ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ ਬਰਸੀ ਸਮਾਗਮ ਦੀ ਮੁਹਿੰਮ ਨੂੰ ਵਿਸ਼ਾਲ ਹੁੰਗਾਰਾ-ਪ੍ਰੇਮ ਕੁਮਾਰ
ਅਸ਼ੋਕ ਵਰਮਾ
ਬਰਨਾਲਾ ,7 ਅਗਸਤ 2025:ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ ਦਾਣਾ ਮੰਡੀ ਮਹਿਲਕਲਾਂ ਵਿਖੇ 12 ਅਗਸਤ ਨੂੰ ਮਨਾਏ ਜਾ ਰਹੇ 28ਵੇਂ ਬਰਸੀ ਸਮਾਗਮ ਦੀ ਮੁਹਿੰਮ ਨੂੰ ਵਿਸ਼ਾਲ ਹੁੰਗਾਰਾ ਮਿਲ ਰਿਹਾ ਹੈ। ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਦੇ ਆਗੂਆਂ ਨਰਾਇਣ ਦੱਤ ਅਤੇ ਪ੍ਰੇਮ ਕੁਮਾਰ ਦੀ ਅਗਵਾਈ ਵਿੱਚ ਬਰਨਾਲਾ ਸੀਨੀਅਰ ਸਿਟੀਜਨ ਸੋਸਾਇਟੀ ਦੇ ਮੈਂਬਰਾਂ ਦੇ ਰੂਬਰੂ ਹੁੰਦੇ ਹੋਏ 28 ਵਰ੍ਹਿਆਂ ਦੇ ਲੋਕ ਇਤਿਹਾਸ ਨੂੰ ਪੇਸ਼ ਆਈਆਂ ਵੱਡੀਆਂ ਚੁਣੌਤੀਆਂ ਅਤੇ ਸਫ਼ਲ ਟਾਕਰਾ ਕਰਨ ਦੀ ਵਿਰਾਸਤ ਤੋਂ ਟ੍ਰੇਡ ਯੂਨੀਅਨ ਆਗੂ ਮਾਸਟਰ ਮਨੋਹਰ ਲਾਲ ਜਾਣੂ ਕਰਵਾਇਆ। ਸੰਬੋਧਨ ਕਰਦਿਆਂ ਆਗੂਆਂ ਨਰਾਇਣ ਦੱਤ ਅਤੇ ਪ੍ਰੇਮ ਕੁਮਾਰ ਨੇ ਕਿਹਾ ਕਿ ਲੋਕ ਹੀ ਇਤਿਹਾਸ ਦੇ ਸਿਰਜਣਹਾਰ ਹੁੰਦੇ ਹਨ।
ਉਹਨਾਂ ਕਿਹਾ ਕਿ ਐਕਸ਼ਨ ਕਮੇਟੀ ਮਹਿਲਕਲਾਂ ਦੀ ਅਗਵਾਈ ਵਿੱਚ ਸਿਰਜੇ ਇਸ ਇਤਿਹਾਸ ਦੇ ਸੂਹੇ ਪੰਨਿਆਂ ਨੇ ਇਹ ਸੱਚ ਕਰ ਵਿਖਾਇਆ ਹੈ। ਸਾਂਝੇ ਵਿਚਾਰਾਂ ਦੇ ਗੁਲਦਸਤੇ ਨੇ 28 ਸਾਲ ਤੋਂ ਇੱਕਜੁੱਟ ਰਹਿਕੇ, ਲੋਕ ਤਾਕਤ ਤੇ ਟੇਕ ਰੱਖਣ ਦੀ ਦਰੁੱਸਤ ਬੁਨਿਆਦ ਰੱਖਕੇ ਅਨੇਕਾਂ ਮੋੜਾਂ ਘੋੜਾਂ ਨੂੰ ਸਰ ਕੀਤਾ ਹੈ। ਇਸ ਸਮੇਂ ਸੀਨੀਅਰ ਸਿਟੀਜਨ ਸੋਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਭੁੱਲਰ,ਮੇਘ ਰਾਜ ਮਿੱਤਰ ਨੇ ਯਾਦਗਾਰ ਕਮੇਟੀ ਦੇ ਆਗੂਆਂ ਦੇ ਹਰ ਵੱਡੀ ਤੋਂ ਵੱਡੀ ਔਕੜ ਸਮੇਂ ਦ੍ਰਿੜ ਇਰਾਦਾ ਰੱਖਕੇ ਅੱਗੇ ਵਧਦੇ ਰਹਿਣ ਦੀ ਜ਼ੋਰਦਾਰ ਸ਼ਲਾਘਾ ਕੀਤੀ। ਇਸੇ ਹੀ ਤਰ੍ਹਾਂ ਪੰਜਾਬ ਦੀਆਂ ਖ੍ਰੀਦ ਏਜੰਸੀਆਂ ਦੇ ਮੁਲਾਜ਼ਮ ਆਗੂਆਂ ਗੁਲਾਬ ਸਿੰਘ, ਰਾਜਦੀਪ ਸਿੰਘ, ਸਤਵੀਰ ਸਿੰਘ, ਅਸ਼ਵਨੀ ਕੁਮਾਰ ਨੇ ਯਾਦਗਾਰ ਕਮੇਟੀ ਦੇ ਆਗੂਆਂ ਨਾਲ ਮੀਟਿੰਗ ਕਰਕੇ ਲੋਕ ਘੋਲ ਬਾਰੇ ਜਾਣਕਾਰੀ ਹਾਸਲ ਕਰਦਿਆਂ, ਮੌਜੂਦਾ ਦੌਰ ਦੀਆਂ ਚੁਣੌਤੀਆਂ ਸੰਗ ਭਿੜਨ ਲਈ ਸੰਘਰਸ਼ ਜਾਰੀ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ।
ਉਹਨਾਂ ਕਿਹਾ ਕਿ ਇਉਂ ਹੀ ਸੰਘਰਸ਼ ਦੇ ਰਾਹ ਪਏ ਪਾਵਰਕੌਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂਆਂ ਜਗਸੀਰ ਸਿੰਘ ਭੱਠਲ ਅਤੇ ਰਜਿੰਦਰ ਪਾਲ ਸਿੰਘ ਮਿੰਟੂ ਦੀ ਅਗਵਾਈ ਵਿੱਚ ਇਕੱਠੇ ਹੋਏ ਅਤੇ ਫੈਸਲਾ ਕੀਤਾ ਕਿ ਉਹ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਸ਼ਹੀਦ ਕਿਰਨਜੀਤ ਕੌਰ ਦੇ 28ਵੇਂ ਬਰਸੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਕੇ ਹਰ ਪੱਧਰ ਦੀ ਜ਼ਿੰਮੇਵਾਰੀ ਨਿਭਾਉਣਗੇ। ਖ੍ਰੀਦ ਏਜੰਸੀਆਂ ਵੱਲੋਂ ਅਤੇ ਸੀਨੀਅਰ ਸਿਟੀਜਨ ਸੋਸਾਇਟੀ ਦੇ ਮੈਂਬਰਾਂ ਨੂੰ ਬਰਸੀ ਸਮਾਗਮ ਨੂੰ ਸਫ਼ਲ ਬਨਾਉਣ ਲਈ ਫੰਡ ਮੁਹਿੰਮ ਵਿੱਚ ਵੀ ਵੱਡਾ ਯੋਗਦਾਨ ਪਾਇਆ। ਯਾਦਗਾਰ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ, ਮਨਜੀਤ ਧਨੇਰ ਅਤੇ ਜਰਨੈਲ ਸਿੰਘ ਚੰਨਣਵਾਲ ਨੇ ਚੱਲ ਰਹੀ ਤਿਆਰੀ ਮੁਹਿੰਮ ਨੂੰ ਬਹੁਤ ਉਤਸ਼ਾਹਜਨਕ ਦਸਦਿਆਂ ਕਿਹਾ ਕਿ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਹੋ ਰਹੇ ਸਮਾਗਮ ਵਿੱਚ ਮਿਹਨਤਕਸ਼ ਲੋਕਾਂ ਦੇ ਕਾਫਲੇ ਪੂਰੇ ਉਤਸ਼ਾਹ ਨਾਲ ਪਹੁੰਚਣਗੇ।