ਸਿਵਲ ਹਸਪਤਾਲ ’ਚ ਨਵਜੰਮੇ ਬੱਚੇ ਦੀ ਮੌਤ: ਪਰਿਵਾਰ ਨੇ ਲਗਾਏ ਲਾਪਰਵਾਹੀ ਦੇ ਦੋਸ਼
* ਇਨਸਾਫ ਦੀ ਲਗਾਈ ਗੁਹਾਰ
* ਸੰਬੰਧਿਤ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ
* ਐਸਐਮਓ ਨੇ ਆਰੋਪਾ ਨੂੰ ਕੀਤਾ ਖਾਰਿਜ*
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 23 ਜਨਵਰੀ 2025: ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ’ਚ ਭਰਤੀ ਗਰਭਵਤੀ ਔਰਤ ਦੀ ਡਲਿਵਰੀ ਦੌਰਾਨ ਉਸਦੇ ਨਵ ਜੰਮੇ ਬੱਚੇ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਪਰਿਵਾਰ ਨੇ ਰੋਸ ਦਾ ਇਜ਼ਹਾਰ ਕੀਤਾ ਹੈ। ਪਰਿਵਾਰ ਵਾਲਿਆਂ ਦਾ ਦੋਸ਼ ਸੀ ਕਿ ਡਾਕਟਰਾਂ ਵੱਲੋ ਲਾਪਰਵਾਹੀ ਵਰਤੀ ਗਈ, ਜਿਸ ਕਾਰਨ ਬੱਚੇ ਦੀ ਮੌਤ ਹੋ ਹੈ।
ਮ੍ਰਿਤਕ ਬੱਚੇ ਦੇ ਪਿਤਾ ਕੁੰਦਨ ਨੇ ਦੱਸਿਆ ਕਿ ਉਸ ਦੀ ਧਰਮ ਪਤਨੀ ਮੋਨਿਕਾ ਦਾ ਆਪਰੇਸ਼ਨ ਸੀ। ਅਪਰੇਸ਼ਨ ਕਰਨ ਤੋਂ ਪਹਿਲਾਂ ਡਾਕਟਰਾਂ ਵੱਲੋਂ ਸਭ ਕੁਝ ਚੈੱਕ ਕੀਤਾ ਗਿਆ ਸੀ ਤੇ ਸਾਰਾ ਕੁਝ ਬਿਲਕੁਲ ਠੀਕ ਠਾਕ ਸੀ। ਜਦੋਂ ਉਸਦੇ ਬੱਚੇ ਨੇ ਜਨਮ ਲਿਆ ਤਾਂ ਬੱਚੇ ਦੇ ਪਿੱਛੇ ਖੋਪੜੀ ਬਾਹਰ ਨਿਕਲ ਗਈ ਸੀ ਅਤੇ ਦਿਮਾਗ ਹੇਠਾਂ ਗਿਆ ਹੋਇਆ ਸੀ। ਜਨੇਪੇ ਤੋਂ ਬਾਅਦ ਬੱਚੇ ਦੀ ਕੋਈ ਆਵਾਜ਼ ਵੀ ਨਹੀਂ ਆਈ ਅਤੇ ਬੱਚਾ ਰੋਇਆ ਵੀ ਨਹੀਂ। ਬੱਚਾ ਜਿਸ ਨੇ ਜਨਮ ਲਿਆ ਸੀ ਉਹ ਇੱਕ ਲੜਕਾ ਸੀ ਪਰ ਉਹ ਹੁਣ ਇਸ ਦੁਨੀਆਂ ਵਿੱਚ ਨਹੀਂ ਹੈ। ਉਸ ਤੋਂ ਬਾਅਦ ਘਬਰਾਹਟ ਵਿੱਚ ਡਾਕਟਰਾਂ ਨੇ ਉਸ ਨੂੰ ਤੁਰੰਤ ਬੱਚਾ ਦਫਨਾਉਣ ਦੀ ਗੱਲ ਆਖ ਦਿੱਤੀ। ਉਸਨੇ ਅੱਗੇ ਦੱਸਿਆ ਕਿ ਉਸਦੀ ਪਤਨੀ ਦੇ ਗਰਭ ਧਾਰਨ ਕਰਨ ਤੋਂ ਬਾਅਦ ਸ਼ੁਰੂ ਤੋਂ ਹੀ ਉਸਨੇ ਇਲਾਜ ਸਿਵਲ ਹਸਪਤਾਲ ਤੋਂ ਕਰਾਇਆ ਸੀ। ਉਧਰ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਸਾਰਾ ਘਟਨਾਕ੍ਰਮ ਡਾਕਟਰਾਂ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ। ਉਹਨਾਂ ਸਰਕਾਰ ਪਾਸੋਂ ਸੰਬੰਧਤ ਡਾਕਟਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੇ ਮੁਕਦਮਾ ਦਰਜ ਕਰਨ ਦੀ ਮੰਗ ਕੀਤੀ ਹੈ।
ਕੀ ਕਹਿੰਦੇ ਹਨ ਐੱਸ ਐਮ ਓ ਡਾਕਟਰ ਦਵਿੰਦਰਪਾਲ ਸਿੰਘ
ਉਧਰ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦਵਿੰਦਰ ਪਾਲ ਸਿੰਘ ਨੇ ਪੀੜਿਤ ਪਰਿਵਾਰ ਦੇ ਆਰੋਪਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਡਾਕਟਰ ਡੀਪੀ ਸਿੰਘ ਨੇ ਕਿਹਾ ਕਿ ਇਸ ਕੇਸ ਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਗਹਿਲੀ ਜਾਂ ਲਾਪਰਵਾਹੀ ਵਰਤੀ ਨਹੀਂ ਗਈ ਸਗੋਂ ਮਰੀਜ਼ ਦੇ ਤਰਫੋਂ ਅਨਗਹਿਲੀ ਵਰਤੀ ਗਈ ਹੈ। ਉਹਨਾਂ ਦੱਸਿਆ ਕਿ ਮਰੀਜ਼ ਨੂੰ 16 ਤਰੀਕ ਨੂੰ ਆਪਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ। ਪ੍ਰੰਤੂ ਮਰੀਜ਼ ਇੱਥੇ ਹਸਪਤਾਲ 16 ਤਰੀਕ ਨੂੰ ਨਹੀਂ ਆਇਆ। ਬਲਕਿ 21 ਤਰੀਕ ਨੂੰ ਆਇਆ। 21 ਤਰੀਕ ਨੂੰ ਸਾਰਾ ਕੇਸ ਮੁੜ ਇਨਵੈਸਟੀਗੇਟ ਕਰਕੇ 22 ਤਰੀਕ ਨੂੰ ਉਹਦਾ ਆਪਰੇਸ਼ਨ ਕਰ ਦਿੱਤਾ ਗਿਆ। ਉਸਦੇ ਗ੍ਰੇਡ 4 ਮੈਕੋਨੀਅਮ ਸਟੇਨਡ ਲੀਕਰ ਸੀ। ਜਿਸ ਕਾਰਨ ਬੱਚੇ ਦੀ ਮੌਤ ਹੋਈ ਹੈ। ਇਸ ਵਿੱਚ ਹਸਪਤਾਲ ਜਾਂ ਕਿਸੇ ਡਾਕਟਰ ਦੀ ਕਿਸੇ ਵੀ ਕਿਸਮ ਦੀ ਅਣਗਹਿਲੀ ਨਹੀਂ ਹੈ।