ਮਹਿੰਗਾਈ ਤੇ ਬੇਰਜਗਾਰੀ ਜੇ ਭੰਨੇ ਮਜ਼ਦੂਰਾਂ ਨੇ ਅਫਸਰਾਂ ਨੂੰ ਘੇਰ ਕੇ ਵਾਪਸ ਕਰਵਾਏ ਪੱਟੇ ਹੋਏ ਮੀਟਰ
ਅਸ਼ੋਕ ਵਰਮਾ
ਮੁਕਤਸਰ 7, ਅਗਸਤ 2025: ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਭੰਨੇ ਮਜ਼ਦੂਰਾਂ ਨੇ ਪਿੰਡ ਭੁੱਟੀ ਵਾਲਾ ਵਿੱਚ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੂੰ ਘੇਰ ਕੇ ਪੱਟੇ ਹੋਏ ਬਿਜਲੀ ਦੇ ਮੀਟਰ ਵਾਪਸ ਕਰਵਾਏ। ਬੁੱਧਵਾਰ ਨੂੰ ਜਦੋਂ ਬਿਜਲੀ ਅਧਿਕਾਰੀ ਪਿੰਡ ਵਿੱਚ ਮੀਟਰ ਪੱਟਣ ਆਏ ਤਾਂ ਜਿਸ ਦੀ ਭਿਣਕ ਮਜ਼ਦੂਰ ਆਗੂਆਂ ਨੂੰ ਪੈ ਗਈ। ਇਸ ਮੌਕੇ ਜ਼ਿਲ੍ਹਾ ਖਜਾਨਚੀ ਬਾਜ ਸਿੰਘ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਬਿਜਲੀ ਪੁੱਟਣ ਆਏ ਅਧਿਕਾਰੀਆਂ ਨੂੰ ਘੇਰ ਲਿਆ। ਉਹਨਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਇਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਮਜ਼ਦੂਰਾਂ ਨੂੰ 600 ਯੂਨਿਟ ਮਾਫ ਹਨ ਜਦੋਂ ਕਿ ਮਜ਼ਦੂਰ ਪਰਿਵਾਰਾਂ ਦੇ ਹਜ਼ਾਰਾਂ ਦੇ ਬਿੱਲ ਆ ਰਹੇ ਹਨ। ਉਹਨਾਂ ਕਿਹਾ ਕਿ ਮਜ਼ਦੂਰਾਂ ਦੇ ਰੁਜ਼ਗਾਰ ਦਾਤਾ ਪਹਿਲਾਂ ਹੀ ਉਜਾੜਾ ਹੋਇਆ ਪਿਆ ਸੀ ਪਰ ਹੁਣ ਖੁਦ ਨੂੰ ਮਜ਼ਦੂਰ ਕਹਾਉਣ ਵਾਲੇ ਭਗਵੰਤ ਮਾਨ ਨੇ ਦੀ ਸਿੱਧੀ ਬਜਾਈ ਕਰਵਾ ਕੇ ਮਜ਼ਦੂਰਾਂ ਨੂੰ ਮਿਲਣ ਵਾਲਾ ਰੁਜ਼ਗਾਰ ਖੋਹ ਕੇ ਕਸਰ ਕੱਢ ਦਿੱਤੀ ਹੈ। ਮਜ਼ਦੂਰਾਂ ਦੇ ਰੋਹ ਨੂੰ ਦੇਖਦਿਆਂ ਬਿਜਲੀ ਅਧਿਕਾਰੀਆਂ ਨੇ ਪੱਟੇ ਹੋਏ ਮੀਟਰ ਵਾਪਸ ਲਾ ਦਿੱਤੇ।
ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਬਾਜ ਸਿੰਘ ਭੁੱਟੀ ਵਾਲਾ ਨੇ ਕਿਹਾ ਕਿ ਸਰਕਾਰ ਬਿਜਲੀ ਐਕਟ 2020 ਰਾਹੀਂ ਮਜ਼ਦੂਰਾਂ ਨੂੰ ਮਿਲਣ ਵਾਲੀ ਬਿਜਲੀ ਸਬਸਿਡੀ ਖੋਹ ਕੇ ਕਾਰਪੋਰੇਟਰਾਂ ਨੂੰ ਦੇਣ ਦੀ ਮਨਸ਼ਾ ਪੂਰੀ ਕਰਨ ਲਈ ਚਿੱਪ ਵਾਲੇ ਮੀਟਰ ਲਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਰਹੀ ਹੈ ਜਿਸ ਦਾ ਵਿਰੋਧ ਕਰਨ ਲਈ ਵਿਸ਼ਾਲ ਏਕੇ ਦੀ ਲੋੜ ਪੈਣੀਂ ਹੈ। ਉਹਨਾਂ ਕਿਹਾ ਕਿ ਲੈਂਡ ਪੂਲਿੰਗ ਪਾਲਿਸੀ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਨਾਲ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਦੇ ਰੁਜ਼ਗਾਰ ਦਾ ਵੀ ਉਜਾੜਾ ਹੋਣਾ ਹੈ ਜਿਸ ਕਾਰਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਲੈਡ ਪੂਲਿੰਗ ਪਾਲਸੀ ਦੇ ਵਿਰੁੱਧ ਵਿਚ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅੱਠ ਅਗਸਤ ਨੂੰ ਜਨਤਕ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਵੱਡੀ ਗਿਣਤੀ ਮਜ਼ਦੂਰ ਪਰਿਵਾਰਾਂ ਸਮੇਤ ਸ਼ਾਮਿਲ ਹੋਣਗੇ। ਇਸ ਸਮੇਂ ਗੁਰਮੇਲ ਕੌਰ, ਮਨਦੀਪ ਕੌਰ, ਸੁਖਜੀਤ ਕੌਰ, ਸੁਖਪ੍ਰੀਤ ਕੌਰ, ਬਲਵੀਰ ਸਿੰਘ, ਬਿੰਦਰ ਸਿੰਘ, ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ ।