ਪੀ.ਏ.ਯੂ. ਦੇ ਵਿਜ਼ਟਿੰਗ ਪ੍ਰੋਫੈਸਰ ਮਨਜੀਤ ਸਿੰਘ ਛੀਨਨ ਨੇ ਖੇਤੀ ਇੰਜਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ
ਲੁਧਿਆਣਾ 23 ਜਨਵਰੀ 2025 - ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਵਿਚ ਹੁਣੇ ਹੁਣੇ ਵਿਜ਼ਟਿੰਗ ਪ੍ਰੋਫੈਸਰ ਦਾ ਅਹੁਦਾ ਸਵੀਕਾਰ ਕਰਨ ਵਾਲੇ ਅਮਰੀਕਾ ਦੇ ਜੋਰਜੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਐਮੀਰਤਸ ਡਾ. ਮਨਜੀਤ ਸਿੰਘ ਛੀਨਨ ਨੇ ਕਾਲਜ ਦੇ ਵਿਦਿਆਰਥੀਆਂ ਨਾਲ ਸੰਵਾਦੀ ਸ਼ੈਸਨ ਰਚਾਇਆ| ਜ਼ਿਕਰਯੋਗ ਹੈ ਕਿ ਡਾ. ਛੀਨਨ ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਦੇ ਪਹਿਲੇ ਬੈਚ ਦੇ ਸਾਬਕਾ ਵਿਦਿਆਰਥੀ ਹਨ ਜਿਨ੍ਹਾਂ ਨੇ 1969 ਵਿਚ ਬੀ ਟੈੱਕ ਖੇਤੀ ਇੰਜਨੀਅਰਿੰਗ ਦੀ ਡਿਗਰੀ ਲਈ ਅਤੇ ਉਹ ਪੀ ਐੱਚ ਡੀ ਲਈ ਨਾਰਥ ਕੈਰੋਲੀਨਾ ਯੂਨੀਵਰਸਿਟੀ ਵਿਖੇ ਚਲੇ ਗਏ| ਜਾਰਜੀਆ ਯੂਨੀਵਰਸਿਟੀ ਵਿਚ 38 ਸਾਲ ਭੋਜਨ ਇੰਜਨੀਅਰ ਵਜੋਂ ਸ਼ਾਨਦਾਰ ਸੇਵਾਵਾਂ ਦੇਣ ਦਾ ਇਤਿਹਾਸ ਉਹਨਾਂ ਦੇ ਨਾਂ ਹੇਠ ਹੈ| ਸੇਵਾ ਮੁਕਤੀ ਤੋਂ ਬਾਅਦ ਉਹ ਇਸੇ ਯੂਨੀਵਰਸਿਟੀ ਵਿਚ ਪ੍ਰੋਫੈਸਰ ਐਮੀਰਤਸ ਵਜੋਂ ਕਾਰਜਸ਼ੀਲ ਹਨ|
ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਡਾ. ਮਨਜੀਤ ਸਿੰਘ, ਡੀਨ ਖੇਤੀ ਇੰਜਨੀਅਰਿੰਗ ਕਾਲਜ ਅਤੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਵਿਗਿਆਨੀ ਇਸ ਸ਼ੈਸ਼ਨ ਦੌਰਾਨ ਹਾਜ਼ਰ ਸਨ| ਕਾਲਜ ਦੇ ਡੀਨ ਨੇ ਡਾ. ਮਨਜੀਤ ਸਿੰਘ ਲਈ ਸਵਾਗਤ ਦੇ ਸ਼ਬਦ ਬੋਲਦਿਆਂ ਵਿਜ਼ਟਿੰਗ ਪ੍ਰੋਫੈਸਰ ਦਾ ਮਾਣ-ਸਤਿਕਾਰ ਕਰਨ ਲਈ ਉਹਨਾਂ ਦਾ ਧੰਨਵਾਦ ਕੀਤਾ| ਉਹਨਾਂ ਕਿਹਾ ਕਿ ਇਹ ਖੇਤੀ ਇੰਜਨੀਅਰਿੰਗ ਕਾਲਜ ਲਈ ਮਾਣ ਵਾਲੀ ਗੱਲ ਹੈ ਕਿ ਡਾ. ਛੀਨਨ ਕੋਲੋਂ ਇੱਥੋਂ ਦੇ ਵਿਦਿਆਰਥੀਆਂ ਨੂੰ ਸਿੱਖਣ ਦਾ ਮੌਕਾ ਮਿਲ ਰਿਹਾ ਹੈ|
