ਤਰਨਤਾਰਨ ਵਿੱਚ ਦਰਜਨਾਂ ਸਥਾਨਕ ਆਗੂ, ਸਰਪੰਚ ਅਤੇ ਪੰਚਾਇਤ ਮੈਂਬਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ
ਅਮਨ ਅਰੋੜਾ ਨੇ ਸਾਰੇ ਨਵੇਂ ਮੈਂਬਰਾਂ ਦਾ ਪਾਰਟੀ ਵਿੱਚ ਕੀਤਾ ਸਵਾਗਤ, ਲੋਕਾਂ ਨੂੰ ਲੋਕ-ਪੱਖੀ ਸ਼ਾਸਨ ਦਾ ਦਿੱਤਾ ਭਰੋਸਾ
ਅਰੋੜਾ ਨੇ ਮਰਹੂਮ ਵਿਧਾਇਕ ਕਸ਼ਮੀਰ ਸਿੰਘ ਸੋਹਲ ਨੂੰ ਦਿੱਤੀ ਸ਼ਰਧਾਂਜਲੀ, ਕਿਹਾ- ਤਰਨਤਾਰਨ ਦੁਬਾਰਾ 'ਆਪ' ਵਿਧਾਇਕ ਚੁਣੇਗਾ
ਤਰਨਤਾਰਨ/ਚੰਡੀਗੜ੍ਹ, 7 ਅਗਸਤ
ਤਰਨਤਾਰਨ 'ਚ ਆਮ ਆਦਮੀ ਪਾਰਟੀ (ਆਪ) ਨੂੰ ਉਸ ਸਮੇਂ ਵੱਡਾ ਸਮਰਥਨ ਮਿਲਿਆ ਜਦੋਂ ਦਰਜਨਾਂ ਸਥਾਨਕ ਆਗੂਆਂ, ਪੰਚਾਇਤ ਮੈਂਬਰਾਂ ਅਤੇ ਸਰਪੰਚਾਂ ਨੇ ਇੱਕ ਵੱਡੀ ਜਨਸਭਾ ਦੌਰਾਨ ਪਾਰਟੀ ਵਿੱਚ ਸ਼ਾਮਲ ਹੋਣ ਦੀ ਘੋਸ਼ਣਾ ਕੀਤੀ। ਇਹ ਸਮਾਗਮ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਹੇਠ ਹੋਇਆ, ਜਿਸ ਵਿੱਚ ਹਜ਼ਾਰਾਂ ਲੋਕ ਮੌਜੂਦ ਸਨ। ਇਸ ਮੌਕੇ 'ਤੇ ਸੀਨੀਅਰ ਆਗੂ ਤਲਬੀਰ ਸਿੰਘ ਗਿੱਲ ਅਤੇ ਸਰਵਣ ਸਿੰਘ ਧੂਨ ਵੀ ਮੌਜੂਦ ਰਹੇ। ਉਨ੍ਹਾਂ ਨੇ ਅਰੋੜਾ ਦੇ ਨਾਲ ਮਿਲ ਕੇ ਨਵੇਂ ਮੈਂਬਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਰੈਲੀ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਤਰਨਤਾਰਨ ਸਮੇਤ ਪੰਜਾਬ ਦੇ ਹਰ ਕੋਨੇ ਤੋਂ 'ਆਪ' ਨੂੰ ਜੋ ਪਿਆਰ ਅਤੇ ਵਿਸ਼ਵਾਸ ਮਿਲ ਰਿਹਾ ਹੈ, ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੇ ਪਾਰਦਰਸ਼ੀ, ਇਮਾਨਦਾਰ ਅਤੇ ਲੋਕ-ਪਹਿਲਾਂ ਸ਼ਾਸਨ ਮਾਡਲ ਦਾ ਨਤੀਜਾ ਹੈ। ਅਰੋੜਾ ਨੇ ਜ਼ੋਰ ਦੇ ਕੇ ਕਿਹਾ ਕਿ 'ਆਪ' ਸਰਕਾਰ ਨੇ ਸਿਰਫ਼ ਸਾਢੇ ਤਿੰਨ ਸਾਲਾਂ ਵਿੱਚ ਸ਼ਾਨਦਾਰ ਵਿਕਾਸ ਕੀਤਾ ਹੈ ਅਤੇ ਬਾਕੀ ਰਹਿੰਦੇ ਡੇਢ ਸਾਲਾਂ ਵਿੱਚ ਹੋਰ ਵੀ ਸਖ਼ਤ ਮਿਹਨਤ ਕਰਨ ਲਈ ਵਚਨਬੱਧ ਹੈ।
