ਜੀ.ਐਸ.ਟੀ. ਅਧੀਨ ਸਰਵਿਸ ਪ੍ਰੋਵਾਇਡਰਜ਼ ਰਜਿਸਟਰਡ ਕਰਵਾਉਣ ਲਈ ਜਾਗਰੂਕਤਾ ਮੁਹਿੰਮ ਚਲਾਈ
ਅਸ਼ੋਕ ਵਰਮਾ
ਬਠਿੰਡਾ, 23 ਜਨਵਰੀ 2025 : ਵਿੱਤ ਕਮਿਸ਼ਨਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਹਾਇਕ ਕਮਿਸ਼ਨਰ ਰਾਜ ਕਰ, ਬਠਿੰਡਾ ਪ੍ਰਭਦੀਪ ਕੌਰ ਦੇ ਹੁਕਮਾਂ ਅਨੁਸਾਰ ਜ਼ਿਲ੍ਹੇ ਵਿੱਚ ਵੱਖ-ਵੱਖ ਐਸ.ਟੀ.ਓ (ਸਟੇਟ ਟੈਕਸ ਅਫਸਰ) ਤੇ ਐਸ.ਟੀ.ਆਈ (ਸਟੇਟ ਟੈਕਸ ਇੰਸਪੈਕਟਰ) ਦੇ ਨਾਲ ਸਹਾਇਕ ਸਟਾਫ ਨੂੰ ਤੈਨਾਤ ਕਰਕੇ ਸਰਵਿਸ ਪ੍ਰੋਵਾਇਡਰਜ਼ ਨੂੰ ਜੀ.ਐਸ.ਟੀ. ਅਧੀਨ ਰਜਿਸਟਰਡ ਕਰਵਾਉਣ ਲਈ 10 ਫਰਵਰੀ 2025 ਤੱਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ।
ਇਸ ਮੁਹਿੰਮ ਦੌਰਾਨ ਜਿਲ੍ਹੇ ਦੇ ਵੱਖ-ਵੱਖ ਸਥਾਨਾਂ 'ਤੇ ਡੀਲਰਾਂ ਅਤੇ ਸਰਵਿਸ ਪ੍ਰੋਵਾਇਡਰਜ਼ ਨੂੰ ਜੀ.ਐਸ.ਟੀ. ਰਜਿਸਟ੍ਰੇਸ਼ਨ ਦੇ ਫਾਇਦੇ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਜੀ.ਐਸ.ਟੀ. ਨਾਲ ਜੁੜਨ ਦੇ ਅਰਥਸ਼ਾਸਤਰੀ ਮਹੱਤਵ ਤੇ ਇਸ ਨਾਲ ਜੁੜੇ ਨਵੇਂ ਮੌਕਿਆਂ ਬਾਰੇ ਵਿਸਥਾਰ ’ਚ ਸਮਝਾਇਆ ਗਿਆ ।
ਜਾਗਰੂਕਤਾ ਮੁਹਿੰਮ ਦੌਰਾਨ ਸਟਾਫ ਨੇ ਡੀਲਰਾਂ ਦੀਆਂ ਸ਼ੰਕਾਵਾਂ ਦਾ ਸਮਾਧਾਨ ਕੀਤਾ ਅਤੇ ਜ਼ਰੂਰੀ ਦਸਤਾਵੇਜ਼ਾਂ ਸਬੰਧੀ ਸਹਾਇਤਾ ਪ੍ਰਦਾਨ ਕੀਤੀ। ਇਸ ਦੇ ਨਾਲ ਹੀ ਕਈ ਡੀਲਰਾਂ ਨੂੰ ਮੋਕੇ 'ਤੇ ਹੀ ਜੀ.ਐਸ.ਟੀ. ਅਧੀਨ ਰਜਿਸਟਰਡ ਕੀਤਾ ਗਿਆ, ਜਿਸ ਨਾਲ ਇਹ ਮੁਹਿੰਮ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ ਸਿੱਧ ਹੋਵੇਗੀ ।
ਇਹ ਜਾਗਰੂਕਤਾ ਮੁਹਿੰਮ ਦਾ ਮੁੱਖ ਮਕਸਦ ਡੀਲਰਾਂ ਨੂੰ ਜੀ.ਐਸ.ਟੀ. ਦੀ ਲਾਗੂ ਪ੍ਰਕਿਰਿਆ ਬਾਰੇ ਆਗਾਹ ਕਰਨਾ, ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣਾ ਅਤੇ ਵੱਧ ਤੋਂ ਵੱਧ ਡੀਲਰਾਂ ਨੂੰ ਰਜਿਸਟਰਡ ਕਰਕੇ ਰਾਜ ਦੇ ਆਮਦਨੀ ਸਰੋਤ ਵਿੱਚ ਵਾਧਾ ਕਰਨਾ ਹੈ।