ਸਿੱਖਿਆ ਦਾ ਮਾਧਿਅਮ ਬਣੇ ਮਾਂ ਬੋਲੀ
ਵਿਜੈ ਗਰਗ
ਭਾਰਤ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਅੰਗਰੇਜ਼ੀ ਭਾਸ਼ਾ ਦਾ ਦਬਦਬਾ ਬਰਕਰਾਰ ਹੈ ਅਤੇ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਭਾਰਤੀ ਉਪਮਹਾਂਦੀਪ ਵਿੱਚ ਵਸਦੇ ਵੱਖ-ਵੱਖ ਕੌਮੀਅਤਾਂ ਦੇ ਲੋਕਾਂ ਦੀਆਂ ਭਾਸ਼ਾਵਾਂ ਨੂੰ ਅੰਗਰੇਜ਼ੀ ਨੇ ਨੁੱਕਰੇ ਲਾ ਛੱਡਿਆ ਹੈ। ਸਭ ਸੂਬਿਆਂ ਅਤੇ ਕੇਂਦਰੀ ਪੱਧਰ ’ਤੇ ਸਰਕਾਰੀ ਕੰਮਕਾਜ ਦੀ ਭਾਸ਼ਾ ਅੰਗਰੇਜ਼ੀ ਹੈ। ਉਚੇਰੀ ਸਿੱਖਿਆ, ਖ਼ਾਸ ਕਰਕੇ ਵਿਗਿਆਨਕ ਅਤੇ ਤਕਨੀਕੀ ਸਿੱਖਿਆ ਦਾ ਮਾਧਿਅਮ ਵੀ ਅੰਗਰੇਜ਼ੀ ਹੀ ਹੈ। ਨੌਕਰੀਆਂ ਅਤੇ ਉੱਚ ਸਿੱਖਿਆ ਲਈ ਲਗਭਗ ਸਾਰੀਆਂ ਪ੍ਰੀਖਿਆਵਾਂ ਦਾ ਮਾਧਿਅਮ ਵੀ ਅੰਗਰੇਜ਼ੀ ਹੈ। ਭਾਰਤ ਵਿੱਚ ਚੰਗੇ ਕਰੀਅਰ ਦਾ ਰਾਹ ਚੰਗੀ ਅੰਗਰੇਜ਼ੀ ਰਾਹੀਂ ਲੰਘਦਾ ਹੈ। ਅੱਜ ਅੰਗਰੇਜ਼ੀ ਇੱਕ ਫੈਸ਼ਨ ਅਤੇ ਸਮਾਜਿਕ ਮਾਣ ਸਨਮਾਨ ਦਾ ਇੱਕ ਚਿੰਨ੍ਹ ਹੈ।
ਪੰਜਾਬੀ ਭਾਸ਼ਾ ਦੇ ਸੰਦਰਭ ’ਚ ਗੱਲ ਕਰਨੀ ਹੋਵੇ ਤਾਂ ਅਸੀਂ ਦੂਹਰੀ ਗ਼ੁਲਾਮੀ ਦੇ ਸ਼ਿਕਾਰ ਹਾਂ। ਅਸੀਂ ਅੰਗਰੇਜ਼ੀ ਦੇ ਨਾਲ ਨਾਲ ਹਿੰਦੀ ਦੀ ਗ਼ੁਲਾਮੀ ਵੀ ਹੰਢਾ ਰਹੇ ਹਾਂ। ਪੰਜਾਬ ਦੇ ਕਈ ਸ਼ਹਿਰੀ ਖੇਤਰਾਂ ਵਿੱਚ ਅੱਜ ਹਿੰਦੀ ਅਖ਼ਬਾਰਾਂ ਦੀ ਸਰਕੂਲੇਸ਼ਨ ਪੰਜਾਬੀ ਅਖ਼ਬਾਰਾਂ ਨੂੰ ਪਿੱਛੇ ਛੱਡ ਗਈ ਹੈ ਅਤੇ ਕਈ ਥਾਵੇਂ ਬਰਾਬਰ ਦੀ ਟੱਕਰ ਦੇ ਰਹੀ ਹੈ। ਇਸ ਦੀ ਇੱਕ ਵਜ੍ਹਾ ਤਾਂ ਇਹ ਹੈ ਕਿ ਪੰਜਾਬ ਦੇ ਸ਼ਹਿਰਾਂ ਵਿੱਚ ਹਿੰਦੀ ਭਾਸ਼ੀ ਆਬਾਦੀ ਵੱਡੀ ਗਿਣਤੀ ’ਚ ਆਣ ਵਸੀ ਹੈ। ਨਿਸ਼ਚੇ ਹੀ ਉਨ੍ਹਾਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਅਖ਼ਬਾਰ ਅਤੇ ਜਾਣਕਾਰੀ ਦੇ ਹੋਰ ਸਾਧਨ ਮੁਹੱਈਆ ਹੋਣਾ ਗ਼ਲਤ ਨਹੀਂ ਹੈ। ਇਸ ਦੀ ਦੂਜੀ ਵਜ੍ਹਾ ਇਹ ਹੈ ਕਿ ਅੱਜ ਪੰਜਾਬ ਦਾ ਮੱਧ ਵਰਗ ਅਤੇ ਖ਼ਾਸਕਰ ਸ਼ਹਿਰੀ ਮੱਧ ਵਰਗ ਆਪਣੀ ਮਾਂ ਬੋਲੀ ਨਾਲ ਗੱਦਾਰੀ ਕਰ ਗਿਆ ਹੈ। ਉਹ ਅੰਗਰੇਜ਼ੀ ਹਿੰਦੀ ਮਗਰ ਦੌੜ ਰਿਹਾ ਹੈ। ਇਨ੍ਹਾਂ ਘਰਾਂ ’ਚ ਬੱਚਿਆਂ ਨੂੰ ਬਚਪਨ ਤੋਂ ਹੀ ਅੰਗਰੇਜ਼ੀ ਤੇ ਦੂਜੇ ਨੰਬਰ ’ਤੇ ਹਿੰਦੀ ਬੋਲਣ ਦੀ ਆਦਤ ਪਾਈ ਜਾ ਰਹੀ ਹੈ। ਪੰਜਾਬੀ ਬੋਲਣ ਨੂੰ ਨਿਰਉਤਸ਼ਾਹਿਤ ਕੀਤਾ ਜਾਂਦਾ ਹੈ। ਪੰਜਾਬ ਦਾ ਮੱਧ ਵਰਗ (ਸ਼ਹਿਰੀ) ਹੁਣ ਅੰਗਰੇਜ਼ੀ ਜਾਂ ਹਿੰਦੀ ਬੋਲਣ ’ਚ ਹੀ ਮਾਣ ਸਮਝਦਾ ਹੈ।
ਹਿੰਦੀ ਭਾਰਤ ਦੇ ਬਹੁਤ ਵੱਡੇ ਇਲਾਕੇ ਵਿੱਚ ਬੋਲੀ ਜਾਂਦੀ ਹੈ। ਭਾਰਤ ਦੇ ਹਾਕਮ ਇਸ ਨੂੰ ਕੌਮੀ ਭਾਸ਼ਾ ਕਹਿੰਦੇ ਹਨ, ਪਰ ਇਹ ਦੇਸ਼ ਵਿੱਚ ਸਰਕਾਰੀ ਕੰਮਕਾਜ ਦੀ ਭਾਸ਼ਾ ਹੈ। ਆਜ਼ਾਦੀ ਤੋਂ ਬਾਅਦ ਭਾਰਤ ਦੇ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕਾਂ ’ਤੇ ਹਿੰਦੀ ਥੋਪਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਖ਼ਾਸਕਰ ਦੱਖਣੀ ਸੂਬਿਆਂ ’ਚ ਜ਼ਬਰਦਸਤ ਵਿਰੋਧ ਹੋਇਆ। ਜਦ ਭਾਰਤ ਹੀ ਇੱਕ ਕੌਮ ਨਹੀਂ ਤਾਂ ਇਸ ਦੀ ਕੋਈ ਕੌਮੀ ਭਾਸ਼ਾ ਵੀ ਨਹੀਂ ਹੋ ਸਕਦੀ। ਭਾਰਤੀ ਉਪ-ਮਹਾਂਦੀਪ ਕਈ ਕੌਮੀਅਤਾਂ ਦਾ ਘਰ ਹੈ। ਸਾਂਝੇ ਖਿੱਤੇ ਅਤੇ ਸਾਂਝੇ ਸੱਭਿਆਚਾਰ ਤੋਂ ਇਲਾਵਾ ਭਾਸ਼ਾ ਉਹ ਅਹਿਮ ਅੰਗ ਹੈ ਜੋ ਮਿਲ ਕੇ ਕਿਸੇ ਕੌਮੀਅਤ ਦੀ ਰਚਨਾ ਕਰਦੇ ਹਨ। ਇਸ ਲਈ ਵੱਖ-ਵੱਖ ਕੌਮੀਅਤਾਂ ਦੀਆਂ ਭਾਸ਼ਾਵਾਂ ਨੂੰ ਦਬਾਏ ਜਾਣ ਦਾ ਜ਼ਬਰਦਸਤ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਹਾਂ, ਭਾਰਤ ’ਚ ਵਸਦੀਆਂ ਵੱਖ-ਵੱਖ ਕੌਮੀਅਤਾਂ ਦੇ ਲੋਕਾਂ ਨੂੰ ਆਪਸ ਵਿੱਚ ਸੰਚਾਰ ਕਰਨ ਲਈ ਇੱਕ ਸੰਪਰਕ ਭਾਸ਼ਾ ਦੀ ਲੋੜ ਜ਼ਰੂਰ ਹੈ। ਆਪਣੇ ਭੂਗੋਲਿਕ ਪਸਾਰੇ ਕਾਰਨ ਹਿੰਦੀ ਅਜਿਹੀ ਸੰਪਰਕ ਭਾਸ਼ਾ ਵਜੋਂ ਸਭ ਤੋਂ ਯੋਗ ਹੋ ਸਕਦੀ ਹੈ, ਪਰ ਇਸ ਦੀ ਚੋਣ ਵੀ ਭਾਰਤ ਦੀਆਂ ਸਭ ਕੌਮੀਅਤਾਂ ਦੇ ਲੋਕਾਂ ਦੀ ਆਪਸੀ ਸਹਿਮਤੀ ਨਾਲ ਹੋਣੀ ਚਾਹੀਦੀ ਹੈ।