ਅਰੋੜਾ ਨੇ ਕਿਹਾ ਕਿ "ਆਮ ਆਦਮੀ ਪਾਰਟੀ ਖਾਲੀ ਨਾਅਰਿਆਂ ਜਾਂ ਖੋਖਲੇ ਵਾਅਦਿਆਂ ਵਿੱਚ ਵਿਸ਼ਵਾਸ ਨਹੀਂ ਰੱਖਦੀ। ਅਸੀਂ ਲੋਕਾਂ ਲਈ, ਲੋਕਾਂ ਨਾਲ ਕੰਮ ਕਰਦੇ ਹਾਂ, ਅਤੇ ਸਿਰਫ਼ ਉਨ੍ਹਾਂ ਪ੍ਰਤੀ ਜਵਾਬਦੇਹ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿੱਖਿਆ, ਸਿਹਤ, ਖੇਤੀਬਾੜੀ ਅਤੇ ਭ੍ਰਿਸ਼ਟਾਚਾਰ ਖਿਲਾਫ ਕੀਤੇ ਗਏ ਕੰਮਾਂ ਤੋਂ ਲੋਕ ਖੁਸ਼ ਹਨ।
ਉਨ੍ਹਾਂ ਤਰਨਤਾਰਨ ਤੋਂ ਆਪ ਦੇ ਮਰਹੂਮ ਵਿਧਾਇਕ ਕਸ਼ਮੀਰ ਸਿੰਘ ਸੋਹਲ ਨੂੰ ਵੀ ਭਾਵੁਕ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦਾ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਯੋਗਦਾਨ ਅਤੇ ਸਮਰਪਣ ਨੂੰ ਯਾਦ ਕਰਦਿਆਂ ਅਰੋੜਾ ਨੇ ਕਿਹਾ ਕਿ ਕਸ਼ਮੀਰ ਸਿੰਘ ਜੀ ਸਿਰਫ਼ ਇੱਕ ਸਾਥੀ ਹੀ ਨਹੀਂ ਸਨ, ਸਗੋਂ ਬਦਲਾਅ ਦੇ ਸੱਚੇ ਸਿਪਾਹੀ ਸਨ। ਤਰਨਤਾਰਨ ਨੇ ਇੱਕ ਸਮਰਪਿਤ ਪ੍ਰਤੀਨਿਧੀ ਗੁਆ ਦਿੱਤਾ ਹੈ, ਪਰ 'ਆਪ' ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰੇਗੀ। ਸੀਟ ਖਾਲੀ ਹੋ ਗਈ ਹੈ ਅਤੇ ਹੁਣ ਕਿਸੇ ਵੀ ਸਮੇਂ ਜਿਮਨੀ ਚੋਣ ਦਾ ਐਲਾਨ ਹੋ ਸਕਦਾ ਹੈ, ਪਰ ਜਨਤਾ ਇੱਕ ਵਾਰ ਫਿਰ 'ਆਪ' ਵਿੱਚ ਆਪਣਾ ਵਿਸ਼ਵਾਸ ਬਣਾਈ ਰੱਖੇਗੀ।
