ਸਿੰਘ ਸਾਹਿਬਾਨ ਵੱਲੋਂ ਸੁਣਾਏ ਗਏ ਫੈਸਲੇ ਦੇ ਮੱਦੇਨਜ਼ਰ ਗੁਰਦੁਆਰਾ ਗੁਰੂ ਕਾ ਮਹਿਲ, ਗੁਰਦੁਆਰਾ ਕੋਠਾ ਸਾਹਿਬ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਏ ਸਿੱਖਿਆ ਮੰਤਰੀ
ਅੰਮ੍ਰਿਤਸਰ , 6 ਅਗਸਤ 2025 - ਬੀਤੇ ਦਿਨੀ ਪੰਜਾਬ ਸਰਕਾਰ ਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੀਨਗਰ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਕਰਵਾਏ ਪ੍ਰੋਗਰਾਮ ਵਿੱਚ ਹੋਈ ਮਰਿਆਦਾ ਦੀ ਉਲੰਘਣਾ ਦੇ ਸਬੰਧ ਵਿੱਚ ਅੱਜ ਪੰਜ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਣਵਾਈ ਗਈ ਸਜ਼ਾ ਦੇ ਮੱਦੇ ਨਜ਼ਰ ਸਿੱਖਿਆ, ਸੂਚਨਾ ਤੇ ਲੋਕ ਸੰਪਰਕ ਮੰਤਰੀ ਸ ਹਰਜੋਤ ਸਿੰਘ ਬੈਂਸ ਨੇ ਗੁਰਦੁਆਰਾ ਗੁਰੂ ਕਾ ਮਹਿਲ ਅੰਮ੍ਰਿਤਸਰ, ਗੁਰਦੁਆਰਾ ਕੋਠਾ ਸਾਹਿਬ ਵੱਲਾ ਅਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਨੰਗੇ ਪੈਰੀ ਨਤਮਸਤਕ ਹੋ ਕੇ ਗੁਰੂ ਸਾਹਿਬ ਅੱਗੇ ਖਿਮਾ ਜਾਚਨਾ ਲਈ ਅਰਦਾਸ ਬੇਨਤੀ ਕੀਤੀ। ਉਨਾਂ ਸ੍ਰੀ ਦਰਬਾਰ ਸਾਹਿਬ ਤੋਂ ਗੁਰੂ ਕੇ ਮਹਿਲ ਨੂੰ ਜਾਂਦਿਆਂ ਰਸਤੇ ਦੀ ਸਫਾਈ ਵੀ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਮੇਰੇ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਪਰ ਕੋਈ ਹੋਰ ਹਸਤੀ ਨਹੀਂ ਹੈ। ਇਥੋਂ ਆਇਆ ਫੁਰਮਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਫੁਰਮਾਨ ਹੈ ਅਤੇ ਮੈਂ ਇਸ ਫੈਸਲੇ ਅੱਗੇ ਖੜੇ ਮੱਥੇ ਸਿਰ ਝੁਕਾਉਂਦਾ ਹੋਇਆ ਹਰ ਹੁਕਮ ਦੀ ਪਾਲਣਾ ਕਰਾਂਗਾ। ਉਨਾ ਕਿਹਾ ਕਿ ਉਹ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਕੇ ਖਿਮਾ ਜਾਚਨਾ ਕਰ ਰਹੇ ਹਨ ਅਤੇ ਛੇਤੀ ਹੀ ਸਿੰਘ ਸਾਹਿਬਾਨ ਦੇ ਫੈਸਲੇ ਅਨੁਸਾਰ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਜਾ ਕੇ ਆਪਣੀ ਭੁੱਲ ਬਖਸ਼ਾਉਣਗੇ । ਉਹਨਾਂ ਕਿਹਾ ਕਿ ਜੋ ਵੀ ਆਦੇਸ਼ ਸਿੰਘ ਸਾਹਿਬਾਨ ਨੇ ਦਿੱਤੇ ਹਨ, ਉਹ ਉਨ੍ਹਾਂ ਉਤੇ ਪਹਿਰਾ ਦੇਣਗੇ।
ਦੱਸਣਯੋਗ ਹੈ ਕਿ ਅੱਜ ਸਵੇਰੇ ਕੈਬਨਟ ਮੰਤਰੀ ਸ ਹਰਜੋਤ ਸਿੰਘ ਬੈਂਸ ਸਾਰਾਗੜੀ ਪਾਰਕਿੰਗ ਵਿੱਚ ਆਪਣੀ ਗੱਡੀ ਤੋਂ ਉੱਤਰ ਕੇ ਪਹਿਲਾਂ ਪੈਦਲ ਗੁਰਦੁਆਰਾ ਗੁਰੂ ਕਾ ਮਹਿਲ ਦਰਸ਼ਨ ਕਰਨ ਲਈ ਗਏ ਸਨ, ਉਪਰੰਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ । ਜਿੱਥੇ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿੱਚ ਉਹ ਸਿੰਘ ਸਾਹਿਬਾਨ ਅੱਗੇ ਪੇਸ਼ ਹੋਏ।
ਉਸ ਤੋਂ ਬਾਅਦ ਸਿੰਘ ਸਾਹਿਬਾਨ ਨੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਾਰੇ ਦੋਸ਼ ਪੜ੍ਹ ਕੇ ਸੁਣਾਏ ਅਤੇ ਫਿਰ ਫੈਸਲਾ ਦਿੱਤਾ, ਜਿਸ ਨੂੰ ਉਹਨਾਂ ਨੇ ਪ੍ਰਵਾਨ ਕਰਦੇ ਹੋਏ ਅੱਜ ਤੋਂ ਹੀ ਇਸ ਫੈਸਲੇ ਅਨੁਸਾਰ ਸੇਵਾ ਸ਼ੁਰੂ ਕਰ ਦਿੱਤੀ। ਫੈਸਲਾ ਅੱਗੇ ਸਿਰ ਝੁਕਾਉਂਦੇ ਉਹ ਪਹਿਲਾਂ ਗੁਰਦੁਆਰਾ ਗੁਰੂ ਕਾ ਮਹਿਲ ਨੰਗੇ ਪੈਰੀ ਚੱਲ ਕੇ ਗਏ। ਉਪਰੰਤ ਗੁਰਦੁਆਰਾ ਕੋਠਾ ਸਾਹਿਬ ਵੱਲਾ ਵਿਖੇ ਨਤਮਸਤਕ ਹੋਏ ਅਤੇ ਫਿਰ ਬਾਬਾ ਬਕਾਲਾ ਸਾਹਿਬ ਵਿਖੇ ਨੰਗੇ ਪੈਰ ਚੱਲ ਕੇ ਨਤਮਸਤਕ ਹੋਏ।