21ਵੀਂ ਪਸ਼ੂਧਨ ਗਣਨਾ : ਸੁਪਰਵਾਈਜ਼ਰਾਂ ਤੇ ਗਿਣਤੀਕਾਰਾਂ ਨੂੰ ਰਿਫਰੈਸ਼ਰ ਟ੍ਰੇਨਿੰਗ ਪ੍ਰਦਾਨ
ਜਲੰਧਰ, 23 ਜਨਵਰੀ 2025: ਜ਼ਿਲ੍ਹੇ ਵਿੱਚ 21ਵੀਂ ਪਸ਼ੂਧਨ ਗਣਨਾ ਲਈ ਤਾਇਨਾਤ ਸਮੂਹ ਸੁਪਰਵਾਈਜ਼ਰ ਤੇ ਗਿਣਤੀਕਾਰਾਂ ਨੂੰ ਪਸ਼ੂ ਪਾਲਣ ਵਿਭਾਗ ਵੱਲੋਂ ਜਾਰੀ ਨਵੀਆਂ ਹਦਾਇਤਾਂ ਅਨੁਸਾਰ ਅੱਜ ਸਥਾਨਕ ਸਰਕਟ ਹਾਊਸ ਵਿਖੇ ਵਿਸਥਾਰਪੂਰਵਕ ਰਿਫਰੈਸ਼ਰ ਟ੍ਰੇਨਿੰਗ ਪ੍ਰਦਾਨ ਕੀਤੀ ਗਈ।
ਪਸ਼ੂ ਪਾਲਣ ਵਿਭਾਗ ਜਲੰਧਰ ਦੇ ਡਿਪਟੀ ਡਾਇਰੈਕਟਰ ਡਾ. ਹਾਰੂਨ ਰਤਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਨਵੰਬਰ ਮਹੀਨੇ ਤੋਂ ਸ਼ੁਰੂ ਹੋਈ ਪਸ਼ੂ ਗਣਨਾ ਤਹਿਤ ਜ਼ਿਲ੍ਹੇ ਵਿੱਚ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਰਾਹੀਂ ਪਸ਼ੂ ਪਾਲਣ ਵਿਭਾਗ ਜਲੰਧਰ ਵੱਲੋਂ ਪਸ਼ੂਆਂ ਦੀ ਗਿਣਤੀ ਦਾ ਕੰਮ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨੇਪਰੇ ਚਾੜ੍ਹਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅੱਜ ਦੇ ਟ੍ਰੇਨਿੰਗ ਸੈਸ਼ਨ ਦੌਰਾਨ ਨੋਡਲ ਅਫ਼ਸਰ ਡਾ. ਕਰਨਦੀਪ ਸੰਗਾ ਵੱਲੋਂ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਨੂੰ ਵਿਸਥਾਰ ਨਾਲ ਸਿਖ਼ਲਾਈ ਦਿੱਤੀ ਗਈ ਅਤੇ ਉਨ੍ਹਾਂ ਨੂੰ ਪਸ਼ੂ ਗਣਨਾ ਦੌਰਾਨ ਆ ਰਹੀਆਂ ਮੁਸ਼ਕਲਾਂ ਨੂੰ ਵੀ ਮੌਕੇ ’ਤੇ ਹੱਲ ਕੀਤਾ ਗਿਆ।
ਡਿਪਟੀ ਡਾਇਰੈਕਟਰ ਨੇ ਸਮੂਹ ਸੁਪਰਵਾਈਜ਼ਰ, ਗਿਣਤੀਕਾਰਾਂ ਅਤੇ ਹੋਰ ਅਧਿਕਾਰੀਆਂ ਨੂੰ ਪਸ਼ੂਧਨ ਗਣਨਾ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ ਤਾਂ ਜੋ ਇਸ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ। ਟ੍ਰੇਨਿੰਗ ਦੌਰਾਨ ਸਹਾਇਕ ਡਾਇਰੈਕਟਰ ਡਾ. ਅਨਿਲ ਕੁਮਾਰ ਤੇ ਡਾ. ਬਲਵੀਰ ਸਿੰਘ, ਸੀਨੀਅਰ ਵੈਟਰਨਰੀ ਅਫ਼ਸਰ ਡਾ. ਰਾਮ ਮੂਰਤੀ ਮੱਟੂ, ਡਾ. ਜਸਬੀਰ ਸਿੰਘ, ਡਾ. ਅਮਨਦੀਪ, ਡਾ. ਕੁਲਵਿੰਦਰ ਸਿੰਘ ਅਤੇ ਡਾ. ਜਗਜੀਤ ਸਿੰਘ ਵੀ ਮੌਜੂਦ ਸਨ।