26 ਜਨਵਰੀ ਦੇ ਟਰੈਕਟਰ ਮਾਰਚ ਸਬੰਧੀ ਟੋਲ ਪਲਾਜ਼ਾ 'ਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ
ਮਲਕੀਤ ਸਿੰਘ ਮਲਕਪੁਰ
ਲਾਲੜੂ 23 ਜਨਵਰੀ 2025: 26 ਜਨਵਰੀ ਦੇ ਟਰੈਕਟਰ ਮਾਰਚ ਸਬੰਧੀ ਦੱਪਰ ਟੋਲ ਪਲਾਜ਼ਾ ਉਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੇ ਕੁੱਲ ਹਿੰਦ ਕਿਸਾਨ ਸਭਾ ਦੀ ਅਹਿਮ ਮੀਟਿੰਗ ਹੋਈ । ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾਈ ਕਾਰਜਕਾਰਨੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਸ਼ਿਆਮ ਲਾਲ ਹੈਬਤਪੁਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਤੈਅ ਹੋਇਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਇਹ ਟਰੈਕਟਰ ਮਾਰਚ ਕੱਢਿਆ ਜਾਣਾ ਹੈ ।
ਇਸ ਟਰੈਕਟਰ ਮਾਰਚ ਦੌਰਾਨ ਖੇਤੀਬਾੜੀ ਮੰਡੀਕਰਨ ਨੀਤੀ ਦੇ ਖਰੜੇ ਦਾ ਵਿਰੋਧ,ਐਮਐਸਪੀ ਦੀ ਕਾਨੂੰਨੀ ਗਰੰਟੀ ਤੇ ਹੋਰ ਕਿਸਾਨੀ ਮੰਗਾਂ ਨੂੰ ਮੁੱਖ ਤੌਰ ਉਤੇ ਉਭਾਰਿਆ ਜਾਵੇਗਾ । ਦੋਹਾਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ ਤੇ ਲਗਾਤਾਰ ਕਿਸਾਨੀ ਮੰਗਾਂ ਨੂੰ ਮੰਨਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ । ਇਸ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ । ਇਸ ਮੌਕੇ ਜਗਤਾਰ ਸਿੰਘ ਝਾਰਮੜੀ,ਕੁਲਦੀਪ ਸਿੰਘ ਸਰਸੀਣੀ, ਕਾਮਰੇਡ ਫੂਲ ਚੰਦ, ਕਾਮਰੇਡ ਹਾਕਮ ਸਿੰਘ ਦੱਪਰ , ਰਣਜੀਤ ਸਿੰਘ ਭਗਵਾਨਪੁਰ, ਹਰੀ ਸਿੰਘ ਬੋਹੜਾ ਤੇ ਸ਼ੇਰ ਸਿੰਘ ਸੈਕਟਰੀ ਆਦਿ ਹਾਜ਼ਰ ਸਨ ।