ਫ਼ੌਜੀ ਭਰਤੀ ਲਈ ਨੌਜਵਾਨਾਂ ਚ ਉਤਸ਼ਾਹ ਵਧਿਆ, 8 ਦਿਨਾਂ ਰੈਲੀ ਵਿੱਚ 6 ਜ਼ਿਲ੍ਹਿਆਂ ਦੇ 10 ਹਜ਼ਾਰ ਤੋਂ ਵਧੇਰੇ ਉਮੀਦਵਾਰ ਪੁੱਜੇ
-ਇਸ ਵਾਰ ਪਿਛਲੇ ਸਾਲਾਂ ਨਾਲੋਂ ਵਧੇਰੇ ਤਿਆਰੀ ਕਰਕੇ ਆਏ ਨੌਜਵਾਨ, ਫ਼ਿਜੀਕਲ ਟੈਸਟ ਦੀ ਪਾਸ ਦਰ ਵੀ ਵਧੀ,
-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਭਰਤੀ ਰੈਲੀ ਪ੍ਰਬੰਧਾਂ ਦਾ ਜਾਇਜ਼ਾ,
-ਕਿਹਾ, ਫ਼ੌਜ ਵੱਲੋਂ ਪਾਰਦਰਸ਼ਤਾ, ਪੇਸ਼ੇਵਰ ਨਿਪੁੰਨਤਾ ਤੇ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਸਦਕਾ ਪਟਿਆਲਾ ਦੀ ਭਰਤੀ ਰੈਲੀ ਸਫ਼ਲ ਰਹੀ
-ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਨੌਜਵਾਨਾਂ ਲਈ ਸਵੇਰ ਤੇ ਦੁਪਹਿਰ ਦੇ ਖਾਣੇ ਸਮੇਤ ਚਾਹ ਪਾਣੀ ਦੀ ਸੇਵਾ ਕਰਕੇ ਸਫ਼ਲ ਭਰਤੀ ਰੈਲੀ ਦੀ ਮਿਸਾਲ ਕਾਇਮ ਕੀਤੀ-ਕਰਨਲ ਏ ਰਾਜਾ
ਪਟਿਆਲਾ, 9 ਅਗਸਤ:
ਭਾਰਤੀ ਫ਼ੌਜ ਦੀ ਭਰਤੀ ਲਈ ਪਟਿਆਲਾ ਵਿਖੇ ਚੱਲ ਰਹੀ 8 ਰੋਜ਼ਾ ਆਰਮੀ ਭਰਤੀ ਰੈਲੀ ਫ਼ੌਜ ਤੇ ਸਿਵਲ ਪ੍ਰਸ਼ਾਸਨ ਦੇ ਬਿਹਤਰ ਤੇ ਸੁਚੱਜੇ ਤਾਲਮੇਲ ਸਦਕਾ ਇੱਕ ਮਾਡਲ ਭਰਤੀ ਰੈਲੀ ਬਣਕੇ ਉਭਰੀ ਹੈ।ਅਗਨੀਵੀਰ ਦੀ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਪਟਿਆਲਾ, ਫ਼ਤਹਿਗੜ੍ਹ ਸਾਹਿਬ, ਸੰਗਰੂਰ, ਮਾਨਸਾ, ਬਰਨਾਲਾ ਤੇ ਮਾਲੇਰਕੋਟਲਾ ਦੇ ਉਮੀਦਵਾਰਾਂ ਵੱਲੋਂ ਪਿਛਲੇ ਸਾਲਾਂ ਨਾਲੋਂ ਦਿਖਾਏ ਵਧੇਰੇ ਜੋਸ਼ ਤੇ ਉਤਸ਼ਾਹ ਇਸ ਵਾਰ 10 ਹਜ਼ਾਰ ਦੇ ਕਰੀਬ ਨੌਜਵਾਨਾਂ ਨੇ ਇਸ ਭਰਤੀ ਰੈਲੀ ਵਿੱਚ ਆਪਣੀ ਭਰਵੀਂ ਸ਼ਮੂਲੀਅਤ ਦਰਜ ਕਰਵਾਈ ਹੈ, ਜਿਸ ਦੀ ਭਾਰਤੀ ਫ਼ੌਜ ਦੇ ਉਚ ਹਲਕਿਆਂ ਵਿੱਚ ਵੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਭਰਤੀ ਰੈਲੀ ਨੂੰ ਦੇਖ ਰਹੇ ਭਾਰਤੀ ਫ਼ੌਜ ਦੇ ਉਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਨੌਜਵਾਨਾਂ ਦੀ ਫ਼ਿਜੀਕਲ ਟੈਸਟ ਪਾਸ ਕਰਨ ਦੀ ਦਰ ਵੀ ਕਾਫ਼ੀ ਵਧੀ ਹੈ ਅਤੇ ਇਹ ਕਰੀਬ 65 ਫੀਸਦੀ ਨੂੰ ਪਾਰ ਕਰ ਰਹੀ ਹੈ।
ਇਸੇ ਦੌਰਾਨ ਭਾਰਤੀ ਫੌਜ ਦੀ ਪੱਛਮੀ ਕਮਾਨ ਦੇ ਚੀਫ਼ ਆਫ਼ ਸਟਾਫ਼, ਲੈਫਟਨੈਂਟ ਜਨਰਲ ਮੋਹਿਤ ਵਧਵਾ ਨੇ ਵੀ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟ ਕੰਪਲੈਕਸ ਪੋਲੋ ਗਰਾਊਂਡ ਵਿਖੇ ਇਸ 8 ਦਿਨਾਂ ਅਗਨੀਵੀਰ ਭਰਤੀ ਰੈਲੀ ਦੀ ਸਮੀਖਿਆ ਕੀਤੀ ਹੈ। ਉਨ੍ਹਾਂ ਨੇ ਇੱਥੇ ਭਾਰਤੀ ਫੌਜ 'ਚ ਸ਼ਾਮਲ ਹੋਣ ਦੀ ਉਮੀਦ ਨਾਲ ਭਾਗ ਲੈ ਰਹੇ ਨੌਜਵਾਨਾਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਜ਼ੋਨਲ ਰਿਕਰੂਟਿੰਗ ਆਫਿਸ (ਜੈਡ.ਆਰ.ਓ) ਜਲੰਧਰ ਵੱਲੋਂ ਖੜਗਾ ਕੋਰ, ਐਰਾਵਤ ਡਿਵੀਜ਼ਨ ਅਤੇ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਦੇ ਸਹਿਯੋਗ ਨਾਲ ਨੇਪਰੇ ਚੜ੍ਹ ਰਹੀ ਇਸ ਭਰਤੀ ਰੈਲੀ ਦੀ ਸਫ਼ਲਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ ਹੈ।
ਅੱਜ ਸਵੇਰੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਵੀ ਭਰਤੀ ਰੈਲੀ ਦਾ ਜਾਇਜ਼ਾ ਲਿਆ ਅਤੇ ਆਰਮੀ ਭਰਤੀ ਦੇ ਡਾਇਰੈਕਟਰ ਕਰਨਲ ਜੀ.ਆਰ.ਐਸ. ਰਾਜਾ ਅਤੇ ਕਰਨਲ ਵਿਨੋਦ ਸਿੰਘ ਰਾਵਤ ਨਾਲ ਬੈਠਕ ਕੀਤੀ। ਉਨ੍ਹਾਂ ਕਿਹਾ ਕਿ ਫ਼ੌਜ ਵੱਲੋਂ ਪਾਰਦਰਸ਼ਤਾ, ਪੇਸ਼ੇਵਰ ਨਿਪੁੰਨਤਾ ਤੇ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਸਦਕਾ ਪਟਿਆਲਾ ਦੀ ਭਰਤੀ ਰੈਲੀ ਸਫ਼ਲ ਰਹੀ ਹੈ।
ਡਾ. ਪ੍ਰੀਤੀ ਯਾਦਵ ਨੇ ਨੌਜਵਾਨਾਂ ਵੱਲੋਂ ਦੇਸ਼ ਸੇਵਾ ਲਈ ਵੱਧ-ਚੜ੍ਹਕੇ ਅੱਗੇ ਆਉਣ ਦੇ ਦਿਖਾਏ ਗਏ ਉਤਸ਼ਾਹ ਦੀ ਵੀ ਸ਼ਲਾਘਾ ਕੀਤੀ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਮੁਤਾਬਕ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤੀ ਫ਼ੌਜ ਨੂੰ ਹਰ ਤਰ੍ਹਾਂ ਦਾ ਲੋੜੀਂਦਾ ਸਹਿਯੋਗ ਦਿੱਤਾ ਗਿਆ ਹੈ।
