ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ--ਸਰਕਾਰ ਰੁਕਣ ਵਾਲੀ ਨਹੀਂ ਜਦੋਂ ਤੱਕ ਨੌਜਵਾਨ ਸਿੱਖਿਆ ਦੇ ਖੇਤਰ ’ਚ ਤਰੱਕੀ ਨਹੀਂ ਕਰਦੇ : ਜਗਸੀਰ ਸਿੰਘ
ਅਸ਼ੋਕ ਵਰਮਾ
ਕੋਠੇ ਨੱਥਾ ਸਿੰਘ ਵਾਲਾ (ਬਠਿੰਡਾ), 7 ਅਪ੍ਰੈਲ 2025 : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਰੁਕਣ ਵਾਲੀ ਨਹੀਂ ਹੈ ਜਦੋਂ ਤੱਕ ਪੰਜਾਬ ਦਾ ਹਰ ਨੌਜਵਾਨ ਪੜ੍ਹ-ਲਿਖ ਕੇ ਆਪਣੇ ਸੁਪਨਿਆਂ ਦੀ ਪੂਰਤੀ ਨਹੀਂ ਕਰਦਾ ਤੇ ਵਿਕਾਸ ਦੀ ਇਹ ਲਹਿਰ ਪੰਜਾਬ ਦੇ ਹਰ ਕੋਨੇ ਤੱਕ ਨਹੀਂ ਪਹੁੰਚਦੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਵਿਧਾਇਕ ਭੁੱਚੋਂ ਮਾਸਟਰ ਜਗਸੀਰ ਸਿੰਘ ਨੇ ਜ਼ਿਲ੍ਹੇ ਦੇ ਪਿੰਡ ਕੋਠੇ ਨੱਥਾ ਸਿੰਘ ਵਾਲਾ ਦੇ ਸਰਕਾਰੀ ਹਾਈ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਕਰਵਾਏ ਗਏ "ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ" ਸਮਾਗਮ ’ਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਕੀਤਾ। ਇਸ ਤੋਂ ਪਹਿਲਾ ਉਨ੍ਹਾਂ ਵਲੋਂ ਇਥੇ ਆਧੁਨਿਕ ਕਲਾਸ ਰੂਮ, ਸਕੂਲ ਦੀ ਚਾਰਦੀਵਾਰੀ ਦੇ ਮੁਕੰਮਲ ਹੋਏ ਕੰਮ ਦਾ ਉਦਘਾਟਨ ਵੀ ਕੀਤਾ ਗਿਆ।
ਇਸ ਮੌਕੇ ਵਿਧਾਇਕ ਜਗਸੀਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਦਾ ਸੁਪਨਾ ਹੈ ਰਾਜ ਨੂੰ ਨਸ਼ਾ, ਭ੍ਰਿਸ਼ਟਾਚਾਰ, ਬੇਰੋਜ਼ਗਾਰੀ ਮੁਕਤ ਬਣਾਉਣ ਹੈ ਤਾਂ ਜੋ ਅਸੀਂ ਮਾਣ ਨਾਲ ਕਹਿ ਸਕੀਏ ਕਿ ਇਹ ਸਾਡਾ ਰੰਗਲਾ ਪੰਜਾਬ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਾਰੇ ਸਰਕਾਰੀ ਸਕੂਲਾਂ ਅੰਦਰ ਵਾਈਵਾਫੀ, ਨਵੇਂ ਕਲਾਸ ਰੂਮ, ਲੈਬ, ਲਾਇਬ੍ਰੇਰੀ ਦਾ ਨਵੀਨੀਕਰਨ, ਟੁਆਇਲਟ, ਪੀਣ ਵਾਲਾ ਸਾਫ ਪਾਣੀ, ਚਾਰਦੀਵਾਰੀ ਅਤੇ ਆਧੁਨਿਕ ਫਰਨੀਚਰ ਆਦਿ ਸਾਰੀਆਂ ਸਹੂਲਤਾਂ ਮੌਜੂਦ ਹਨ।
ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਵਿਕਾਸ ਕੰਮਾਂ ਦਾ ਉਦਘਾਟਨੀ ਪੱਥਰ ਲਗਾ ਕੇ ਸਿਰਫ ਰਿਬਨ ਕੱਟਣਾ ਹੀ ਕੰਮ ਨਹੀਂ ਹੈ, ਸਗੋਂ ਇਹ ਪੰਜਾਬ ਦੇ ਬੱਚਿਆਂ ਦੇ ਭਵਿੱਖ ਨੂੰ ਸ਼ਿੰਗਾਰਨ ਵਾਲੇ ਬਦਲਾਅ ਦੀ ਬੁਨਿਆਦ ਹੈ, ਜੋ ਅਸੀਂ ਸਾਰੇ ਰਲ-ਮਿਲ ਕੇ ਆਪਣੇ ਬੱਚਿਆਂ ਲਈ ਕਰ ਰਹੇ ਹਾਂ। ਮਾਸਟਰ ਜਗਸੀਰ ਸਿੰਘ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਨਸ਼ਿਆ ਦੀ ਚੇਨ ਨੂੰ ਤੋੜਨ ਦੇ ਲਈ ਵੱਡੀ ਲੜਾਈ ਲੜ ਰਹੀ ਹੈ, ਜਿਸ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਨਸ਼ਾਂ ਮਾਫੀਆ ਨੂੰ ਕਰੜੇ ਹੱਥ ਪਾ ਕੇ ਉਨ੍ਹਾਂ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਜਬਤ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਿਰਫ ਵਿਭਾਗੀ ਕਾਰਵਾਈ ਨਹੀਂ ਸਗੋਂ ਪੰਜਾਬ ਦੀ ਆਤਮਾ ਨੂੰ ਬਚਾਉਣ ਦੀ ਜੰਗ ਹੈ।
ਇਸ ਮੌਕੇ ਮਾਸਟਰ ਜਗਸੀਰ ਸਿੰਘ ਨੇ ਵਿਦਿਆਰਥੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਸਖਤ ਮਿਹਨਤ ਕਰਕੇ ਬੁਲੰਦੀਆਂ ਨੂੰ ਛੂੰਹਣ ਅਤੇ ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ। ਇਸ ਉਪਰੰਤ ਉਨ੍ਹਾਂ ਵਲੋਂ ਹਲਕੇ ਦੇ ਪਿੰਡਾਂ ਅਬਲੂ, ਕੋਠੇ ਕੌਰ ਸਿੰਘ ਵਿਖੇ ਵੀ ਸਿੱਖਿਆ ਕ੍ਰਾਂਤੀ ਦੇ ਮੱਦੇਨਜ਼ਰ ਸਕੂਲਾਂ ਵਿੱਚ ਹੋਏ ਕਾਰਜਾਂ ਦਾ ਉਦਘਾਟਨ ਵੀ ਕੀਤਾ।
ਇਸ ਦੌਰਾਨ ਸਕੂਲ ਦਾ ਸਮੁੱਚਾ ਸਟਾਫ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਇਲਾਵਾ ਪਿੰਡ ਵਾਸੀ ਆਦਿ ਹਾਜ਼ਰ ਸਨ।