ਪੰਜਾਬੀ ਮਾਂ ਬੋਲੀ ਦਾ ਝੰਡਾ ਬੁਲੰਦ ਕਰਨ ਦੇ ਅਹਿਦ ਨਾਲ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸੰਪੰਨ
- ਕਾਨਫਰੰਸ ਵੱਲੋਂ ਆਪਸੀ ਸਾਂਝੀ ਤੇ ਭਾਈਵਾਲੀ ਦਾ ਦਿੱਤਾ ਗਿਆ ਸੰਦੇਸ਼
- ਵਫ਼ਦ ਮੈਂਬਰਾਂ ਨੂੰ ਮੈਡਲਾਂ ਤੇ ਸਰਟੀਫਿਕੇਟ ਨਾਲ ਕੀਤਾ ਸਨਮਾਨਤ
- ਅਨੀਤਾ ਸਬਦੀਸ਼ ਦੇ ਨਾਟਕ ‘ਗੁੰਮਸ਼ੁਦਾ ਔਰਤ’ ਨੇ ਔਰਤਾਂ ਦੇ ਸਸ਼ਕਤੀਕਰਨ ਕਰਨ ਦਾ ਸੱਦਾ ਦਿੱਤਾ
- ਅਕਰਮ ਰਾਹੀ, ਪੰਮੀ ਬਾਈ, ਡੌਲੀ ਗੁਲੇਰੀਆ, ਸੁੱਖੀ ਬਰਾੜ, ਆਰਿਫ ਲੋਹਾਰ, ਇਮਰਾਨ ਸ਼ੌਕਤ ਅਲੀ ਤੇ ਸਤਨਾਮ ਨੇ ਬੰਨ੍ਹਿਆ ਸਮਾਂ
ਲਾਹੌਰ, 22 ਜਨਵਰੀ 2025 - ਪੰਜਾਬੀ ਮਾਂ ਬੋਲੀ ਦਾ ਝੰਡਾ ਬੁਲੰਦ ਕਰਨ ਅਤੇ ਇਸ ਦੇ ਪ੍ਰਚਾਰ ਤੇ ਪਸਾਰ ਲਈ ਸੁਹਿਰਦ ਯਤਨ ਕਰਨ ਦੇ ਅਹਿਦ ਨਾਲ ਲਾਹੌਰ ਵਿਖੇ ਚੱਲ ਰਹੀ ਤਿੰਨ ਰੋਜ਼ਾ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸੰਪੰਨ ਹੋ ਗਈ।ਕਾਨਫਰੰਸ ਦੇ ਮੁੱਖ ਪ੍ਰਬੰਧਕ ਤੇ ਸਾਬਕਾ ਵਜ਼ੀਰ ਫ਼ਖਰ ਜ਼ਮਾਨ ਨੇ ਸਮਾਪਤੀ ਸੈਸ਼ਨ ਦੌਰਾਨ ਵਫ਼ਦ ਵਿੱਚ ਸ਼ਾਮਲ ਸਾਰੇ ਮੈਂਬਰਾਂ ਨੂੰ ਮੈਡਲ ਤੇ ਸਰਟੀਫਿਕੇਟ ਨਾਲ ਸਨਮਾਨਤ ਕੀਤਾ।
ਪ੍ਰਧਾਨਗੀ ਮੰਡਲ ਵਿੱਚ ਬੈਠੇ ਫ਼ਖਰ ਜ਼ਮਾਨ ਨੇ ਡਾ ਦੀਪਕ ਮਨਮੋਹਨ ਸਿੰਘ, ਸਹਿਜਪ੍ਰੀਤ ਸਿੰਘ ਮਾਂਗਟ ਤੇ ਗੁਰਭਜਨ ਸਿੰਘ ਗਿੱਲ ਨੇ ਚਾਲੀ ਸਾਲਾਂ ਤੋਂ ਚੱਲ ਰਹੇ ਕਾਨਫਰੰਸਾਂ ਦੇ ਸਿਲਸਿਲੇ ਨੂੰ ਕਾਮਯਾਬ ਕਰਨ ਲਈ ਉਪਰਾਲੇ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਯਾਦ ਕੀਤਾ।