ਕੀ ਹਿੰਦੂ ਵਿਰਾਸਤ ਐਕਟ ਵਿੱਚ ਇੱਕ ਵੱਡੀ ਸੋਧ ਹੋ ਸਕਦੀ ਹੈ ?
- ਮੌਜੂਦਾ ਐਕਟ ਮ੍ਰਿਤਕ ਦੇ ਵਾਰਸਾਂ ਨਾਲ ਕਰ ਰਿਹਾ ਹੈ ਬੇਇਨਸਾਫ਼ੀ :
- ਐਮ ਪੀ ਡਾ. ਗਾਂਧੀ ਨੇ ਕੇਂਦਰ ਦੇ ਧਿਆਨ ਚ ਲਿਆਂਦੀ ਐਕਟ ਦੀ ਇਹ ਖਾਮੀਂ:
ਗੁਰਪ੍ਰੀਤ ਸਿੰਘ ਮੰਡਿਅਣੀ
ਲੁਧਿਆਣਾ, 8 ਅਗਸਤ 2025- ਕਾਂਗਰਸ ਦੇ ਮੈਂਬਰ ਪਾਰਲੀਮੈਂਟ ਡਾ.ਧਰਮਵੀਰ ਗਾਂਧੀ ਨੇ ਹਿੰਦੂ ਵਿਰਾਸਤ ਐਕਟ ਵਿੱਚ ਇੱਕ ਵੱਡੀ ਖਾਮੀ ਕੇਂਦਰ ਸਰਕਾਰ ਦੇ ਧਿਆਨ ਚ ਲਿਆ ਕੇ ਇਹਨੂੰ ਸੋਧਣ ਦੀ ਮੰਗ ਕੀਤੀ ਹੈ।ਉਹਨਾਂ ਨੇ ਕੱਲ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨਾਲ ਮੁਲਾਕਾਤ ਕਰਕੇ ਇਹਦੇ ਬਾਬਤ ਇੱਕ ਮੰਗ ਪੱਤਰ ਪੇਸ਼ ਕੀਤਾ।
ਡਾਕਟਰ ਧਰਮਵੀਰ ਗਾਂਧੀ ਨੇ ਮੰਤਰੀ ਨੂੰ ਦੱਸਿਆ ਕਿ ਜਦੋਂ ਕਿਸੇ ਵਿਅਕਤੀ ਦੀ ਮੌਤ ਆਪਣੀ ਮਾਂ ਤੋਂ ਪਹਿਲਾਂ ਹੋ ਜਾਂਦੀ ਹੈ ਤਾਂ ਉਹਦੀ ਜਾਇਦਾਦ ਉਹਦੇ ਬੱਚਿਆਂ , ਉਹਦੀ ਪਤਨੀ ਅਤੇ ਉਹਦੀ ਮਾਂ ਦੇ ਨਾਂਅ ਤੇ ਚੜ ਜਾਂਦੀ ਹੈ ਬ-ਹਿੱਸਾ ਬਰਾਬਰ।ਹਿੰਦੂ ਵਿਰਾਸਤ ਐਕਟ ਦੀ ਗੱਲ ਇੱਥੋਂ ਤੱਕ ਠੀਕ ਹੈ।ਪਰ ਮਾਂ ਦੀ ਮੌਤ ਮਗਰੋਂ ਮਾਂ ਨੂੰ ਆਪਣੇ ਫ਼ੌਤ ਹੋਏ ਪੁੱਤਰ ਦੀ ਜਾਇਦਾਦ ਚੋਂ ਮਿਲਿਆ ਹਿੱਸਾ ਉਹਦੇ (ਮਾਂ ਦੇ) ਸਾਰੇ ਧੀਆਂ-ਪੁੱਤਾਂ ਵਿੱਚ ਵੰਡਿਆ ਜਾਂਦਾ ਹੈ ਹਿੰਦੂ ਵਿਰਾਸਤ ਐਕਟ ਮੁਤਾਬਕ।
ਹਿੰਦੂ ਵਿਰਾਸਤ ਐਕਟ 1956 ਵਿੱਚ ਸੋਧ ਦੀ ਮੰਗ ਕਰਦਿਆਂ ਮੌਜੂਦਾ ਕਨੂੰਨ ਨੂੰ ਮਾਂ ਤੋਂ ਪਹਿਲਾਂ ਫੌਤ ਹੋਏ ਪੁੱਤ ਦੀ ਵਿਧਵਾ ਅਤੇ ਉਹਦੇ ਬੱਚਿਆਂ ਨਾਲ ਇੱਕ ਵੱਡੀ ਬੇ ਕਹਿ ਕੇ ਮੰਤਰੀ ਤੋਂ ਮੰਗ ਕੀਤੀ ਕਿ ਕਾਨੂੰਨ ਚ ਸੋਧ ਕਰਕੇ ਇਹ ਵਿਵਸਥਾ ਕੀਤੀ ਜਾਵੇ ਕਿਸੇ ਮਾਂ ਨੂੰ ਆਪਣੇ ਫੌਤ ਹੋਏ ਪੁੱਤ ਦੀ ਜਾਇਦਾਦ ਚੋਂ ਮਿਲਿਆ ਹਿੱਸਿਆ ਮਾਂ ਦੀ ਮੌਤ ਮਗਰੋਂ ਉਸੇ ਪੁੱਤ ਦੇ ਵਾਰਸਾਂ ਨੂੰ ਜਾਵੇ ਜੇਹੜੇ ਪੁੱਤ ਦੀ ਜਾਇਦਾਦ ਚੋਂ ਉਹਨੂੰ ਇਹ ਹਿੱਸਾ ਮਿਲਿਆ ਹੋਵੇ।
ਇਸ ਮੰਗ ਦੇ ਹੱਕ ਵਿੱਚ ਡਾ.ਗਾਂਧੀ ਨੇ ਦੱਸਿਆ ਕਿ ਭਾਵੇਂ ਹਿੰਦੂ ਵਿਰਾਸਤ ਐਕਟ ਇੱਕ ਸੈਂਟਰਲ ਐਕਟ ਹੈ ਪਰ ਕੇਰਲ ਸਰਕਾਰ ਨੇ ਐਕਟ ਦੀ ਇਹ ਖਾਮੀ ਦੂਰ ਕਰ ਲਈ ਹੈ।ਕੇਰਲ ਵਿਧਾਨ ਸਭਾ ਨੇ ਆਪਣੇ ਸੂਬੇ ਦੇ ਦਾਇਰਾ ਅਖਤਿਆਰ ਅਧੀਨ ਐਕਟ ਨੂੰ ਸੋਧਣ ਦਾ ਮਤਾ ਪਾਸ ਕਰ ਦਿੱਤਾ ਜੀਹਨੂੰ 21 ਅਕਤੂਬਰ 2016 ਨੂੰ ਰਾਸ਼ਟਪਤੀ ਮਿਲ ਗਈ।ਕੇਂਦਰੀ ਕਨੂੰਨ ਮੰਤਰੀ ਅਰਜੁਨ ਮੇਘਵਾਲ ਨੇ
ਆਪਣੀ ਮਨਿਸਟਰੀ ਦੇ ਇੱਕ ਸੀਨੀਅਰ ਅਫਸਰ ਨੂੰ ਇਹ ਜੁਮੇਵਾਰੀ ਸੌਂਪਦਿਆਂ
ਡਾ ਗਾਂਧੀ ਨੂੰ ਭਰੋਸਾ ਦਿਵਾਇਆ ਕਿ ਮੌਜੂਦਾ ਕਾਨੂੰਨ ਤੋਂ ਨੁਕਸਾਨ ਉਠਾ ਰਹੇ ਵਿਅਕਤੀਆਂ ਨੂੰ ਇਨਸਾਫ਼ ਦਿੱਤਾ ਜਾਵੇਗਾ।
ਲੁਧਿਆਣਾ ਜਿਲੇ ਚ ਮੁਲਾਂਪੁਰ ਦਾਖਾ ਦੇ ਵਾਸੀ ਅਜੀਤ ਇੰਦਰ ਸਿੰਘ ਨਾਗੀ ਤੇ ਉਹਦੀ ਭੈਣ ਕਮਲਪ੍ਰੀਤ ਕੌਰ ਨੇ ਮੈਂਬਰ ਪਾਰਲੀਮੈਂਟ ਡਾ.ਗਾਂਧੀ ਕੋਲ ਆਪਣਾ ਕੇਸ ਪੇਸ਼ ਕਰਕੇ ਦੱਸਿਆ ਕਿ ਉਹਨਾਂ ਦੇ ਪਿਤਾ ਅਮਰਜੀਤ ਸਿੰਘ ਦੀ ਮੌਤ ਮਗਰੋਂ ਉਹਨਾਂ (ਸਾਡੇ ਪਿਤਾ) ਦੀ ਜਾਇਦਾਦ ਸਾਡੇ ਦੋਵਾਂ ਭੈਣ ਭਰਾਵਾਂ,ਸਾਡੀ ਮਾਤਾ ਅਤੇ ਸਾਡੀ ਦਾਦੀ ਮਹਿੰਦਰ ਕੌਰ ਦੇ ਹਿੱਸੇ ਆਈ ਹੈ।ਹੁਣ ਸਾਡੀ ਦਾਦੀ ਦੀ ਵੀ ਮੌਤ ਹੋ ਗਈ ਹੈ।ਸੋ ਮੌਜੂਦਾ ਕਾਨੂੰਨ ਮੁਤਾਬਕ ਮਹਿੰਦਰ ਕੌਰ ਨੂੰ ਆਪਣੇ ਬੇਟੇ ਅਮਰਜੀਤ ਸਿੰਘ ਦੀ ਜਾਇਦਾਦ ਚੋਂ ਜਿਹੜਾ ਹਿੱਸਾ ਮਿਲਿਆ ਸੀ ਉਹ ਹੁਣ ਮਹਿੰਦਰ ਕੌਰ ਦੇ ਸਾਰੇ ਧੀਆਂ ਪੁੱਤਾਂ ਚ ਵੰਡਿਆ ਜਾਣਾ ਹੈ।ਇਨਸਾਫ਼ ਦੇ ਤਕਾਜ਼ੇ ਮੁਤਾਬਕ ਅਮਰਜੀਤ ਸਿੰਘ ਦੀ ਜਾਇਦਾਦ ਚੋਂ ਮਹਿੰਦਰ ਕੌਰ ਨੂੰ ਮਿਲਿਆ ਹਿੱਸਾ ਉਹਦੀ (ਮਹਿੰਦਰ ਕੌਰ ਦੀ) ਮੌਤ ਮਗਰੋਂ ਸਿਰਫ ਅਮਰਜੀਤ ਸਿੰਘ ਦੇ ਬੱਚਿਆਂ ਅਤੇ ਪਤਨੀ ਨੂੰ ਮਿਲਣਾ ਚਾਹੀਦਾ ਹੈ।ਅਜੀਤ ਇੰਦਰ ਸਿੰਘ ਨਾਗੀ ਨੇ ਕਿਹਾ ਹਾਲਾਂਕਿ ਮੇਰੇ ਚਾਚੇ-ਤਾਏ ਤੇ ਮੇਰੀ ਭੂਆ ਸਾਡੇ ਨਾਲ ਸਹਿਮਤ ਹਨ ਤੇ ਕੋਈ ਵੀ ਸੰਭਵ ਢੰਗ-ਤਰੀਕਾ ਅਪਣਾ ਸਾਡੇ ਪਿਤਾ ਦਾ ਹਿੱਸਾ ਦੇਣ ਨੂੰ ਤਿਆਰ ਹਨ।ਨਾਗੀ ਨੇ ਕਿਹਾ ਮਸਲੇ ਅਧੀਨ ਜਾਇਦਾਦ ਵੀ ਥੋੜੀ ਹੈ ਤੇ ਸਾਡੇ ਚਾਚੇ-ਤਾਏ ਵੀ ਸਹਿਮਤ ਹੋਣ ਕਰਕੇ ਸਾਨੂੰ ਕੋਈ ਘਾਟਾ ਪੈਣ ਤੋਂ ਵੀ ਬਚਾਅ ਹੋ ਜਾਣਾ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਰਗੇ ਹੋਰ ਲੋਕਾਂ ਦਾ ਬਚਾਅ ਹੋ ਜਾਵੇ।ਤਾਂ ਹੀ ਅਸੀਂ ਗਾਂਧੀ ਸਾਹਿਬ ਦੀ ਮਾਰਫਤ ਹਿੰਦੂ ਵਿਰਾਸਤ ਐਕਟ ਦੀ ਇਹ ਖਾਮੀ ਦੂਰ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਜਿਕਰਯੋਗ ਹੈ ਕਿ ਅਜੀਤ ਸਿੰਘ ਨਾਗੀ ਵੱਲੋਂ ਬੇਨਤੀ ਕਰਨ ਤੇ ਹਲਕਾ ਦਾਖਾ ਦੇ ਐਮ. ਐਲ. ਏ. ਸ੍ਰ ਮਨਪ੍ਰੀਤ ਸਿੰਘ ਇਆਲੀ ਨੇ ਬੀਤੀ 15 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚ ਇਹ ਮੁੱਦਾ ਚੱਕਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ ਕੇਰਲਾ ਵਿਧਾਨ ਦੀ ਤਰਜ ਤੇ ਪੰਜਾਬ ਵੀ ਹਿੰਦੂ ਵਿਰਾਸਤ ਐਕਟ ਵਿੱਚ ਸੋਧ ਕਰੇ।