ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਮੋਹਾਲੀ ਵੱਲੋਂ ਖੁੰਬਾਂ ਦੀ ਕਾਸ਼ਤ ਸਬੰਧੀ ਸਿਖਲਾਈ ਕੋਰਸ ਕਰਵਾਇਆ ਗਿਆ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਜਨਵਰੀ, 2025: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਐੱਸ.ਏ.ਐੱਸ.ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੁੰਬਾਂ ਦੀ ਕਾਸ਼ਤ ਪ੍ਰਤੀ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ (ਆਤਮਾ ਸਕੀਮ) ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਮੋਹਾਲੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿਖੇ ਸਾਂਝੇ ਪੱਧਰ ਤੇ ਖੁੰਬਾਂ ਦੀ ਕਾਸ਼ਤ ਲਈ ਪੰਜ ਦਿਨਾਂ ਟ੍ਰੇਨਿੰਗ ਲਗਾਈ ਗਈ। ਜਿਸ ਵਿੱਚ ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ ਮੋਹਾਲੀ ਅਤੇ ਡਾ. ਬਲਬੀਰ ਸਿੰਘ ਖੱਦਾ ਡਿਪਟੀ ਡਾਇਰੈਕਟਰ ਕੇ.ਵੀ.ਕੇ. ਮੋਹਾਲੀ ਨੇ 30 ਸਿਖਿਆਰਥੀਆਂ ਨੂੰ ਖੁੰਬਾਂ ਦੀ ਕਾਸ਼ਤ ਸਬੰਧੀ ਪ੍ਰੇਰਿਤ ਕੀਤਾ।
ਪ੍ਰੋਗਰਾਮ ਇੰਚਾਰਜ ਡਾ. ਹਰਮੀਤ ਕੌਰ, ਡਾ. ਪਾਰੁਲ ਨੇ ਕਿਸਾਨਾਂ ਨੂੰ ਕਾਸ਼ਤ ਕੀਤੀਆਂ ਜਾਣ ਵਾਲੀਆਂ ਵੱਖ ਵੱਖ ਖੁੰਬਾਂ ਦੀ ਕਿਸਮਾਂ ਅਤੇ ਖੁੰਬਾਂ ਦੀ ਪ੍ਰੋਸੈਸਿੰਗ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਡਾ. ਮੁਨੀਸ਼, ਕੀ.ਵੀ.ਕੇ. ਨੇ ਕਿਸਾਨਾਂ ਨੂੰ ਜ਼ਹਿਰੀਲੀਆਂ ਖੁੰਬਾਂ ਦੀ ਪਛਾਣ ਬਾਰੇ ਦੱਸਿਆ। ਡਾ. ਸ਼ਿਖਾ ਸਿੰਗਲਾ ਡੀ.ਪੀ.ਡੀ. (ਆਤਮਾ) ਵੱਲੋਂ ਸਕੀਮ ਅਧੀਨ ਖੁੰਬਾਂ, ਮਧੂ ਮੱਖੀ ਪਾਲਣ ਆਦਿ ਟ੍ਰੇਨਿੰਗਾਂ ਅਤੇ ਹੋਰ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦਿੱਤੀ। ਡਾ. ਗੁਲਗੁਲ ਨੇ ਮੱਛੀ ਪਾਲਣ ਅਤੇ ਖੁੰਬ ਪਾਲਣ ਦੇ ਸੁਮੇਲ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਬਲਦੀਪ ਸਿੰਘ ਅਤੇ ਸੁਖਜੀਵਨ ਕੌਰ ਨੇ ਵੱਖ-ਵੱਖ ਕਿਸਮ ਦੀਆਂ ਖੁੰਬਾਂ ਦੀ ਕਾਸ਼ਤ ਸਬੰਧੀ ਤਜਰਬੇ ਸਾਂਝੇ ਕੀਤੇ।
ਟ੍ਰੇਨਿੰਗ ਦੌਰਾਨ ਕਿਸਾਨਾਂ ਨੂੰ ਖੁੰਬਾਂ ਦੀ ਕਾਸ਼ਤ ਸਬੰਧੀ ਤਕਨੀਕੀ ਗਿਆਨ ਪ੍ਰਾਪਤ ਕਰਨ ਲਈ ਪਿੰਡ ਅੰਬ ਛੱਪਾ ਬਲਾਕ ਡੇਰਾਬਸੀ ਵਿਖੇ ਸ਼੍ਰੀ ਹਰਦੀਪ ਸਿੰਘ ਦੇ ਫਾਰਮ ਤੇ ਕਿਸਾਨਾਂ ਨੂੰ ਖੁੰਬਾਂ ਦੀ ਕਾਸ਼ਤ ਸਬੰਧੀ ਐਕਸਪੋਜਰ ਵਿਜਟ ਕਰਵਾਈ ਗਈ ਜਿਸ ਵਿੱਚ ਉਨ੍ਹਾਂ ਵੱਲੋਂ ਖਾਦ ਤਿਆਰ ਕਰਨਾ ਤੋਂ ਲੈ ਕੇ ਮੰਡੀ ਕਰਨ ਤੱਕ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ। ਕਿਸਾਨਾਂ ਵੱਲੋਂ ਸਾਂਝੇ ਕੀਤੇ ਗਏ ਵਿਚਾਰਾਂ ਅਨੁਸਾਰ ਇਸ ਤਰ੍ਹਾਂ ਦੀ ਟ੍ਰੇਨਿੰਗਾਂ ਦੇਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ।