ਵਿਜੀਲੈਂਸ ਨੇ ਦਬੋਚਿਆ ਘਰ ਦੇ ਬਨੇਰੇ ਢਾਹੁਣ ਲੱਗਾ ਪੁਲਿਸ ਦਾ ਹੌਲਦਾਰ
ਅਸ਼ੋਕ ਵਰਮਾ
ਬਠਿੰਡਾ,23 ਜਨਵਰੀ2025: ਬਠਿੰਡਾ ’ਚ ਅੱਜ ਇੱਕ ਪੁਲਿਸ ਮੁਲਾਜਮ ਵੱਲੋਂ ਆਪਣੇ ਹੀ ਮਹਿਕਮੇ ਦੇ ਕਰਮਚਾਰੀ ਤੋਂ ਰਿਸ਼ਵਤ ਮੰਗਣ ਦਾ ਮਾਮਲਾ ਬੇਪਰਦ ਹੋਇਆ ਹੈ ਜਿਸ ’ਚ ਵਿਜੀਲੈਂਸ ਨੇ ਪੁਲਿਸ ਦੇ ਇੱਕ ਹੌਲਦਾਰ ਨੂੰ ਰੰਗੇ ਹੱਥੀ ਦਬੋਚਣ ’ਚ ਸਫਲਤਾ ਹਾਸਲ ਕੀਤੀ ਹੈ ਜਦੋਂਕਿ ਅਸਲ ਮੁਲਜਮ ਨੂੰ ਕਾਬੂ ਕਰਨ ਦੇ ਯਤਨ ਜਾਰੀ ਹਨ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਪਹਿਲਾਂ ਵਿਜੀਲੈਂਸ ਅਧਿਕਾਰੀਆਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਪਰ ਜਦੋਂ ਪੈਸੇ ਵਸੂਲਦਾ ਮੁਲਜਮ ਗ਼ਿਫਤਾਰ ਕਰ ਲਿਆ ਤਾਂ ਅਫਸਰ ਵੀ ਦੰਗ ਰਹਿ ਗਏ। ਅੱਜ ਇੱਥੇ ਇਹ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿੱਚ ਚਲਾਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ 5ਵੀਂ ਕਮਾਂਡੋ ਬਟਾਲੀਅਨ, ਬਠਿੰਡਾ ਵਿੱਚ ਤਾਇਨਾਤ ਹੌਲਦਾਰ (ਐਚਸੀ) ਨਛੱਤਰ ਸਿੰਘ ਨੂੰ 50ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਮੁਲਾਜ਼ਮ ਨਛੱਤਰ ਸਿੰਘ ਰਿਸ਼ਵਤ ਦੀ ਇਹ ਰਕਮ ਮੁੱਖ ਮੁਲਜ਼ਮ ਕਮਾਂਡੋ ਡਰਿੱਲ ਅਫਸਰ (ਸੀ.ਡੀ.ਓ.) ਹੌਲਦਾਰ ਤਰਸੇਮ ਸਿੰਘ ਦੇ ਨਾਂ ’ਤੇ ਰਿਸ਼ਵਤ ਲੈ ਰਿਹਾ ਸੀ ਜੋ ਗ੍ਰਿਫ਼ਤਾਰੀ ਤੋਂ ਬਚਣ ਲਈ ਫਰਾਰ ਹੋ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ 5ਵੀਂ ਕਮਾਂਡੋ ਬਟਾਲੀਅਨ ਵਿੱਚ ਤਾਇਨਾਤ ਇੱਕ ਹੋਰ ਹੌਲਦਾਰ ਪਰਮਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਸੀ.ਡੀ.ਓ. ਤਰਸੇਮ ਸਿੰਘ ਨੇ ਉਸ ਨੂੰ ਇੱਕ ਪੁਲਿਸ ਕੇਸ ਕਰਕੇ ਨੌਕਰੀ ਤੋਂ ਦੋ ਸਾਲ ਦੀ ਸਥਾਈ ਬਰਖ਼ਾਸਤਗੀ ਸਬੰਧੀ ਵਿਭਾਗੀ ਜਾਂਚ ਵਿੱਚ ਸ਼ਿਕਾਇਤਕਰਤਾ ਦੀ ਮਦਦ ਕਰਨ ਬਦਲੇ 50ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਸ਼ਿਕਾਇਤ ਅਨੁਸਾਰ ਤਰਸੇਮ ਸਿੰਘ ਨੇ ਸ਼ਿਕਾਇਤਕਰਤਾ ਨੂੰ ਰਿਸ਼ਵਤ ਦੀ ਰਕਮ ਉਸ ਨਾਲ ਤਾਇਨਾਤ ਸਹਾਇਕ ਹੌਲਦਾਰ ਨਛੱਤਰ ਸਿੰਘ ਨੂੰ ਸੌਂਪਣ ਲਈ ਕਿਹਾ ਸੀ ਕਿਉਂਕਿ ਉਹ ਖੁਦ ਇਹ ਪੈਸੇ ਲੈਣ ਲਈ ਮੌਜੂਦ ਨਹੀਂ ਸੀ।
ਬੁਲਾਰੇ ਨੇ ਦੱਸਿਆ ਕਿ ਇਸ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ ਨੇ ਮੁੱਢਲੀ ਜਾਂਚ ਕੀਤੀ ਅਤੇ ਵਿਜੀਲੈਂਸ ਬਿਊਰੋ ਦੀ ਬਠਿੰਡਾ ਯੂਨਿਟ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਹੌਲਦਾਰ ਨਛੱਤਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ । ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਦੋਵਾਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਵਿਜੀਲੈਂਸ ਬਿਓਰੋ ਵੱਲੋਂ ਫਰਾਰ ਚੱਲ ਰਹੇ ਤਰਸੇਮ ਸਿੰਘ ਨੂੰ ਫੜਨ ਦੀਆਂ ਯਤਨ ਜਾਰੀ ਹਨ ਅਤੇ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।