ਆਉਣ ਵਾਲੇ ਸਮੇਂ ਵਿੱਚ ਕਾਫਰੰਸ ਦਾ ਦਾਇਰਾ ਵਧਾਉਣ ਅਤੇ ਸਾਲ ਵਿੱਚ ਨਿਰੰਤਰ ਕਰਵਾਉਣ ਦੀ ਗੱਲ ਵੀ ਕੀਤੀ। ਕਾਨਫਰੰਸ ਇੱਕ ਪੁੱਲ ਦਾ ਕੰਮ ਕਰ ਰਹੀ ਹੈ ਜਿਸ ਨਾਲ ਸਾਰੇ ਪੰਜਾਬੀ ਇਕੱਠੇ ਹੋ ਕੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰਦੇ ਹਨ।
ਡਾ ਸੁਰਿੰਦਰ ਸਿੰਘ ਸੰਘਾ ਨੇ ਸਮਾਪਤੀ ਸੈਸ਼ਨ ਦੌਰਾਨ ਤਿੰਨ ਰੋਜ਼ਾ ਕਾਨਫਰੰਸ ਬਾਰੇ ਮੁਲਾਂਕਣ ਪਰਚਾ ਪੜ੍ਹਦਿਆਂ ਕਿਹਾ ਕਿ ਸੂਫੀਇਜ਼ਮ ਦੇ ਵਿਸ਼ੇ ਉਪਰ ਕਰਵਾਈ ਇਸ ਕਾਨਫਰੰਸ ਦੌਰਾਨ ਦੋਵੇਂ ਪੰਜਾਂਬਾਂ ਦੀ ਆਪਸੀ ਸਾਂਝ ਤੇ ਭਾਈਵਾਲੀ ਸੰਦੇਸ਼ ਦਿੱਤਾ ਗਿਆ। ਸਾਹਿਤਕ, ਸੱਭਿਆਚਾਰਕ, ਮੁਸ਼ਾਇਰਾ ਅਤੇ ਪੁਸਤਕ ਰਿਲੀਜ਼ ਸਮੇਤ ਹੋਏ ਵੱਖ-ਵੱਖ ਸੈਸ਼ਨਾਂ ਦੌਰਾਨ ਲਏ ਗਏ ਅਹਿਦ ਨੂੰ ਅੱਗੇ ਤੋਰਨ ਲਈ ਸਿਰਤੋੜ ਯਤਨ ਜਾਰੀ ਰੱਖਣ ਦੀ ਗੱਲ ਆਖੀ ਗਈ।
ਅਲ ਹਮਰਾ ਸੈਂਟਰ ਵਿਖੇ ਸਮਾਪਤੀ ਮੌਕੇ ਕਰਵਾਏ ਸੱਭਿਆਚਾਰਕ ਤੇ ਸੰਗੀਤਕ ਪ੍ਰੋਗਰਾਮ ਦੌਰਾਨ ਅਨੀਤਾ ਸਬਦੀਸ਼ ਵੱਲੋਂ ਸਵਾ ਘੰਟੇ ਦੇ ਇੱਕ ਪਾਤਰੀ ਨਾਟਕ ‘ਗੁੰਮਸ਼ੁਦਾ ਔਰਤ’ ਨੇ ਔਰਤਾਂ ਦੇ ਸਸ਼ਕਤੀਕਰਨ ਕਰਨ ਦਾ ਸੱਦਾ ਦਿੱਤਾ। ਸੰਗੀਤਕ ਪ੍ਰੋਗਰਾਮ ਦੌਰਾਨ ਦੋਵੇਂ ਪੰਜਾਬਾਂ ਦੇ ਚੋਟੀ ਦੇ ਫਨਕਾਰਾਂ ਅਕਰਮ ਰਾਹੀ, ਪੰਮੀ ਬਾਈ, ਡੌਲੀ ਗੁਲੇਰੀਆ, ਸੁੱਖੀ ਬਰਾੜ, ਆਰਿਫ ਲੋਹਾਰ, ਇਮਰਾਨ ਸ਼ੌਕਤ ਅਲੀ ਤੇ ਸਤਨਾਮ ਨੇ ਆਪੋ-ਆਪਣੀਆਂ ਪੇਸ਼ਕਾਰੀਆਂ ਨਾਲ ਸਮਾਂ ਬੰਨ੍ਹਿਆ।ਪੰਮੀ ਬਾਈ ਦੇ ਗੀਤਾਂ ਉੱਪਰ ਸਾਰਾ ਹਾਲ ਝੂੰਮ ਉਠਿਆ।
ਕਾਨਫਰੰਸ ਦੇ ਸਮਾਪਤੀ ਸੈਸ਼ਨ ਵਿੱਚ ਲਹਿੰਦੇ ਪੰਜਾਬ ਦੀ ਸ਼ਾਇਰਾ ਬੁਸ਼ਰਾ ਏਜਾਜ ਦੀ ਪੁਸਤਕ “ਮੈਂ ਪੂਣੀ ਕੱਤੀ ਰਾਤ ਦੀ” ਦਾ ਗੁਰਮੁਖੀ ਐਡੀਸ਼ਨ ਵੀ ਰਿਲੀਜ਼ ਕੀਤਾ ਗਿਆ।