ਦਿਲਪ੍ਰੀਤ ਸਿੰਘ ਢਿੱਲੋਂ ਕਿਸਾਨਾਂ ਤੇ ਮਜ਼ਦੂਰਾਂ ਦੀਆ ਹੱਕੀ MSP ਤੇ MIG ਲਈ ਭਾਰਤ ਦੀ ਪਹਿਲੀ ਸਭ ਤੋਂ ਲੰਮੀ ਇਤਿਹਾਸਿਕ ਮੈਰਾਥਨ ਦੋੜੇਗਾ :- ਕਾਮਰੇਡ ਕਰਨੈਲ ਸਿੰਘ ਇਕੋਲਾਹਾ
- 08 ਫਰਵਰੀ2025(ਦਿਨ ਸ਼ਨੀਵਾਰ) ਨੂੰ ਗੁਰਦਵਾਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਇਕੋਲਾਹਾ(ਖੰਨਾ)ਤੋ ਹੋਵੇਗੀ ਸ਼ੁਰੂਆਤ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,23ਜਨਵਰੀ 2025 - ਕਿਸਾਨਾ ਦੀਆ ਫਸਲਾ ਲਈ ਘੱਟੋ ਘੱਟ ਖਰੀਦ ਗਰੰਟੀ ਕਾਨੂੰਨ (ਐਮ.ਐਸ.ਪੀ) ਅਤੇ ਪ੍ਰਤੀ ਘੱਟੋ ਘੱਟ ਆਮਦਨ ਗਰੰਟੀ ਕਾਨੂੰਨ (ਐਮ.ਆਈ.ਜੀ) ਸਮੇਤ ਕਿਸਾਨਾ - ਮਜਦੂਰਾ ਦੀਆ ਹੱਕੀ ਮੰਗਾਂ ਲਈ ਸਰਬੱਤ ਦੇ ਭਲੇ ਲਈ ਭਾਰਤ ਦੀ ਪਹਿਲੀ ਸਭ ਤੋਂ ਲੰਮੀ ਇਤਿਹਾਸਿਕ ਮੈਰਾਥਨ ਦੌੜ 302 ਕਿਲੋਮੀਟਰ ਗੁਰੂਦਵਾਰਾ ਸ਼੍ਰੀ ਗੁਰੂ ਹਗੋਬਿੰਦ ਸਾਹਿਬ ਪਾਤਸਾਹੀ 6ਵੀ ਇਕੋਲਾਹਾ ਖੰਨਾ (ਪੰਜਾਬ) ਤੋ ਪਾਰਲੀਮੈਂਟ ਨਵੀਂ ਦਿੱਲੀ ਤੱਕ ਮਿਤੀ 08 ਫਰਵਰੀ 2025 ਦਿਨ ਸ਼ਨੀਵਾਰ ਨੂੰ 11 ਵਜੇ ਦਿਲਪ੍ਰੀਤ ਸਿੰਘ ਢਿੱਲੋ ਅਕਾਲ ਪੁਰਖੁ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਮੈਰਾਥਨ ਦੌੜ ਸ਼ੁਰੂ ਕਰੇਗਾ।ਪ੍ਰੈੱਸ ਨੂੰ ਇਹ ਜਾਣਕਾਰੀ ਆਲ ਇੰਡੀਆਂ ਸੰਯੁਕਤ ਕਿਸਾਨ ਸਭਾ ਦੇ ਕੌਮੀ ਜਨਰਲ ਸਕੱਤਰ ਕਰਨੈਲ ਸਿੰਘ ਇਕੋਲਾਹਾ ਨੇ ਦਿੱਤੀ।