ਪੰਜਾਬ ਵਿੱਚ ਅੱਜ ਅਜਿਹੇ ਸਕੂਲ ਵੀ ਹਨ ਜਿੱਥੇ ਪੰਜਾਬੀ ਬੋਲਣ ਉੱਪਰ ਪਾਬੰਦੀ ਹੈ। ਨਿਸ਼ਚੇ ਹੀ ਭਾਰਤ ਦੇ ਹੋਰਨਾਂ ਸੂਬਿਆਂ ’ਚ ਵੀ ਅਜਿਹੇ ਸਕੂਲ ਹੋਣਗੇ ਜਿੱਥੇ ਬੱਚਿਆਂ ਦੇ ਮਾਂ ਬੋਲੀ ਬੋਲਣ ’ਤੇ ਪਾਬੰਦੀ ਹੋਵੇਗੀ। ਅਜਿਹੇ ਸਕੂਲਾਂ ਬਾਰੇ ਜਾਣ ਕੇ ਕੀਨੀਆ ਦੇ ਲੇਖਕ ਨਗੂਗੀ ਵਾ ਥਯੋਂਗੋ ਦੇ ਬੋਲ ਯਾਦ ਆਉਂਦੇ ਹਨ। ਨਗੂਗੀ ਦਾ ਕਹਿਣਾ ਹੈ ਕਿ ਜਦੋਂ ਉਸ ਦਾ ਦੇਸ਼ ਬ੍ਰਿਟੇਨ ਦਾ ਗ਼ੁਲਾਮ ਸੀ, ਜਿਹੜੇ ਸਕੂਲ ਵਿੱਚ ਉਹ ਬਚਪਨ ਵਿੱਚ ਪੜ੍ਹਦਾ ਸੀ, ਉੱਥੇ ਬੱਚਿਆਂ ’ਤੇ ਸਥਾਨਕ ਭਾਸ਼ਾ (ਗਿਕਯੂ) ਬੋਲਣ ’ਤੇ ਪਾਬੰਦੀ ਸੀ। ਜੇਕਰ ਬੱਚੇ ਕਦੇ ਗ਼ਲਤੀ ਨਾਲ ਵੀ ਆਪਣੀ ਮਾਂ ਬੋਲੀ ’ਚ ਗੱਲ ਕਰ ਲੈਂਦੇ ਤਾਂ ਉਨ੍ਹਾਂ ਨੂੰ ਬੈਂਤਾਂ ਨਾਲ ਕੁੱਟਿਆ ਜਾਂਦਾ ਸੀ। ਬੱਚੇ ਦੇ ਮੂੰਹ ’ਚ ਕਾਗਜ਼ ਤੁੰਨ ਦਿੱਤੇ ਜਾਂਦੇ ਸਨ, ਫਿਰ ਇੱਕ ਬੱਚੇ ਦੇ ਮੂੰਹ ’ਚੋਂ ਉਹ ਕਾਗਜ਼ ਕੱਢ ਕੇ ਦੂਸਰੇ ਬੱਚੇ ਦੇ ਮੂੰਹ ਵਿੱਚ ਤੁੰਨੇ ਜਾਂਦੇ ਸਨ, ਫਿਰ ਇਹੀ ਕਾਗਜ਼ ਤੀਸਰੇ, ਫਿਰ ਚੌਥੇ ਅਤੇ ਅੱਗੇ ਉਨ੍ਹਾਂ ਸਭ ਬੱਚਿਆਂ ਦੇ ਵਿੱਚ ਇਹ ਜੂਠੇ ਕਾਗਜ਼ ਦਿੱਤੇ ਜਾਂਦੇ ਸਨ, ਜਿਨ੍ਹਾਂ ਆਪਣੀ ਮਾਂ ਬੋਲੀ ਬੋਲਣ ਦਾ ‘ਗੁਨਾਹ’ ਕੀਤਾ ਹੋਵੇ।
ਪੰਜਾਬੀ ਭਾਸ਼ਾ ਸਭ ਕੁਝ ਨੂੰ ਪ੍ਰਗਟਾਉਣ ਦੇ ਪੂਰੀ ਤਰ੍ਹਾਂ ਸਮੱਰਥ ਹੈ, ਪਰ ਸਾਡੇ ਕੁਝ ਬੁੱਧੀਜੀਵੀਆਂ ਦਾ ਅੰਗਰੇਜ਼ੀ ਪ੍ਰੇਮ ਇਹ ਦਿਖਾਉਂਦਾ ਹੈ ਕਿ ਪੰਜਾਬੀ ਜ਼ੁਬਾਨ ਅਤੇ ਪੰਜਾਬੀ ਲੋਕਾਂ ਤੋਂ ਉਹ ਕਿੰਨੇ ਦੂਰ ਜਾ ਚੁੱਕੇ ਹਨ। ਚਾਹੀਦਾ ਤਾਂ ਇਹ ਹੈ ਕਿ ਆਪਣੀ ਭਾਸ਼ਾ ਵਿੱਚ ਲਿਖਿਆ ਜਾਵੇ ਅਤੇ ਬਾਅਦ ਵਿੱਚ ਲੋੜ ਮੁਤਾਬਿਕ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਵੇ।
