25 ਜਨਵਰੀ ਨੂੰ ਮਨਾਇਆ ਜਾਵੇਗਾ ਰਾਸ਼ਟਰੀ ਵੋਟਰ ਦਿਵਸ
- ਜ਼ਿਲ੍ਹਾ ਪੱਧਰੀ ਸਮਾਰੋਹ ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਵਿਖੇ, ਡਿਪਟੀ ਕਮਿਸ਼ਨਰ ਹੋਣਗੇ ਮੁੱਖ ਮਹਿਮਾਨ
ਜਲੰਧਰ, 23 ਜਨਵਰੀ 2025: ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 25 ਜਨਵਰੀ ਨੂੰ ਜ਼ਿਲ੍ਹਾ ਪੱਧਰ ਅਤੇ ਪੋਲਿੰਗ ਬੂਥ ਪੱਧਰ ֹ’ਤੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਪੱਧਰੀ ਸਮਾਰੋਹ ਸਥਾਨਕ ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਚੋਣ ਤਹਿਸੀਲਦਾਰ ਸੁਖਵੇਦ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਰੋਹ ਦੌਰਾਨ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ-2025 ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਈ.ਆਰ.ਓ./ਏ.ਈ.ਆਰ.ਓ, ਬੀ.ਐਲ.ਓ, ਸੁਪਰਵਾਈਜ਼ਰ ਅਤੇ ਹੋਰ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਵਿਸ਼ੇਸ਼ ਸਰਸਰੀ ਸੁਧਾਈ-2025 ਦੌਰਾਨ ਰਜਿਸਟਰ ਹੋਣ ਵਾਲੇ ਟਰਾਂਸਜੈਂਡਰਾਂ/ਮਾਈਂਗਰੈਂਟਸ ਨੂੰ ਵੋਟਰ ਕਾਰਡਾਂ ਦੀ ਵੰਡ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਇਸ ਮੌਕੇ ਨਵੇਂ ਰਜਿਸਟਰ ਹੋਏ ਵੋਟਰਾਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਹਾਜ਼ਰ ਸਾਰੇ ਵੋਟਰਾਂ ਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ ਵੋਟਰ ਪ੍ਰਣ ਵੀ ਕਰਵਾਇਆ ਜਾਵੇਗਾ । ਇਸ ਸਮਾਰੋਹ ਦੌਰਾਨ ਜ਼ਿਲ੍ਹੇ ਵਿੱਚ ਰਾਸ਼ਟਰੀ ਵੋਟਰ ਦਿਵਸ ਨਾਲ ਸਬੰਧਤ ਵਿਦਿਆਰਥੀਆਂ ਦਰਮਿਆਨ ਹੋਏ ਰੰਗੋਲੀ/ਭਾਸ਼ਣ/ਡੀਬੇਟ ਆਦਿ ਮੁਕਾਬਲਿਆਂ ਦੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।