ਕਿਸਾਨ ਆਗੂ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਹਾਲ ਹੀ ਵਿੱਚ ਪੇਸ਼ ਕੀਤੀ ਗਈ ਨਵੀਂ ਖੇਤੀਬਾੜੀ ਮੰਡੀ ਅਤੇ ਮਾਰਕੀਟਿੰਗ ਨੀਤੀ 2024 ਨੂੰ ਪਿਛਲੇ ਦਰਵਾਜ਼ੇ ਰਾਹੀਂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਾਗੂ ਕਰਨ ਵਾਲਾ ਕਰਾਰ ਦਿੱਤਾ ਹੈ ਅਤੇ ਇਸਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਨੀਤੀ ਦੇ ਲਾਗੂ ਹੋਣ ਨਾਲ ਦੇਸ਼ ਦੇ ਖੇਤੀਬਾੜੀ ਬਾਜ਼ਾਰ ਤਬਾਹ ਹੋ ਜਾਣਗੇ ਅਤੇ ਖੇਤੀਬਾੜੀ ਬਾਜ਼ਾਰ 'ਤੇ ਜ਼ਾਲਮ ਅਤੇ ਲੁੱਟ-ਖਸੁੱਟ ਕਰਨ ਵਾਲੀਆਂ ਕਾਰਪੋਰੇਟ ਕੰਪਨੀਆਂ ਦਾ ਕਬਜ਼ਾ ਹੋ ਜਾਵੇਗਾ।ਮੋਦੀ ਸਰਕਾਰ ਹੌਲੀ-ਹੌਲੀ ਦੇਸ਼ ਦੀ ਖੇਤੀਬਾੜੀ, ਅਨਾਜ ਭੰਡਾਰਨ, ਮਾਰਕੀਟਿੰਗ ਦੇ ਨਾਲ-ਨਾਲ ਪ੍ਰਚੂਨ ਬਾਜ਼ਾਰ ਨੂੰ ਕਾਰਪੋਰੇਟ ਕੰਪਨੀਆਂ ਲਈ ਖੋਲ੍ਹਣ ਦਾ ਰਾਹ ਪੱਧਰਾ ਕਰ ਰਹੀ ਹੈ।
ਓਹਨਾ ਅੱਗੇ ਕਿਹਾ ਮੋਦੀ ਸਰਕਾਰ ਦੀ ਇਸ ਨਵੀਂ ਨੀਤੀ ਵਿੱਚ ਸ਼ਾਮਲ ਵੱਡੇ ਸੁਧਾਰਾਂ ਵਿੱਚ ਨਿੱਜੀ ਥੋਕ ਬਾਜ਼ਾਰਾਂ ਦੀ ਸਥਾਪਨਾ, ਕਾਰਪੋਰੇਟ ਪ੍ਰੋਸੈਸਰ ਅਤੇ ਨਿਰਯਾਤਕ ਸਿੱਧੇ ਖੇਤਾਂ ਤੋਂ ਫਸਲਾਂ ਖਰੀਦ ਸਕਣਗੇ। ਐਫਸੀਆਈ ਗੋਦਾਮਾਂ ਨੂੰ ਕਾਰਪੋਰੇਟ-ਨਿਯੰਤਰਿਤ ਗੋਦਾਮਾਂ ਅਤੇ ਸਾਈਲੋਜ਼ ਦੁਆਰਾ ਬਦਲਿਆ ਜਾਵੇਗਾ।
ਨਿਧੜਕ ਆਗੂ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਨੇ ਅੱਗੇ ਕਿਹਾ ਕਿ ਲਗਾਤਾਰ ਵਧ ਰਹੇ ਕਿਸਾਨ ਅੰਦੋਲਨ ਦੇ ਬਾਵਜੂਦ, ਕੇਂਦਰ ਸਰਕਾਰ ਕਿਸਾਨ ਅੰਦੋਲਨ ਵੱਲੋਂ ਉਠਾਈਆਂ ਗਈਆਂ ਕਿਸੇ ਵੀ ਗੰਭੀਰ ਮੰਗਾਂ ਜਿਵੇਂ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ, ਖੇਤੀਬਾੜੀ ਵਿੱਚ ਜਨਤਕ ਨਿਵੇਸ਼ ਵਧਾਉਣਾ, ਕਿਸਾਨਾਂ ਅਤੇ ਪੇਂਡੂ ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ, ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਕਿਸਾਨਾਂ ਦੀ ਸਮਾਜਿਕ ਸੁਰੱਖਿਆ। ਇਸ ਲਈ ਉਹ 10,000 ਰੁਪਏ ਦੀ ਪੈਨਸ਼ਨ ਆਦਿ ਬਾਰੇ ਚੁੱਪ ਹੈ।