ਪੰਜਾਬੀ ਦੇ ਸਾਹਿਤਕ ਪਰਚਿਆਂ ਤੋਂ ਪੰਜਾਬੀ ਭਾਸ਼ਾ ਦੀ ਤਰੱਕੀ ਦੀ ਆਸ ਕੀਤੀ ਜਾਂਦੀ ਹੈ, ਪਰ ਕਈ ਪਰਚੇ ਪੰਜਾਬੀ ਭਾਸ਼ਾ ਦਾ ਕਬਾੜਾ ਕਰੀ ਜਾ ਰਹੇ ਹਨ। ਇਨ੍ਹਾਂ ਵਿੱਚ ਛਪਦੇ ਕੁਝ ਸਾਹਿਤ ਚੋਰ ਲੇਖਕ ਅਕਸਰ ਹਿੰਦੀ ਅਤੇ ਜੇਕਰ ਕਿਸੇ ਦੀ ਪਹੁੰਚ ਹੋਵੇ ਤਾਂ ਅੰਗਰੇਜ਼ੀ ਤੋਂ ‘ਮਾਲ’ ਚੋਰੀ ਕਰਦੇ ਹਨ। ਚੋਰੀ ਕੀਤੇ ਹੋਏ ਇਸ ‘ਮਾਲ’ ਰਾਹੀਂ ਉਹ ਹਿੰਦੀ, ਅੰਗਰੇਜ਼ੀ ਦੇ ਸ਼ਬਦ ਵੀ ਥੋਕ ’ਚ ਪੰਜਾਬੀ ਭਾਸ਼ਾ ਵਿੱਚ ਲਿਆ ਰਹੇ ਹਨ। ਹਾਲਾਂਕਿ, ਹੋਰਨਾਂ ਭਾਸ਼ਾਵਾਂ ’ਚੋਂ ਲਏ ਜਾਣ ਵਾਲੇ ਸ਼ਬਦਾਂ ਦੇ ਅਰਥਾਂ ਨੂੰ ਪ੍ਰਗਟਾਉਣ ਦੇ ਸਮਰੱਥ ਸਾਰੇ ਸ਼ਬਦ ਪੰਜਾਬੀ ਭਾਸ਼ਾ ’ਚ ਵੀ ਮੌਜੂਦ ਹਨ। ਕੁਝ ਬੁੱਧੀਜੀਵੀ ਸਿਰਫ਼ ਬੌਧਿਕਤਾ ਘੋਟਣ ਲਈ ਵੀ ਹਿੰਦੀ ਅੰਗਰੇਜ਼ੀ ਦਾ ਇਸਤੇਮਾਲ ਕਰਦੇ ਹਨ। ਕਈ ਸਿਆਸੀ ਪਾਰਟੀਆਂ/ਗਰੁੱਪ ਵੀ ਆਪਣੇ ਰਸਾਲੇ ਅਤੇ ਅਖ਼ਬਾਰ ਅੰਗਰੇਜ਼ੀ ਵਿੱਚ ਹੀ ਕੱਢਦੇ ਹਨ। ਇੱਥੋਂ ਤੱਕ ਕਿ ਸਾਮਰਾਜਵਾਦੀ ਗ਼ੁਲਾਮੀ ਵਿਰੁੱਧ ਸਭ ਤੋਂ ਵੱਧ ਨਾਅਰੇ ਲਾਉਣ ਵਾਲਿਆਂ ਦਾ ਵੀ ਇਹੋ ਹਾਲ ਹੈ। ਸਾਮਰਾਜਵਾਦੀ ਗ਼ੁਲਾਮੀ ਵਿਰੁੱਧ ਨਾਅਰੇ ਲਾਉਣ ਵਾਲੇ ਖ਼ੁਦ ਹੀ ਮਾਨਸਿਕ ਤੌਰ ’ਤੇ ਸਾਮਰਾਜਵਾਦੀਆਂ (ਅਮਰੀਕਾ, ਬ੍ਰਿਟੇਨ) ਦੀ ਭਾਸ਼ਾ ਦੇ ਗ਼ੁਲਾਮ ਹਨ।
‘ਪੜ੍ਹੇ ਲਿਖੇ’ ਲੋਕਾਂ ਦਰਮਿਆਨ ਰੋਜ਼ਮੱਰ੍ਹਾ ਦੀ ਗੱਲਬਾਤ ’ਚ ਅੰਗਰੇਜ਼ੀ ਦੇ ਸ਼ਬਦਾਂ ਦਾ ਵੱਡੀ ਪੱਧਰ ’ਤੇ ਇਸਤੇਮਾਲ ਫੈਸ਼ਨ ਬਣ ਚੁੱਕਾ ਹੈ। ਇਹ ਮਾਨਸਿਕ ਗ਼ੁਲਾਮੀ ਦਾ ਇੱਕ ਹੋਰ ਪ੍ਰਗਟਾਵਾ ਹੈ।
ਅੰਗਰੇਜ਼ੀ ਸਾਡੀ ਚੋਣ ਨਹੀਂ, ਮਜਬੂਰੀ ਹੈ। ਹਾਕਮਾਂ ਨੇ ਸਾਡੇ ਉੱਪਰ ਇੱਕ ਵਿਦੇਸ਼ੀ ਭਾਸ਼ਾ ਥੋਪ ਰੱਖੀ ਹੈ। ਪੰਜਾਬ ਵਿੱਚ ਪਹਿਲਾਂ ਛੇਵੀਂ ਜਮਾਤ ਤੋਂ ਅੰਗਰੇਜ਼ੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਂਦੀ ਸੀ ਤੇ ਬਾਅਦ ਵਿੱਚ ਜਥੇਦਾਰ ਤੋਤਾ ਸਿੰਘ ਨੇ ਇਸ ਨੂੰ ਪਹਿਲੀ ਜਮਾਤ ਤੋਂ ਲਾਜ਼ਮੀ ਬਣਾ ਦਿੱਤਾ। ਅਨੇਕਾਂ ਵਿਦਿਆਰਥੀ ਅੰਗਰੇਜ਼ੀ ਚੰਗੀ ਨਾ ਹੋਣ ਕਾਰਨ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਪਾਉਂਦੇ। ਇਹ ਕੋਈ ਪੈਮਾਨਾ ਨਹੀਂ ਕਿ ਜੋ ਅੰਗਰੇਜ਼ੀ ਚੰਗੀ ਤਰ੍ਹਾਂ ਜਾਣਦਾ ਹੋਵੇ ਉਹੀ ਵਿਦਿਆਰਥੀ ਬੁੱਧੀਮਾਨ ਹੋਵੇਗਾ। ਸੰਸਾਰ ਵਿੱਚ ਅਨੇਕਾਂ ਅਜਿਹੇ ਦੇਸ਼ ਹਨ ਜੋ ਅੰਗਰੇਜ਼ੀ ਦੇ ਗ਼ੁਲਾਮ ਨਹੀਂ ਹਨ। ਉੱਥੋਂ ਦੇ ਲੋਕਾਂ ਨੇ ਆਪਣੀਆਂ ਭਾਸ਼ਾਵਾਂ ਵਿੱਚ ਪੜ੍ਹਾਈ ਕਰਕੇ ਸਾਹਿਤ, ਕਲਾ, ਵਿਗਿਆਨ ਆਦਿ ਗਿਆਨ ਦੇ ਹਰ ਖੇਤਰ ’ਚ ਨਵੇਂ-ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਰੂਸ, ਜਪਾਨ, ਫਰਾਂਸ, ਜਰਮਨੀ ਆਦਿ ਅਜਿਹੇ ਕਈ ਦੇਸ਼ ਹਨ ਜਿਨ੍ਹਾਂ ਦਾ ਅੰਗਰੇਜ਼ੀ ਤੋਂ ਬਿਨਾਂ ਹੀ ਸਰਦਾ ਹੈ। ਇਨ੍ਹਾਂ ਮੁਲਕਾਂ ’ਚ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ’ਚ ਹੀ ਪੜ੍ਹਨ ਦਾ ਮੌਕਾ ਮਿਲਦਾ ਹੈ। ਦੇਖਿਆ ਜਾਵੇ ਤਾਂ ਅੰਗਰੇਜ਼ੀ ਇੰਗਲੈਂਡ, ਅਮਰੀਕਾ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਦੀ ਹੀ ਭਾਸ਼ਾ ਹੈ। ਦੁਨੀਆ ਦੇ ਕਈ ਦੇਸ਼ਾਂ, ਖ਼ਾਸਕਰ ਅਫ਼ਰੀਕਾ ਅਤੇ ਏਸ਼ਿਆਈ ਦੇਸ਼ਾਂ ਵਿੱਚ ਜਿੱਥੇ ਲਗਭਗ ਪਿਛਲੀ ਇੱਕ ਸਦੀ ਤੋਂ ਅੰਗਰੇਜ਼ੀ ਸਥਾਨਕ ਭਾਸ਼ਾਵਾਂ ਨੂੰ ਦਬਾ ਰਹੀ ਹੈ, ਉੱਥੇ ਇਹ ਵਸੋਂ ਦੇ ਸਿਰਫ਼ ਇੱਕ ਛੋਟੇ ਜਿਹੇ ਹਿੱਸੇ (ਹਾਕਮ ਜਮਾਤਾਂ ਅਤੇ ਸ਼ਹਿਰੀ ਉੱਚ ਮੱਧਵਰਗ) ਦੀ ਹੀ ਭਾਸ਼ਾ ਬਣ ਸਕੀ ਹੈ। ਅੰਗਰੇਜ਼ੀ ਕਿਸੇ ਵੀ ਤਰ੍ਹਾਂ ਕੌਮਾਂਤਰੀ ਭਾਸ਼ਾ ਨਹੀਂ ਹੈ, ਜਿਵੇਂ ਕਿ ਕੁਝ ਲੋਕ ਇਸ ਨੂੰ ਪੇਸ਼ ਕਰਦੇ ਹਨ।
