ਨਹਿਰ 'ਚੋਂ ਵੱਡੀ ਮਾਤਰਾ 'ਚ ਹੋ ਰਹੀ ਰੇਤ ਚੋਰੀ! ਤਿੰਨ ਦਿਨ ਪਹਿਲਾਂ ਸੂਚਨਾ ਦੇਣ ਦੇ ਬਾਵਜੂਦ ਸੁੱਤਾ ਨਹਿਰ ਵਿਭਾਗ
ਮਾਈਨਿੰਗ ਵਿਭਾਗ ਹੋਇਆ ਸਰਗਰਮ
ਰੋਹਿਤ ਗੁਪਤਾ
ਗੁਰਦਾਸਪੁਰ 29 ਅਪ੍ਰੈਲ 2025- ਰਾਵੀ ਦਰਿਆ ਵਿੱਚੋਂ ਨਿਕਲਦੀ ਅਪਰਬਾਰੀ ਦੁਆਬ ਨਹਿਰ ਵਿੱਚੋਂ ਵੱਡੀ ਪੱਧਰ ਤੇ ਰੇਤ ਚੋਰੀ ਹੋ ਰਹੀ ਹੈ । ਜਦੋਂ ਸਾਡੇ ਪੱਤਰਕਾਰਾਂ ਨੂੰ ਇਸ ਦੀ ਸੂਚਨਾ ਮਿਲੀ ਤਾਂ ਮੌਕੇ ਤੇ ਜਾ ਕੇ ਵੇਖਿਆ ਗਿਆ ਕਿ ਗਾਜ਼ੀ ਕੋਟ ਤੋਂ ਤਿੱਬੜੀ ਨੂੰ ਜਾਂਦੇ ਲਿੰਕ ਰੋਡ ਤੋਂ ਰੇਤ ਚੋਰੀ ਕਰਨ ਵਾਲਿਆਂ ਨੇ ਨਹਿਰ ਦੇ ਦੋਨਾਂ ਕਿਨਾਰਿਆਂ ਤੇ ਨਹਿਰ ਵਿੱਚ ਉਤਰਨ ਲਈ ਕਈ ਜਗਹਾ ਰਸਤੇ ਬਣਾ ਲਏ ਹਨ। ਨਹਿਰ ਵਿੱਚ ਪੰਜ ਛੇ ਜਗ੍ਹਾ ਤੋਂ ਵੱਡੀ ਪੱਧਰ ਵਿੱਚ ਰੇਤ ਚੋਰੀ ਕੀਤੀ ਗਈ ਹੈ। ਇਸ ਦੀ ਵੀਡੀਓਗ੍ਰਾਫੀ ਕਰਕੇ ਤੁਰੰਤ ਇਸ ਦੀ ਸੂਚਨਾ ਨਹਿਰ ਵਿਭਾਗ ਦੇ ਐਸਡੀਓ ਨੂੰ ਦਿੱਤੀ ਗਈ ਪਰ ਤਿੰਨ ਦਿਨ ਬਾਅਦ ਸੂਤਰਾਂ ਨੇ ਫੇਰ ਦੱਸਿਆ ਕਿ ਨਹਿਰ ਵਿੱਚੋਂ ਰੇ ਚੋਰੀ ਹੋ ਰਹੀ ਹੈ ਤਾਂ ਮੌਕੇ ਤੇ ਜਾ ਕੇ ਵੇਖਿਆ ਗਿਆ ਕਿ ਰੇਤ ਚੋਰੀ ਕਰਨ ਵਾਲਿਆਂ ਨੇ ਨਹਿਰ ਦੇ ਟੋਏ ਹੋਰ ਡੂੰਘੇ ਅਤੇ ਚੋੜੇ ਕਰ ਦਿੱਤੇ ਹਨ । ਮੌਕੇ ਤੇ ਦੇਖਿਆ ਗਿਆ ਕਿ ਜਵਾਲਾਪੁਰ ਅਤੇ ਨਸ਼ਹਿਰਾ ਬਹਾਦਰ , ਨਹਿਰ ਦੇ ਦੂਜੇ ਕਿਨਾਰੇ ਤੇ ਗੋਹਤ ਪੋਕਰ ਅਤੇ ਤਿੱਬੜੀ ਪੁੱਲ ਤੋਂ ਪੰਧੇਰ ਨੂੰ ਜਾਂਦੇ ਰਸਤੇ ਤੇ ਨਹਿਰ ਵਿੱਚੋਂ ਵੱਡੇ ਪੱਧਰ ਤੇ ਰੇਤ ਚੋਰੀ ਹੋ ਚੁੱਕੀ ਹੈ। ਪੰਧੇਰ ਵਾਲੇ ਰਸਤੇ ਤੇ ਟੋਏ ਤਾਂ ਹਜੇ ਛੋਟੇ ਹਨ ਪਰ ਤਿੰਨ ਬਹੁਤ ਵੱਡੇ ਵੱਡੇ ਟੋਏ ਜਵਾਲਾਪੁਰ ,ਨੁਸ਼ਹਿਰਾ ਬਹਾਦਰ ਅਤੇ ਨਹਿਰ ਦੇ ਦੂਜੇ ਕਿਨਾਰੇ ਸਥਿਤ ਗੋਹਤ ਪੋਕਰ ਪਿੰਡ ਨੇੜੇ ਪਾਏ ਗਏ ਹਨ। ਇੱਕ ਟੋਇਆ ਕਰੀਬ ਪੰਜ ਫੁੱਟ ਡੂੰਘਾ ਤੇ 25_ 30 ਫੁੱਟ ਚੌੜਾ ਕਰ ਦਿੱਤਾ ਗਿਆ ਹੈ। ਸੂਚਨਾ ਦੇਣ ਵਾਲਿਆਂ ਨੇ ਦੱਸਿਆ ਕਿ ਰੇਤ ਮਾਫੀਆ ਵੱਲੋਂ ਵੱਢੀ ਗਿਣਤੀ ਵਿੱਚ ਰਾਤ ਨੂੰ ਮਜਦੂਰ ਲਗਾ ਕੇ ਨਹਿਰ ਵਿੱਚੋਂ ਰੇਤ ਚੋਰੀ ਕੀਤੀ ਜਾ ਰਹੀ ਹੈ। ਮਜ਼ਦੂਰ ਟੋਕਰੀਆਂ ਅਤੇ ਕਹੀਆਂ ਨਾਲ ਰੇਤ ਪੁੱਟ ਕੇ ਕਿਨਾਰੇ ਤੇ ਢੇਰ ਲਗਾ ਦਿੰਦੇ ਹਨ ਅਤੇ ਉਥੋਂ ਗੱਡਿਆ ਤੇ ਟਰਾਲੀਆਂ ਦੀ ਸਹਾਇਤਾ ਨਾਲ ਰੇਤ ਦੀ ਲਿਫਟਿੰਗ ਆਪਣੇ ਅੱਡਿਆਂ ਤੱਕ ਕਰਦੇ ਹਨ। ਜਾਣਕਾਰੀ ਅਨੁਸਾਰ ਮਜ਼ਦੂਰਾਂ ਨੂੰ ਇਸ ਦੇ ਲਈ ਰੇਤ ਮਾਫੀਆ ਭੁਗਤਾਨ ਕਰਦਾ ਹੈ ਜਿਸ ਦੇ ਲਾਲਚ ਵਿੱਚ ਗਰੀਬ ਘਰਾਂ ਦੇ ਮਜ਼ਦੂਰ ਇਹ ਗੈਰ ਕਾਨੂੰਨੀ ਕੰਮ ਕਰ ਰਹੇ ਹਨ ਪਰ ਰੇਤ ਮਾਫੀਆ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾ ਕੇ ਇਸ ਤੋਂ ਵੱਡਾ ਮੁਨਾਫਾ ਕਮਾ ਰਿਹਾ ਹੈ। ਨਹਿਰ ਦੇ ਕਿਨਾਰੇ ਤੇ ਇੱਕ ਜਗ੍ਹਾ ਰੇਤ ਦਾ ਢੇਰ ਵੀ ਦੇਖਿਆ ਗਿਆ ਜੋ ਸ਼ਾਇਦ ਰਾਤ ਨੂੰ ਚੁੱਕਣਾ ਭੁੱਲ ਗਏ ਸਨ। ਦੱਸ ਦਈਏ ਕਿ ਨਹਿਰ ਵਿੱਚੋਂ ਰੇਤ ਕੱਢੇ ਜਾਣ ਨਾਲ ਨਹਿਰ ਦੇ ਕਿਨਾਰਿਆਂ ਤੇ ਵੀ ਅਸਰ ਪੈਂਦਾ ਹੈ ਅਤੇ ਪਾਣੀ ਦੇ ਬਹਾਵ ਤੇ ਵੀ । ਜਦੋਂ ਪਾਣੀ ਆਉਂਦਾ ਹੈ ਤਾਂ ਵੱਡੇ ਟੋਇਆ ਕਾਰਨ ਕਿਨਾਰਿਆ ਤੇ ਦਬਾਅ ਪੈਂਦਾ ਹੈ ਤੇ ਕਿਨਾਰੇ ਭੁਰਨੇ ਸ਼ੁਰੂ ਹੋ ਜਾਂਦੇ ਹਨ।