ਤਰਨ ਤਾਰਨ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਜਸਵੰਤ ਸਿੰਘ (ਪਿੰਡ ਬੁਰਜ ਦੀ ਪੰਚਾਇਤ ਸਮੇਤ), ਵੱਸਨ ਸਿੰਘ (ਸਰਪੰਚ, ਬੁਰਜ), ਹਰਜਿੰਦਰ ਸਿੰਘ ਭੁੱਟੋ ਪੱਧਰੀ (ਅੰਤਰਰਾਸ਼ਟਰੀ ਕਬੱਡੀ ਖਿਡਾਰੀ), ਤਰਸੇਮ ਸਿੰਘ ਸੋਹਿਲ, ਰਵੈਲ ਸਿੰਘ ਸੋਹਿਲ, ਹਰਸ਼ਰਨ ਸਿੰਘ ਢਿੱਲੋਂ ਝਮਕਾ ਪ੍ਰਮੁੱਖ ਹਨ। ਪਿੰਡ ਪੱਧਰੀ ਤੋਂ ਪੂਰਣ ਸਿੰਘ, ਗੁਰਪ੍ਰੀਤ ਸਿੰਘ, ਬਾਜ਼ ਸਿੰਘ, ਯੋਧਬੀਰ ਸਿੰਘ, ਦਿਲਬਾਗ ਸਿੰਘ, ਬਲਦੇਵ ਸਿੰਘ, ਕਰਨਬੀਰ ਸਿੰਘ, ਯੁਗਰਾਜ ਸਿੰਘ, ਬਾਜ਼ ਸਿੰਘ ਅਤੇ ਸਰਪੰਚ ਸਲਵਿੰਦਰ ਸਿੰਘ ਨੇ ਆਪ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਚੱਕ ਪਿੰਡ ਤੋਂ ਗੁਰਵਿੰਦਰ ਸਿੰਘ (ਸਾਬਕਾ ਸਰਪੰਚ), ਸੰਤ ਸਿੰਘ ਅਤੇ ਬਲਜੀਤ ਸਿੰਘ ਨੇ ਪਾਰਟੀ ਦਾ ਪੱਲਾ ਫੜਿਆ। ਜਦਕਿ ਕੋਟ ਧਰਮਚੰਦ ਤੋਂ ਜੋਬਨਪ੍ਰੀਤ, ਜਸ਼ਨਦੀਪ ਸਿੰਘ, ਗੁਲਜ਼ਾਰ ਸਿੰਘ, ਗੁਰਨਾਮ ਸਿੰਘ, ਹਰਵੰਤ ਸਿੰਘ, ਮੰਗਲ ਸਿੰਘ, ਜਗਜੀਤ ਸਿੰਘ ਅਤੇ ਸਰਬਜੀਤ ਸਿੰਘ ਨੇ ਵੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰਕੇ ਪਾਰਟੀ ਦੀ ਤਾਕਤ 'ਚ ਇਜ਼ਾਫਾ ਕੀਤਾ।
ਅਮਨ ਅਰੋੜਾ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਸਾਰੇ ਨਵੇਂ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਅਜਿਹੇ ਜ਼ਮੀਨੀ ਪੱਧਰ ਦੇ ਆਗੂਆਂ ਦੀ ਤਾਕਤ ਨਾਲ, ਤਰਨਤਾਰਨ ਅਤੇ ਪੂਰੇ ਮਾਝਾ ਖੇਤਰ ਵਿੱਚ ਸਾਫ਼-ਸੁਥਰੇ ਅਤੇ ਜਵਾਬਦੇਹ ਸ਼ਾਸਨ ਲਈ 'ਆਪ' ਦਾ ਮਿਸ਼ਨ ਹੋਰ ਮਜ਼ਬੂਤ ਹੁੰਦਾ ਰਹੇਗਾ।
ਉਨ੍ਹਾਂ ਜਨਤਾ ਨੂੰ ਇੱਕਜੁੱਟ ਰਹਿਣ ਅਤੇ ਤਰੱਕੀ ਅਤੇ ਨਿਆਂ ਦੀ ਲਹਿਰ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਅਤੇ ਭਰੋਸਾ ਦਿਵਾਇਆ ਕਿ ਹਰ ਆਵਾਜ਼ ਸੁਣੀ ਜਾਵੇਗੀ, ਹਰ ਮੁੱਦੇ ਨੂੰ ਹੱਲ ਕੀਤਾ ਜਾਵੇਗਾ ਅਤੇ ਹਰ ਵਾਅਦਾ ਪੂਰਾ ਕੀਤਾ ਜਾਵੇਗਾ।