ਕਰਨਲ ਏ ਰਾਜਾ ਨੇ ਦੱਸਿਆ ਕਿ ਭਾਰਤੀ ਫ਼ੌਜ ਵੱਲੋਂ ਹਾਲ ਹੀ ਦੌਰਾਨ ਕੀਤੇ ਗਏ ਓਪਰੇਸ਼ਨ ਸਿੰਧੂਰ ਦਾ ਅਸਰ ਦੇਖਣ ਨੂੰ ਮਿਲਿਆ ਹੈ ਅਤੇ ਇਸ ਵਾਰ ਦੀ ਭਰਤੀ ਰੈਲੀ ਵਿੱਚ ਰਾਜ ਦੇ 6 ਜ਼ਿਲ੍ਹਿਆਂ ਦੀਆਂ 24 ਤਹਿਸੀਲਾਂ ਤੇ 2539 ਪਿੰਡਾਂ ਦੇ ਨੌਜਵਾਨਾਂ 'ਚ ਆਰਮੀ ਭਰਤੀ ਲਈ ਕਾਫ਼ੀ ਉਤਸ਼ਾਹ ਪਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਇਸ ਵਾਰ ਫ਼ੌਜ ਨੇ ਆਸਾਮੀਆ ਵੀ ਵਧਾ ਕੇ ਦੁਗਣੀਆਂ ਕਰ ਦਿੱਤੀਆਂ ਹਨ, ਜਿਸ ਕਰਕੇ ਇਸ ਵਾਰ ਇੱਥੋਂ ਦੇ ਨੌਜਵਾਨਾਂ ਨੇ ਵੀ ਵਧੀਆ ਤਰੀਕੇ ਨਾਲ ਟੈਸਟ ਪਾਸ ਕੀਤੇ ਹਨ, ਜੋ ਕਿ ਪਿਛਲੀ ਵਾਰ ਨਾਲੋਂ ਲਗਪਗ ਦੁੱਗਣੇ ਹਨ, ਜੋਕਿ ਹਾਂ ਪੱਖੀ ਰੁਝਾਨ ਹੈ।
ਕਰਨਲ ਰਾਜਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਨੌਜਵਾਨਾਂ ਨੂੰ ਸਵੇਰ ਤੇ ਦੁਪਹਿਰ ਦੇ ਖਾਣੇ ਸਮੇਤ ਚਾਹ ਪਾਣੀ ਦੀ ਸੇਵਾ ਕਰਕੇ ਸਫ਼ਲ ਭਰਤੀ ਰੈਲੀ ਦੀ ਮਿਸਾਲ ਕਾਇਮ ਕੀਤੀ ਹੈ ਅਤੇ ਫ਼ੌਜ ਦੇ ਉਚ ਹਲਕਿਆਂ ਵਿੱਚ ਇਸ ਨੂੰ ਇੱਕ ਮਾਡਲ ਰੈਲੀ ਗਿਣਿਆ ਜਾਣ ਲੱਗਾ ਹੈ।ਉਨ੍ਹਾਂ ਕਿਹਾ ਕਿ ਸਾਰੀਆਂ ਧਿਰਾਂ ਦੇ ਸਾਂਝੇ ਯਤਨਾਂ ਨਾਲ ਇਹ ਭਰਤੀ ਪ੍ਰਕਿਰਿਆ ਪਾਰਦਰਸ਼ੀ, ਪ੍ਰਭਾਵਸ਼ਾਲੀ ਅਤੇ ਨਿਰਪੱਖ ਬਣੀ ਹੈ ਅਤੇ ਪਟਿਆਲਾ ਭਰਤੀ ਰੈਲੀ ਦੀ ਕਾਮਯਾਬੀ ਨੇ ਦਰਸਾਇਆ ਹੈ ਕਿ ਭਾਰਤੀ ਨੌਜਵਾਨਾਂ ਵਿੱਚ ਰੱਖਿਆ ਸੇਵਾਵਾਂ ਵਿੱਚ ਕਰੀਅਰ ਬਣਾਉਣ ਦੀ ਦਿਲਚਸਪੀ ਵੱਧ ਰਹੀ ਹੈ ਅਤੇ ਅਜਿਹੇ ਰੁਝਾਨ ਨੂੰ ਫੌਜ ਤੇਜ਼ੀ ਨਾਲ ਬਦਲਦੇ ਸੁਰੱਖਿਆ ਮਾਹੌਲ ਵਿੱਚ ਆਪਣੀ ਤਿਆਰੀ ਕਾਇਮ ਰੱਖਣ ਲਈ ਮਹੱਤਵਪੂਰਣ ਮੰਨਦੀ ਹੈ।