ਤਿੰਨ ਦਿਨ ਪਹਿਲਾਂ ਇਸਦੀ ਸੂਚਨਾ ਮਾਇਨਿੰਗ ਵਿਭਾਗ ਦੇ ਐਸਡੀਓ ਬਾਸੂ ਕੁਮਾਰ ਨੂੰ ਦਿੱਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਇਸ ਤੇ ਤੁਰੰਤ ਕਾਰਵਾਈ ਕਰਨਗੇ ।ਨਾਲ ਹੀ ਕਿਹਾ ਕਿ ਕੁਝ ਹੀ ਦਿਨਾਂ ਵਿੱਚ ਨਹਿਰ ਵਿੱਚ ਪਾਣੀ ਛੱਡ ਦਿੱਤਾ ਜਾਵੇਗਾ ਤਾਂ ਰੇਤ ਦੀ ਚੋਰੀ ਬੰਦ ਹੋ ਜਾਵੇਗੀ ਪਰ ਤਿੰਨ ਦਿਨ ਬੀਤਣ ਦੇ ਬਾਵਜੂਦ ਵੀ ਇਸ ਤੇ ਕੋਈ ਕਾਰਵਾਈ ਨਾ ਹੋਣਾ ਵਿਭਾਗ ਤੇ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ।
ਬੀਤੀ ਸ਼ਾਮ ਜਦੋਂ ਨੇੜੇ ਦੇ ਇਲਾਕੇ ਦੇ ਲੋਕਾਂ ਨੇ ਫਿਰ ਤੋਂ ਫੋਨ ਤੇ ਸੂਚਨਾ ਦਿੱਤੀ ਕਿ ਨਹਿਰ ਵਿੱਚੋਂ ਰੇਤ ਦੀ ਚੋਰੀ ਬੰਦ ਨਹੀਂ ਹੋਈ ਹੈ ਤਾਂ ਪੱਤਰਕਾਰਾਂ ਵੱਲੋਂ ਨਹਿਰ ਦਾ ਦੌਰਾ ਕਰਕੇ ਸਾਰੀ ਸਥਿਤੀ ਨੂੰ ਕੈਮਰੇ ਵਿੱਚ ਕੈਦ ਕੀਤਾ ਗਿਆ। ਨਾਲ ਹੀ ਇਸ ਦੀ ਸੂਚਨਾ ਮਾਈਨਿੰਗ ਵਿਭਾਗ ਦੇ ਐਕਸੀਐਨ ਦਿਲਪ੍ਰੀਤ ਸਿੰਘ ਨੂੰ ਦਿੱਤੀ ਗਈ ਤਾਂ ਮਾਈਨਿੰਗ ਵਿਭਾਗ ਤੁਰੰਤ ਸਰਗਰਮ ਹੋ ਗਿਆ। ਹਾਲਾਂਕਿ ਐਕਸੀਐਨ ਦਿਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਨਹਿਰ ਵਿਭਾਗ ਦਾ ਫਰਜ਼ ਬਣਦਾ ਹੈ ਕਿ ਉਹ ਇਸ ਦੀ ਸ਼ਿਕਾਇਤ ਮਾਈਨਿੰਗ ਵਿਭਾਗ ਨੂੰ ਕਰੇ ਤਾਂ ਹੀ ਮਾਈਨਿੰਗ ਵੀ ਉਸਤੇ ਕਾਰਵਾਈ ਕਰਦਾ ਹੈ ਪਰ ਨਹਿਰ ਵਿਭਾਗ ਨੇ ਹਜੇ ਤੱਕ ਅਜਿਹੀ ਕੋਈ ਸ਼ਿਕਾਇਤ ਨਹੀਂ ਦਿੱਤੀ। ਫਿਰ ਵੀ ਉਹਨਾਂ ਨੇ ਆਪਣੇ ਤੌਰ ਤੇ ਦੇਰ ਰਾਤ ਤੱਕ ਮਾਈਨਿੰਗ ਵਿਭਾਗ ਦੇ ਕਰਮਚਾਰੀਆਂ ਨੂੰ ਮੌਕੇ ਤੇ ਰੇਡ ਲਈ ਭੇਜਿਆ। ਕੋਈ ਕਾਬੂ ਤਾਂ ਨਹੀਂ ਆਇਆ ਪਰ ਮਾਈਨਿੰਗ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਰਾਤ ਦੀ ਰੇਡ ਲਗਾਤਾਰ ਜਾਰੀ ਰੱਖੀ ਜਾਏਗੀ।