ਬੇਸ਼ੱਕ ਸੰਸਾਰ ਭਾਈਚਾਰੇ ਨੂੰ ਇੱਕ ਅਜਿਹੀ ਭਾਸ਼ਾ ਦੀ ਲੋੜ ਹੈ, ਜਿਸ ਰਾਹੀਂ ਵੱਖ-ਵੱਖ ਭਾਸ਼ਾਵਾਂ ਦੇ ਲੋਕ ਇੱਕ ਦੂਸਰੇ ਨਾਲ ਸੰਚਾਰ ਕਰ ਸਕਣ। ਇਹ ਭਾਸ਼ਾ ਅੰਗਰੇਜ਼ੀ ਵੀ ਹੋ ਸਕਦੀ ਹੈ ਅਤੇ ਸੰਸਾਰ ਦੀ ਕੋਈ ਹੋਰ ਭਾਸ਼ਾ ਵੀ। ਇਹ ਤਾਂ ਸੰਸਾਰ ਭਾਈਚਾਰਾ ਆਪਸੀ ਰਜ਼ਾਮੰਦੀ ਨਾਲ ਹੀ ਇੱਕ ਕੌਮਾਂਤਰੀ ਸੰਪਰਕ ਭਾਸ਼ਾ ਦੀ ਚੋਣ ਕਰੇ। ਇਹ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਸੰਸਾਰ ਦੇ ਲੋਕ ਸਰਮਾਏਦਾਰ-ਸਾਮਰਾਜਵਾਦੀ ਦਾਬੇ ਤੋਂ ਮੁਕਤ ਹੋਣਗੇ। ਅੱਜ ਦੇ ਸਮੇਂ ਵਿੱਚ ਤਾਂ ਭਾਸ਼ਾ ਵੀ ਸਾਮਰਾਜਵਾਦੀਆਂ ਅਤੇ ਉਨ੍ਹਾਂ ਦੇ ਸਥਾਨਕ ਜੋਟੀਦਾਰਾਂ ਦੇ ਹੱਥਾਂ ਵਿੱਚ ਕਿਰਤੀ ਲੋਕਾਂ ਨੂੰ ਲੁੱਟਣ, ਉਨ੍ਹਾਂ ਦੀ ਭਾਸ਼ਾ ਅਤੇ ਸੱਭਿਆਚਾਰ ਨੂੰ ਖ਼ਤਮ ਕਰਨ ਦਾ ਜ਼ਬਰਦਸਤ ਹਥਿਆਰ ਹੈ। ਭਾਸ਼ਾ ਉਹ ਸਾਧਨ ਹੈ ਜਿਸ ਰਾਹੀਂ ਇਨਸਾਨ ਆਪਸ ਵਿੱਚ ਸੰਵਾਦ ਕਰਦੇ, ਬੀਤੇ ਤੋਂ ਸਬਕ ਲੈਂਦੇ ਅਤੇ ਭਵਿੱਖ ਦੇ ਸੁਪਨੇ ਵੇਖਦੇ ਹਨ। ਕਿਰਤੀ ਲੋਕ ਲੁੱਟ, ਅਨਿਆਂ ਅਤੇ ਦਾਬੇ ਤੋਂ ਮੁਕਤ ਸਮਾਜ ਦੇ ਸੁਪਨੇ ਆਪਣੀ ਭਾਸ਼ਾ ’ਚ ਹੀ ਦੇਖ ਸਕਦੇ ਹਨ। ਆਪਣੀ ਭਾਸ਼ਾ ’ਚ ਹੀ ਉਹ ਸਰਮਾਏਦਾਰ-ਸਾਮਰਾਜਵਾਦੀ ਲੁੱਟ-ਦਾਬੇ ਤੋਂ ਮੁਕਤੀ ਦੀਆਂ ਯੋਜਨਾਵਾਂ ਘੜ ਕੇ ਉਨ੍ਹਾਂ ਨੂੰ ਅਮਲ ’ਚ ਲਿਆ ਸਕਦੇ ਹਨ। ਭਾਸ਼ਾ ਜਮਾਤੀ ਸੰਘਰਸ਼ ਦਾ ਸਭ ਤੋਂ ਮਹੱਤਵਪੂਰਨ ਹਥਿਆਰ ਹੈ ਤੇ ਹਾਕਮ ਸਾਥੋਂ ਇਹ ਹਥਿਆਰ ਖੋਹ ਲੈਣਾ ਚਾਹੁੰਦੇ ਹਨ।
ਭਾਸ਼ਾ ਦੇ ਮਾਮਲੇ ’ਚ ਸਾਡੇ ਸਮਾਜ ਦੀ ਹਾਲਤ ਬਹੁਤ ਗੰਭੀਰ ਹੈ। ਚਾਰੇ ਪਾਸੇ ਅੰਗਰੇਜ਼ੀ ਦਾ ਬੋਲਬਾਲਾ ਹੈ। ਅੰਗਰੇਜ਼ੀ ਸਿੱਖਣ ਲਈ ਪੂਰੇ ਸਮਾਜ ਵਿੱਚ ਦੌੜ ਜਿਹੀ ਲੱਗੀ ਹੋਈ ਹੈ। ਅੰਗਰੇਜ਼ੀ ਜਾਣਨ ਦਾ ਮਤਲਬ ਵਿਦਵਾਨਾਂ ’ਚ ਵੱਡਾ ਵਿਦਵਾਨ ਹੋਣਾ ਸਮਝਿਆ ਜਾਂਦਾ ਹੈ। ਜੋ ਅੰਗਰੇਜ਼ੀ ਨਹੀਂ ਸਿੱਖ ਪਾਉਂਦਾ, ਉਹ ਹੀਣ ਭਾਵਨਾ ਦਾ ਸ਼ਿਕਾਰ ਰਹਿੰਦਾ ਹੈ। ਅਜਿਹੇ ਸਮੇਂ ਇਸ ਭਾਸ਼ਾਈ ਗ਼ੁਲਾਮੀ ਵਿਰੁੱਧ ਬੋਲਣਾ ਧਾਰਾ ਦੇ ਖ਼ਿਲਾਫ਼ ਖੜ੍ਹੇ ਹੋਣਾ ਹੈ, ਪਰ ਸਾਨੂੰ ਧਾਰਾ ਦੇ ਖ਼ਿਲਾਫ਼ ਖੜ੍ਹੇ ਹੋਣਾ ਹੀ ਹੋਵੇਗਾ। ਅੱਜ ਪੂਰੇ ਭਾਰਤ ਵਿੱਚ ਗ਼ਰੀਬ ਕਿਰਤੀ ਲੋਕ ਹੀ ਆਪਣੀਆਂ ਮਾਂ-ਬੋਲੀਆਂ ਨੂੰ ਬਚਾ-ਸਾਂਭ ਰਹੇ ਹਨ। ਪੰਜਾਬ ਵਿੱਚ ਵੀ ਪੰਜਾਬ ਦੇ ਕਿਰਤੀ ਲੋਕ ਹੀ ਪੰਜਾਬੀ ਭਾਸ਼ਾ ਨੂੰ ਸਾਂਭ ਰਹੇ ਹਨ। ਕਿਰਤੀ ਲੋਕਾਂ ਦੀ ਪੂਰਨ ਮੁਕਤੀ ਲਈ ਸਮਰਪਿਤ ਪਾਰਟੀਆਂ/ਜਥੇਬੰਦੀਆਂ ਨੂੰ ਭਾਸ਼ਾਈ ਗ਼ੁਲਾਮੀ ਦੇ ਖ਼ਿਲਾਫ਼ ਖੜ੍ਹੇ ਹੋਣਾ ਹੀ ਹੋਵੇਗਾ।
ਭਾਸ਼ਾਈ ਗ਼ੁਲਾਮੀ ਵਿਰੁੱਧ ਸੰਘਰਸ਼ ਅੱਜ ਮੁਕੰਮਲ ਲੋਕ ਮੁਕਤੀ ਦੇ ਪ੍ਰੋਜੈਕਟ ਦਾ ਅਹਿਮ ਅੰਗ ਹੈ। ਅੰਗਰੇਜ਼ੀ ਦੀ ਗ਼ੁਲਾਮੀ ਵਿਰੁੱਧ ਸਾਨੂੰ ਕੁਝ ਠੋਸ ਕਦਮ ਚੁੱਕਣੇ ਹੋਣਗੇ। ਸਾਨੂੰ ਪੜ੍ਹਾਈ ਲਿਖਾਈ ਆਪਣੀ ਭਾਸ਼ਾ ਵਿੱਚ ਹੀ ਕਰਨੀ ਚਾਹੀਦੀ ਹੈ। ਜੋ ਗਿਆਨ ਸਾਡੀ ਭਾਸ਼ਾ ਵਿੱਚ ਮੁਹੱਈਆ ਨਾ ਹੋਵੇ, ਉਹ ਹੀ ਕਿਸੇ ਦੂਜੀ ਭਾਸ਼ਾ ਵਿੱਚ ਪੜ੍ਹਨਾ ਚਾਹੀਦਾ ਹੈ। ਲਿਖਣਾ ਸਾਨੂੰ ਪੰਜਾਬੀ ’ਚ ਹੀ ਚਾਹੀਦਾ ਹੈ ਅਤੇ ਬਾਅਦ ਵਿੱਚ ਲੋੜ ਮੁਤਾਬਿਕ ਦੂਜੀ ਭਾਸ਼ਾ ਵਿੱਚ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ। ਆਮ ਲੋਕਾਂ ’ਚ ਵੀ ਸਾਨੂੰ ਸਾਰਾ ਕੰਮਕਾਜ ਪੰਜਾਬੀ ਵਿੱਚ ਕਰਨ ਦੇ ਸੱਭਿਆਚਾਰ ਨੂੰ ਹੱਲਾਸ਼ੇਰੀ ਦੇਣੀ ਹੋਵੇਗੀ। ਆਮ ਲੋਕਾਂ ’ਚ ਲੇਖਾਂ, ਦੁਵਰਕੀਆਂ ਰਾਹੀਂ ਅਤੇ ਜ਼ੁਬਾਨੀ ਵੀ ਅੰਗਰੇਜ਼ੀ ਦੀ ਗ਼ੁਲਾਮੀ ਵਿਰੁੱਧ ਪ੍ਰਚਾਰ ਕਰਨਾ ਹੋਵੇਗਾ। ਅੰਗਰੇਜ਼ੀ ਨਾ ਸਿੱਖ ਸਕਣ ਦੀ ਹੀਣ ਭਾਵਨਾ ’ਚੋਂ ਲੋਕਾਂ ਨੂੰ ਉਭਾਰਨਾ ਹੋਵੇਗਾ। ਆਮ ਲੋਕਾਂ (ਪੰਜਾਬੀ ਭਾਸ਼ੀ) ਨਾਲ ਗੱਲਬਾਤ ਸਮੇਂ ਦੂਜੀਆਂ ਭਾਸ਼ਾਵਾਂ (ਅੰਗਰੇਜ਼ੀ, ਹਿੰਦੀ) ਦੇ ਸ਼ਬਦਾਂ ਦੀ ਵਰਤੋਂ ਤੋਂ ਬਚਦਿਆਂ ਸ਼ੁੱਧ ਪੰਜਾਬੀ ਬੋਲਣੀ ਚਾਹੀਦੀ ਹੈ।
ਸਰਕਾਰ ਤੋਂ ਵੀ ਇਹ ਮੰਗ ਕੀਤੀ ਜਾਣੀ ਚਾਹੀਦੀ ਹੈ ਕਿ ਮਾਤ ਭਾਸ਼ਾ ਨੂੰ ਅਮਲੀ ਰੂਪ ਵਿੱਚ ਵਿੱਦਿਆ ਦਾ ਮਾਧਿਅਮ ਬਣਾਇਆ ਜਾਵੇ, ਸਿਰਫ਼ ਕਾਗਜ਼ੀਂ-ਪੱਤਰੀਂ ਨਹੀਂ। ਇਹ ਸਰਬ-ਪ੍ਰਵਾਨਿਤ ਤੱਥ ਹੈ ਕਿ ਇਨਸਾਨ ਜਿਸ ਭਾਸ਼ਾ ਵਿੱਚ ਸੋਚਦਾ ਹੈ ਉਸੇ ਭਾਸ਼ਾ ’ਚ ਬਿਹਤਰ ਪੜ੍ਹ ਸਕਦਾ ਹੈ। ਭਾਸ਼ਾ ਦਾ ਲੋਕਾਂ ਦੇ ਸੱਭਿਆਚਾਰਕ ਜੀਵਨ ਅਤੇ ਉਨ੍ਹਾਂ ਦੇ ਭੂਗੋਲਿਕ ਵਾਤਾਵਰਣ ਨਾਲ ਡੂੰਘਾ ਸਬੰਧ ਹੁੰਦਾ ਹੈ। ਇਸ ਲਈ ਮਨੁੱਖ ਆਪਣੀ ਮਾਤ ਭਾਸ਼ਾ ’ਚ ਹੀ ਬਿਹਤਰ ਤਰੀਕੇ ਨਾਲ ਗਿਆਨ ਹਾਸਲ ਕਰ ਸਕਦਾ ਹੈ। ਹੋਰ ਭਾਸ਼ਾਵਾਂ ਸਿੱਖਣਾ ਕੋਈ ਬੁਰਾਈ ਦੀ ਗੱਲ ਨਹੀਂ, ਸਗੋਂ ਚੰਗੀ ਗੱਲ ਹੈ। ਕੋਈ ਜਿੰਨੀਆਂ ਵਧੇਰੇ ਭਾਸ਼ਾਵਾਂ ਸਿੱਖ ਸਕੇ, ਮਨੁੱਖਤਾ ਦੁਆਰਾ ਸਿਰਜੇ ਗਿਆਨ ਦੇ ਵਸੀਲਿਆਂ ਤੱਕ ਉਸ ਦੀ ਓਨੀ ਹੀ ਵਧੇਰੇ ਪਹੁੰਚ ਹੋਵੇਗੀ। ਕੋਈ ਵੀ ਭਾਸ਼ਾ ਕਿਸੇ ਭਾਸ਼ਾਈ ਸਮੂਹ ਜਾਂ ਕੌਮ ਉੱਪਰ ਥੋਪੀ ਨਹੀਂ ਜਾਣੀ ਚਾਹੀਦੀ। ਇਸ ਲਈ ਅੰਗਰੇਜ਼ੀ ਵੀ ਵਿਦਿਆਰਥੀਆਂ ਉੱਪਰ ਲਾਜ਼ਮੀ ਵਿਸ਼ੇ ਵਜੋਂ ਥੋਪੀ ਨਹੀਂ ਜਾਣੀ ਚਾਹੀਦੀ, ਸਗੋਂ ਇੱਕ ਚੋਣਵਾਂ ਵਿਸ਼ਾ ਹੋਣੀ ਚਾਹੀਦੀ ਹੈ ਤਾਂ ਕਿ ਜਿਸ ਨੂੰ ਜ਼ਰੂਰਤ ਜਾਪੇ ਉਹ ਹੀ ਅੰਗਰੇਜ਼ੀ ਪੜ੍ਹੇ। ਸਿਰਫ਼ ਅੰਗਰੇਜ਼ੀ ਹੀ ਕਿਉਂ, ਸੰਸਾਰ ਦੀਆਂ ਹੋਰ ਭਾਸ਼ਾਵਾਂ ਦੀ ਸਿੱਖਿਆ ਵੀ ਵਿਦਿਆਰਥੀਆਂ ਲਈ ਮੁਹੱਈਆ ਹੋਣੀ ਚਾਹੀਦੀ ਹੈ। ਭਾਸ਼ਾ ਦੀ ਚੋਣ ਦਾ ਹੱਕ ਵਿਦਿਆਰਥੀਆਂ ਨੂੰ ਦਿੱਤਾ ਜਾਣਾ ਚਾਹੀਦਾ ਹੈ।
ਭਾਸ਼ਾ ਦੀ ਸਮੱਸਿਆ ਬਾਰੇ ਇਹ ਕੋਈ ਅੰਤਿਮ ਸ਼ਬਦ ਨਹੀਂ ਹਨ। ਇਸ ਮਸਲੇ ਦੇ ਵੱਖ-ਵੱਖ ਪੱਖਾਂ ਉੱਪਰ ਬਹੁਤ ਕੁਝ ਲਿਖਿਆ ਜਾਣਾ ਚਾਹੀਦਾ ਹੈ।
-
ਵਿਜੈ ਗਰਗ, ਰਿਟਾਇਰਡ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਗਲੀ ਕੌਰ ਚੰਦ ਮਲੋਟ ਪੰਜਾਬ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.