤੋਂ ਪਹਿਲੀ ਵਾਰ। ਡਾਕਟਰ ਕੈਰੋਂ ਕਹਿੰਦੇ ਮੈਂ ਉਦੋਂ ਉਥੇ ਹੀ ਪੜ੍ਹਦਾ ਸੀ ਇਹ ਗੱਲ 1969 ਦੀ ਹੈ। ਤੇ ਮੈਂ ਉਹਨੂੰ ਪਹਿਲੀ ਵਾਰ ਸੁਣਿਆ ਸੀ । ਬਹੁਤ ਜਬਰਦਸਤ ਸੀ ਉਹਦੀ ਗੀਤਾਂ ਦੀ ਪੇਸ਼ਕਾਰੀ। ਅਸੀਂ ਮੈਂ ਨੂਰ ਪਾਤਰ ਇਹ ਸਾਰੇ ਪਟਿਆਲੇ ਸੀਗੇ ਓਦੋਂ"ਡਾਕਟਰ ਕੈਰੋ ਨੇ ਸ਼ਿਵ ਨਾਲ ਯਾਦਾਂ ਦੀ ਲੜੀ ਜੋੜਦਿਆਂ ਕਿਹਾ।"
ਡਾਕਟਰ ਟਾਂਡਾ ਨੇ ਕਿਹਾ ਕਿ ਉਹ ਵਿਛੋੜੇ, ਦੁੱਖ ਅਤੇ ਪ੍ਰੇਮ ਦੀ ਪੀੜਾ ਨੂੰ ਬਹੁਤ ਹੀ ਜ਼ਜਬਾਤੀ ਅਤੇ ਸੁਰੀਲੇ ਢੰਗ ਨਾਲ ਬਿਆਨ ਕਰਦੇ ਸਨ। ਉਨ੍ਹਾਂ ਦੀ ਰਚਨਾ ਵਿੱਚ ਬਿਰਹਾ (ਵਿਛੋੜਾ) ਅਤੇ ਨਿਜੀ ਦਰਦ ਮੁੱਖ ਕੇਂਦਰ ਹਨ, ਜਿਸ ਕਾਰਨ ਉਨ੍ਹਾਂ ਨੂੰ 'ਬਿਰਹਾ ਦਾ ਸੁਲਤਾਨ' ਕਿਹਾ ਜਾਂਦਾ ਹੈ। ਉਹ ਸ਼ਬਦ ਆਮ ਜ਼ਿੰਦਗੀ ਤੋਂ ਚੁਣਕੇ ਦਿਲ ਨੂੰ ਛੂਹਣ ਵਾਲੀ ਭਾਵਨਾ ਪੈਦਾ ਕਰਦੇ ਸਨ। ਉਨ੍ਹਾਂ ਦਾ ਮਹੱਤਵਪੂਰਣ ਕਾਵਿ ਨਾਟਕ 'ਲੂਣਾ' ਆਧੁਨਿਕ ਪੰਜਾਬੀ ਸਾਹਿਤ ਵਿੱਚ ਨਵੀਂ ਰਾਹ ਬਣਾਉਣ ਵਾਲੀ ਰਚਨਾ ਮੰਨੀ ਜਾਂਦੀ ਹੈ, ਜਿਸ ਲਈ ਉਨ੍ਹਾਂ ਨੂੰ ਸਭ ਤੋਂ ਛੋਟੀ ਉਮਰ ਵਿਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਉਨ੍ਹਾਂ ਦੀਆਂ ਕਵਿਤਾਵਾਂ ਨੂੰ ਪ੍ਰਸਿੱਧ ਗਾਇਕਾਂ ਨੇ ਗਾ ਕੇ ਲੋਕ-ਧਾਰਾ ਵਿੱਚ ਲਿਆ।
ਬਾਅਦ ਵਿੱਚ ਡਾਕਟਰ ਟਾਂਡਾ ਨੇ ਵੀ "ਸਿਖ਼ਰ ਦੁਪਹਿਰ ਸਿਰ 'ਤੇ ਮੇਰਾ ਢਲ ਚੱਲਿਆ ਪਰਛਾਵਾਂ ਕਬਰਾਂ ਉਡੀਕਦੀਆਂ ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ, ਤਰਨਮ ਵਿੱਚ ਗਾ ਕੇ ਸ਼ਿਵ ਦਾ ਗੀਤ ਸੁਣਾਇਆ, ਜੋ ਉਹ ਆਪ ਵੀ ਆਮ ਸਟੇਜਾਂ ਉੱਤੇ ਗਾਉਂਦਾ ਹੁੰਦਾ ਸੀ।
ਪੰਜਾਬੀ ਸਾਹਿਤ ਅਕਾਦਮੀ ਸਿਡਨੀ ਹੁਣ ਇਹੋ ਜਿਹੀਆਂ ਸਾਹਿਤਕ ਗੋਸ਼ਟੀਆਂ ਗੁਰੂਆਂ ਪੀਰਾਂ ਪੈਗੰਬਰਾਂ ਤੇ ਸਾਹਿਤਕਾਰਾਂ ਬਾਰੇ ਦੁਨੀਆਂ ਭਰ ਵਿੱਚ ਬੈਠੇ ਲੇਖਕਾਂ ਤੇ ਸਾਹਿਤਕਾਰਾਂ ਦੇ ਸਹਿਯੋਗ ਨਾਲ ਜਾਰੀ ਰੱਖੇਗੀ, ਡਾਕਟਰ ਟਾਂਡਾ ਨੇ ਗੋਸ਼ਟੀ ਤੇ ਗੀਤ ਗਜ਼ਲ ਦੀ ਸਮਾਪਤੀ ਕਰਦੇ ਕਿਹਾ