ਹਲਕਾ ਖਡੂਰ ਸਾਹਿਬ ਦੀ ਆਵਾਜ਼ ਉੱਚ ਲੀਡਰਸ਼ਿਪ ਤੱਕ ਪਹੁੰਚਾਉਣਾ ਮੇਰਾ ਮੁਢਲਾ ਫ਼ਰਜ਼ - ਸਾਬਕਾ ਵਿਧਾਇਕ ਬ੍ਰਹਮਪੁਰਾ
ਕਿਹਾ," ਲੈਂਡ ਪੂਲਿੰਗ 'ਤੇ ਹਾਈਕੋਰਟ ਦੀ ਰੋਕ ਅਕਾਲੀ ਦਲ ਦੇ ਸਟੈਂਡ ਅਤੇ ਕਿਸਾਨੀ ਸੰਘਰਸ਼ ਦੀ ਵੱਡੀ ਜਿੱਤ
ਤਰਨ ਤਾਰਨ 7 ਅਗਸਤ 2025: ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੀ 'ਆਪ' ਸਰਕਾਰ ਦੀ ਕਿਸਾਨ-ਵਿਰੋਧੀ ਲੈਂਡ ਪੂਲਿੰਗ ਪਾਲਿਸੀ ਖ਼ਿਲਾਫ਼ ਵਿੱਢੇ ਸੰਘਰਸ਼ ਦੀ ਰਣਨੀਤੀ ਤੈਅ ਕਰਨ ਲਈ ਹੋਈ ਪਾਰਟੀ ਦੀ ਅਹਿਮ ਮੀਟਿੰਗ ਤੋਂ ਬਾਅਦ, ਹਲਕਾ ਖਡੂਰ ਸਾਹਿਬ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਬ੍ਰਹਮਪੁਰਾ ਨੇ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੂੰ ਦਰਪੇਸ਼ ਆ ਰਹੀਆਂ ਗੰਭੀਰ ਸਮੱਸਿਆਵਾਂ ਅਤੇ ਇਲਾਕੇ ਦੇ ਰੁਕੇ ਹੋਏ ਵਿਕਾਸ ਕਾਰਜਾਂ ਦਾ ਮੁੱਦਾ ਪਾਰਟੀ ਪ੍ਰਧਾਨ ਕੋਲ ਪੂਰੇ ਜ਼ੋਰਦਾਰ ਢੰਗ ਨਾਲ ਰੱਖਿਆ।
ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ, ਪੰਜਾਬੀਅਤ ਅਤੇ ਖ਼ਾਸ ਕਰਕੇ ਕਿਸਾਨਾਂ ਦੇ ਹੱਕਾਂ 'ਤੇ ਪਹਿਰਾ ਦਿੰਦਾ ਆਇਆ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਹਾਈਕੋਰਟ ਵੱਲੋਂ ਲੈਂਡ ਪੂਲਿੰਗ ਪਾਲਿਸੀ 'ਤੇ ਰੋਕ ਲਗਾਉਣਾ ਪਾਰਟੀ ਦੇ ਸਟੈਂਡ ਅਤੇ ਕਿਸਾਨੀ ਸੰਘਰਸ਼ ਦੀ ਇੱਕ ਵੱਡੀ ਨੈਤਿਕ ਜਿੱਤ ਹੈ। ਸ੍ਰ. ਬ੍ਰਹਮਪੁਰਾ ਨੇ ਅੱਗੇ ਕਿਹਾ, "ਇੱਕ ਹਲਕਾ ਇੰਚਾਰਜ ਹੋਣ ਦੇ ਨਾਤੇ ਮੇਰਾ ਇਹ ਮੁਢਲਾ ਫ਼ਰਜ਼ ਹੈ ਕਿ ਮੈਂ ਸੂਬਾ ਪੱਧਰੀ ਲੜਾਈ ਦੇ ਨਾਲ-ਨਾਲ ਆਪਣੇ ਹਲਕਾ ਖਡੂਰ ਸਾਹਿਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਾਂ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਪਾਰਟੀ ਦੀ ਉੱਚ ਲੀਡਰਸ਼ਿਪ ਦੇ ਧਿਆਨ ਵਿੱਚ ਲਿਆ ਕੇ ਉਨ੍ਹਾਂ ਦਾ ਢੁੱਕਵਾਂ ਹੱਲ ਕਰਵਾਵਾਂ।
ਇਸ ਸੰਬੰਧੀ ਪਾਰਟੀ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨੇ ਸਾਬਕਾ ਵਿਧਾਇਕ ਬ੍ਰਹਮਪੁਰਾ ਵੱਲੋਂ ਉਠਾਏ ਗਏ ਹਲਕੇ ਦੇ ਮੁੱਦਿਆਂ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਅਤੇ ਉਨ੍ਹਾਂ ਵੱਲੋਂ ਆਪਣੇ ਹਲਕੇ ਪ੍ਰਤੀ ਦਿਖਾਈ ਜਾ ਰਹੀ ਸਰਗਰਮੀ ਅਤੇ ਵਚਨਬੱਧਤਾ ਦੀ ਭਰਪੂਰ ਸ਼ਲਾਘਾ ਕੀਤੀ।
ਸ੍ਰ. ਬਾਦਲ ਨੇ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਹਲਕਾ ਖਡੂਰ ਸਾਹਿਬ ਦੇ ਲੋਕਾਂ ਨਾਲ ਚੱਟਾਨ ਵਾਂਗ ਖੜ੍ਹਾ ਹੈ ਅਤੇ ਸ੍ਰ. ਬ੍ਰਹਮਪੁਰਾ ਵੱਲੋਂ ਉਠਾਏ ਗਏ ਸਾਰੇ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਦਾ ਪਾਰਟੀ ਹਰ ਪੱਧਰ 'ਤੇ ਡਟ ਕੇ ਵਿਰੋਧ ਕਰਦੀ ਰਹੇਗੀ। - (ਸਮਾਪਤ)
ਕੈਪਸ਼ਨ: ਲੈਂਡ ਪੂਲਿੰਗ ਪਾਲਿਸੀ 'ਤੇ ਚੰਡੀਗੜ੍ਹ ਵਿਖੇ ਹੋਈ ਪਾਰਟੀ ਮੀਟਿੰਗ ਮਗਰੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਲਕਾ ਖਡੂਰ ਸਾਹਿਬ ਦੇ ਮੁੱਦਿਆਂ ਤੋਂ ਜਾਣੂ ਕਰਵਾਉਂਦੇ ਹੋਏ।