ਇਸ ਮੌਕੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਟੀ ਸੀ ਮਿੱਤਲ ਨੇ ਵਿਭਾਗ ਦੇ ਖੋਜ, ਅਧਿਆਪਨ ਅਤੇ ਪਸਾਰ ਕਾਰਜਾਂ ਬਾਰੇ ਵਿਸਥਾਰ ਨਾਲ ਦੱਸਿਆ| ਉਹਨਾਂ ਕਿਹਾ ਕਿ ਪੀ ਜੀ ਵਿਦਿਆਰਥੀਆਂ ਨਾਲ ਡਾ. ਛੀਨਨ ਦਾ ਸੰਵਾਦ ਬੇਹੱਦ ਮਾਣ ਦਾ ਵਿਸ਼ਾ ਹੈ| ਪ੍ਰੋਫੈਸਰ ਪ੍ਰੀਤਇੰਦਰ ਕੌਰ ਨੇ ਡਾ. ਛੀਨਨ ਨਾਲ ਜਾਣ-ਪਛਾਣ ਕਰਾਉਂਿਦਆਂ ਉਹਨਾਂ ਵੱਲੋਂ ਪ੍ਰਕਾਸ਼ਿਤ ਕਰਵਾਏ 500 ਤੋਂ ਵਧੇਰੇ ਕੌਮਾਂਤਰੀ ਲੇਖਾਂ ਅਤੇ 10 ਮਿਲੀਅਨ ਡਾਲਰ ਤੋਂ ਵਧੇਰੇ ਦੇ ਕਰਾਰਨਾਮਿਆਂ ਅਤੇ ਇਮਦਾਦਾਂ ਦਾ ਜ਼ਿਕਰ ਕੀਤਾ| ਇਸ ਤੋਂ ਇਲਾਵਾ ਉਹਨਾਂ ਨੇ ਇਸ ਖੇਤਰ ਵਿਚ ਡਾ. ਛੀਨਨ ਵੱਲੋਂ ਪਾਏ ਯੋਗਦਾਨ ਬਾਰੇ ਵਿਸਥਾਰ ਨਾਲ ਦੱਸਿਆ| ਇਹ ਵੀ ਦੱਸਿਆ ਗਿਆ ਕਿ ਪੀ.ਏ.ਯੂ. ਵਿਖੇ ਡਾ. ਮਨਜੀਤ ਸਿੰਘ ਛੀਨਨ ਅਤੇ ਲਤਾ ਮਹਾਜਨ ਛੀਨਨ ਐਡੋਮੈਂਟ ਫੰਡ ਦੀ ਸਥਾਪਤੀ ਵੀ ਉਹਨਾਂ ਦੁਆਰਾ ਕੀਤੀ ਗਈ ਹੈ ਜਿਸ ਲਈ ਉਹਨਾਂ ਨੇ 2015 ਵਿਚ ਇੱਕ ਲੱਖ ਡਾਲਰ ਦੀ ਇਮਦਾਦ ਦਸ ਸਾਲ ਅਕਾਦਮਿਕ ਅਤੇ ਖੇਡ ਗਤੀਵਿਧੀਆਂ ਦੇ ਵਿਕਾਸ ਲਈ ਦਿੱਤੀ ਸੀ|
ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਪੀ.ਏ.ਯੂ. ਨੂੰ ਦਿੱਤੇ ਸਹਿਯੋਗ ਲਈ ਡਾ. ਛੀਨਨ ਦਾ ਧੰਨਵਾਦ ਕੀਤਾ| ਉਹਨਾਂ ਕਿਹਾ ਕਿ ਪੀ.ਏ.ਯੂ. ਨੇ 23 ਅੰਤਰਰਾਸ਼ਟਰੀ ਖੋਜੀਆਂ ਅਤੇ ਅਕਾਦਮਿਕ ਮਾਹਿਰਾਂ ਨੂੰ ਪੀ.ਏ.ਯੂ. ਵਿਖੇ ਵਿਜ਼ਟਿੰਗ ਪ੍ਰੋਫੈਸਰਾਂ ਵਜੋਂ ਸ਼ਾਮਿਲ ਕਰਕੇ ਵਿਦਿਆਰਥੀਆਂ ਦੇ ਅਕਾਦਮਿਕ ਵਿਕਾਸ ਦੀ ਤਜ਼ਵੀਜ਼ ਬਣਾਈ ਹੈ|
ਡਾ. ਛੀਨਨ ਨੇ ਕਿਹਾ ਕਿ ਉਹ ਇਸ ਮਾਣ ਤੋਂ ਬੇਹੱਦ ਖੁਸ਼ ਹਨ ਅਤੇ ਆਨਲਾਈਨ ਤਰੀਕੇ ਨਾਲ ਲਗਾਤਾਰ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਜੁੜੇ ਰਹਿਣਗੇ| ਅੰਤ ਵਿਚ ਡਾ. ਵਿਸ਼ਾਲ ਬੈਕਟਰ ਨੇ ਸਭ ਦਾ ਧੰਨਵਾਦ ਕੀਤਾ|