ਕਾਹਦਾ ਲੇਖਾਕਾਰ: ਧੋਖੇ ਵਿਚ ਰੱਖੀ ਸਰਕਾਰ
ਕਰੋਨਾ ਫੰਡਾਂ ਦਾ ਗਬਨ ਕਰਨ ਵਾਲੇ ਅਕਾਊਂਟੈਂਟ ਨੂੰ 6 ਸਾਲ ਦੀ ਜੇਲ੍ਹ-17 ਲੱਖ ਦੀ ਕੀਤੀ ਧੋਖਾਧੜੀ
-29 ਵੱਖ-ਵੱਖ ਮਾਮਲਿਆਂ ਵਿੱਚ ਆਪਣਾ ਅਪਰਾਧ ਕਬੂਲ ਕੀਤਾ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 7 ਅਗੱਸਤ 2025-ਕਰੋਨਾ ਵਾਇਰਸ ਮਹਾਂਮਾਰੀ ਦੌਰਾਨ ਲੋਕਾਂ ਦੀ ਮਦਦ ਲਈ ਸਰਕਾਰ ਵੱਲੋਂ ਚਲਾਈਆਂ ਗਈਆਂ ਯੋਜਨਾਵਾਂ ਵਿੱਚ ਧੋਖਾਧੜੀ ਕਰਨ ਵਾਲੇ ਇੱਕ ਅਕਾਊਂਟੈਂਟ ਨੂੰ ਔਕਲੈਂਡ ਦੀ ਅਦਾਲਤ ਨੇ ਲਗਭਗ ਛੇ ਸਾਲ ਦੀ ਸਜ਼ਾ ਸੁਣਾਈ ਹੈ। ਲਿਊਕ ਡੈਨੀਅਲ ਰਿਵਰਸ ਨਾਂ ਦੇ ਇਸ ਵਿਅਕਤੀ ਨੇ 1.7 ਮਿਲੀਅਨ ਡਾਲਰ ਦੀ ਧੋਖਾਧੜੀ ਕੀਤੀ ਸੀ।
ਅਦਾਲਤ ਵਿੱਚ ਇਹ ਸਾਬਤ ਹੋਇਆ ਕਿ ਲਿਊਕ ਨੇ 29 ਵੱਖ-ਵੱਖ ਮਾਮਲਿਆਂ ਵਿੱਚ ਆਪਣਾ ਅਪਰਾਧ ਕਬੂਲ ਕੀਤਾ ਹੈ, ਜਿਸ ਵਿੱਚ ਵੇਜ ਸਬਸਿਡੀ ਅਤੇ ਛੋਟੇ ਕਾਰੋਬਾਰਾਂ ਲਈ ਚਲਾਈਆਂ ਗਈਆਂ ਯੋਜਨਾਵਾਂ ਦੇ ਫੰਡਾਂ ਦਾ ਗਬਨ ਅਤੇ ਮਨੀ ਲਾਂਡਰਿੰਗ ਸ਼ਾਮਲ ਹੈ। ਇਹ ਸਾਰੀਆਂ ਯੋਜਨਾਵਾਂ ਕਰੋਨਾ ਕਾਰਨ ਪ੍ਰਭਾਵਿਤ ਹੋਏ ਕਾਰੋਬਾਰਾਂ ਦੀ ਮਦਦ ਲਈ ਸ਼ੁਰੂ ਕੀਤੀਆਂ ਗਈਆਂ ਸਨ।
ਸੋਸ਼ਲ ਡਿਵੈਲਪਮੈਂਟ ਮੰਤਰਾਲੇ ਦੇ ਜਨਰਲ ਮੈਨੇਜਰ ਜਾਰਜ ਵੈਨ ਊਏਨ ਨੇ ਦੱਸਿਆ ਕਿ ਇਹ ਧੋਖਾਧੜੀ ਪੂਰੀ ਤਰ੍ਹਾਂ ਨਾਲ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਸੀ। ਇਸ ਕੰਮ ਲਈ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ। ਇਨਲੈਂਡ ਰੈਵਿਊ (9R4) ਵਿਭਾਗ ਦੇ ਬੁਲਾਰੇ ਬਰਨਾਡੇਟ ਨਿਊਮੈਨ ਨੇ ਦੱਸਿਆ ਕਿ ਰਿਵਰਸ ਨੇ 200 ਤੋਂ ਵੱਧ ਲੋਕਾਂ ਦੀ ਪਛਾਣ ਦੀ ਦੁਰਵਰਤੋਂ ਕਰਕੇ ਫਰਜ਼ੀ ਦਸਤਾਵੇਜ਼ਾਂ ਨਾਲ (9R4) ਨੰਬਰ ਲਏ, ਜਿਨ੍ਹਾਂ ਦਾ ਕਦੇ ਨਿਊਜ਼ੀਲੈਂਡ ਨਾਲ ਕੋਈ ਸਬੰਧ ਨਹੀਂ ਸੀ। ਉਸਨੇ ਇੱਕ ਅਕਾਊਂਟੈਂਟ ਦੇ ਤੌਰ ’ਤੇ ਆਪਣੇ ਵਿਸ਼ੇਸ਼ ਗਿਆਨ ਦੀ ਵਰਤੋਂ ਕਰਕੇ ਸਿਸਟਮ ਨੂੰ ਧੋਖਾ ਦਿੱਤਾ।
ਮੰਤਰਾਲੇ ਨੇ ਇਹ ਵੀ ਦੱਸਿਆ ਕਿ ਅਜੇ ਵੀ ਕਈ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ ਅਤੇ ਇਸ ਧੋਖਾਧੜੀ ਨਾਲ ਜੁੜੇ ਹੋਰ ਲੋਕਾਂ ’ਤੇ ਵੀ ਕਾਨੂੰਨੀ ਕਾਰਵਾਈ ਹੋਵੇਗੀ। ਹੁਣ ਤੱਕ 46 ਲੋਕਾਂ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ, ਜਦਕਿ 49 ਹੋਰਾਂ ’ਤੇ ਅਦਾਲਤ ਵਿੱਚ ਕਾਰਵਾਈ ਜਾਰੀ ਹੈ।