ਓਹਨਾ ਅੱਗੇ ਕਿਹਾ ਕਿ ਫ਼ਰੈਡਰਿਕ ਏਂਗਲਜ ਜਦੋਂ ਕਮਿਊਨਿਜਮ ਦੀ ਗੱਲ ਕਰ ਰਹੇ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਕਮਿਊਨਿਜ਼ਮ ਅੰਦਰ ਅਸੀਂ ਹਰ ਕਿਸੇ ਕੋਲੋਂ ਉਸਦੀ ਯੋਗਤਾ ਅਨੁਸਾਰ ਕੰਮ ਲਵਾਂਗੇ ਔਰ ਹਰ ਕਿਸੇ ਨੂੰ ਉਸਦੀਆਂ ਲੋੜਾਂ ਅਨੁਸਾਰ ਅਦਾਇਗੀ ਕਰਾਂਗੇ ! ਮਾਨਵ ਸਮਾਜ ਉਸ ਪੱਧਰ ਤੱਕ ਵਿਕਸਤ ਹੋ ਚੁੱਕਿਆ ਹੈ, ਜਿੱਥੇ ਅਸੀਂ ਹਰ ਕਿਸੇ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰ ਸਕਦੇ ਹਾਂ। ਇਸ ਲਈ ਹੁਣ ਸਮੀ ਆ ਗਿਆ ਹੈ ਕਿ ਬੇਜ਼ਮੀਨੇ/ਸਾਧਨ ਹੀਣ ਬਜ਼ੁਰਗ ਵਿਅਕਤੀਆਂ, ਬੀਮਾਰ ਵਿਅਕਤੀਆਂ ਅਤੇ ਕਿਰਤ ਕਰ ਸਕਣ ਤੋਂ ਅਸਮਰਥ ਅੰਗਹੀਣ ਵਿਅਕਤੀਆਂ ਨੂੰ ਗੁਜ਼ਾਰੇ ਯੋਗ ਪੈਨਸ਼ਨ, ਕਿਰਤ ਕਰ ਸਕਣ ਦੇ ਸਮਰੱਥ ਤੰਦਰੁਸਤ ਵਿਅਕਤੀਆਂ ਨੂੰ ਉਹਨਾਂ ਦੀ ਕਿਰਤ ਨਾਲ ਜੋੜ ਕੇ ਗੁਜ਼ਾਰੇ ਯੋਗ ਉਜਰਤ, ਨਾਬਾਲਗ ਬੱਚਿਆਂ ਨੂੰ ਉਨ੍ਹਾਂ ਦੇ ਪਾਲਣ ਪੋਸ਼ਣ ਅਤੇ ਪੜ੍ਹਾਈ ਲਈ ਲੋੜੀਂਦਾ ਵਜ਼ੀਫਾ , ਨਸ਼ੇੜੀਆਂ, ਕ੍ਰਿਮਿਨਲਾਂ ਅਤੇ ਸਮਾਜ ਵਿਰੋਧੀ ਵਿਅਕਤੀਆਂ ਨੂੰ ਇਸ ਸਹੂਲਤ ਤੋਂ ਵਾਂਝਾ ਰੱਖਕੇ ਇਸ ਪ੍ਰੋਗਰਾਮ ਰਾਹੀਂ ਨਸ਼ਾ ਮੁਕਤ ਅਤੇ ਸਾਫ਼ ਸੁਥਰਾ ਸਮਾਜ ਸਿਰਜਿਆ ਜਾਵੇ।
ਕਿਸਾਨ ਆਗੂ ਕਰਨੈਲ ਸਿੰਘ ਇਕੋਲਾਹਾ ਨੇ ਦੇਸ਼ ਦੇ ਸਾਰੇ ਕਿਸਾਨ ਤੇ ਮਜਦੂਰ ਸੰਗਠਨਾਂ ਨੂੰ ਅਪੀਲ ਕਰਦਿਆਂ ਭਾਰਤ ਦੀ ਪਹਿਲੀ ਸਭ ਤੋਂ ਵੱਡੀ ਇਤਿਹਾਸਕ ਮੈਰਾਥਨ ਦੌੜ ਵਿੱਚ ਸਹਿਯੋਗ ਕਰਨ।