ਪੰਜਾਬੀ ਯੂਨੀਵਰਸਿਟੀ ਦੇ ਈ. ਐੱਮ. ਆਰ. ਸੀ ਨੂੰ ਫਿਲਮ ਫੈਸਟੀਵਲ ਵਿੱਚ ਮਿਲਿਆ ਰਾਸ਼ਟਰੀ ਪੁਰਸਕਾਰ
- ਈ. ਐੱਮ. ਆਰ. ਸੀ. ਪਟਿਆਲਾ ਨੂੰ ਪਹਿਲੀ ਵਾਰ ਮਿਲਿਆ ਹੈ ਰਾਸ਼ਟਰੀ ਪੱਧਰ ਦਾ ਪੁਰਸਕਾਰ
ਪਟਿਆਲਾ, 23 ਮਾਰਚ
ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਥਿਤ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਨੇ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਹੋਏ ‘26ਵੇਂ ਸੀ.ਈ.ਸੀ.-ਯੂ.ਜੀ.ਸੀ. ਐਜੂਕੇਸ਼ਨਲ ਫਿਲਮ ਫੈਸਟੀਵਲ’ ਵਿੱਚ ਰਾਸ਼ਟਰ ਪੱਧਰੀ ਪੁਰਸਕਾਰ ਪ੍ਰਾਪਤ ਕੀਤਾ। ਇਹ ਪੁਰਸਕਾਰ ਈ. ਐੱਮ. ਆਰ. ਸੀ., ਪਟਿਆਲਾ ਤੋਂ ਪ੍ਰੋਡਿਊਸਰ ਡਾ. ਤੇਜਿੰਦਰ ਸਿੰਘ ਨੂੰ ਹਾਸਿਲ ਹੋਇਆ ਹੈ ਜਿਨ੍ਹਾਂ ਦੀ ਇਸ ‘ਸਰਵੋਤਮ ਮੂਕਸ’ ਪੁਰਸਕਾਰ ਲਈ ਚੋਣ ਹੋਈ ਸੀ। ਡਾ. ਤੇਜਿੰਦਰ ਸਿੰਘ ਨੂੰ ਇਸ ਪੁਰਸਕਾਰ ਰਾਹੀਂ ਇੱਕ ਟਰਾਫੀ, ਇੱਕ ਸਰਟੀਫਿਕੇਟ ਅਤੇ 50,000 ਰੁਪਏ ਦਾ ਨਕਦ ਇਨਾਮ ਪ੍ਰਾਪਤ ਹੋਇਆ।
ਈ. ਐੱਮ. ਆਰ. ਸੀ. ਦਲਜੀਤ ਅਮੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੁਰਸਕਾਰ ਮੈਸੂਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਐੱਨ. ਕੇ. ਲੋਕਨਾਥ, ਕੰਸੋਰਟੀਅਮ ਫਾਰ ਐਜੂਕੇਸ਼ਨਲ ਕਮਿਊਨੀਕੇਸ਼ਨਜ਼ (ਸੀ.ਈ.ਸੀ.) ਦੇ ਡਾਇਰੈਕਟਰ ਪ੍ਰੋ. ਜੇ.ਬੀ. ਨੱਡਾ ਅਤੇ ਸੀ.ਈ.ਸੀ., ਨਵੀਂ ਦਿੱਲੀ ਦੇ ਸੰਯੁਕਤ ਨਿਰਦੇਸ਼ਕ (ਸਾਫਟਵੇਅਰ) ਡਾ. ਸੁਨੀਲ ਮਹਿਰੂ ਵੱਲੋਂ ਪ੍ਰਦਾਨ ਕੀਤਾ ਗਿਆ।
ਉਨ੍ਹਾਂ ਤੇਜਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਇਸ ਗੱਲ ਨੂੰ ਉਜਾਗਰ ਕੀਤਾ ਕਿ ਈ. ਐੱਮ. ਆਰ. ਸੀ. ਪਟਿਆਲਾ ਦੇ ਤਿੰਨ ਦਹਾਕੇ ਤੋਂ ਵੱਧ ਲੰਬੇ ਇਤਿਹਾਸ ਵਿੱਚ ਇਹ ਪਹਿਲਾ ਪੁਰਸਕਾਰ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ ਅਤੇ ਈ. ਐੱਮ. ਆਰ. ਸੀ. ਤੋਂ ਪ੍ਰੋਡਿਊਸਰ ਚੰਦਨ ਕੁਮਾਰ ਇਸ ਪੁਰਸਕਾਰ ਦੀ ਪ੍ਰਾਪਤੀ ਲਈ ਡਾ. ਤੇਜਿੰਦਰ ਸਿੰਘ ਨਾਲ਼ ਲਖਨਊ ਵਿੱਚ ਇਸ ਪੁਰਸਕਾਰ ਦੀ ਪ੍ਰਾਪਤੀ ਦੇ ਜਸ਼ਨ ਵਿੱਚ ਸ਼ਾਮਿਲ ਹੋਏ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਇਸ ਪ੍ਰਾਪਤੀ ਉੱਤੇ ਈ.ਐੱਮ.ਆਰ.ਸੀ. ਪਟਿਆਲਾ ਨੂੰ ਵਧਾਈ ਦਿੱਤੀ ਗਈ।
ਡਾ. ਤੇਜਿੰਦਰ ਸਿੰਘ ਨੇ ਫੈਸਟੀਵਲ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਵਿਸ਼ੇਸ਼ ਤੌਰ ਉੱਤੇ ਦਲਜੀਤ ਅਮੀ ਦਾ ਉਨ੍ਹਾਂ ਦੀ ਅਗਵਾਈ, ਸਮਰਥਨ ਅਤੇ ਪ੍ਰੇਰਣਾ ਲਈ ਧੰਨਵਾਦ ਕੀਤਾ।
ਪ੍ਰੋਡਿਊਸਰ ਚੰਦਨ ਕੁਮਾਰ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੰਦਿਆਂ ਇਹ ਵਿਸ਼ਵਾਸ ਪ੍ਰਗਟਾਇਆ ਕਿ ਇਹ ਸਨਮਾਨ ਭਵਿੱਖ ਲਈ ਹੋਰ ਪ੍ਰੇਰਣਾ ਪੈਦਾ ਕਰੇਗਾ। ਜ਼ਿਕਰਯੋਗ ਹੈ ਕਿ ਇਸ ਫ਼ੈਸਟੀਵਲ ਵਿੱਚ ਕੁੱਲ ਨੌਂ ਸ਼੍ਰੇਣੀਆਂ ਵਿੱਚ 18 ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਈ. ਐੱਮ. ਆਰ. ਸੀ. ਵੱਲੋਂ ਪੁਲਿਸ ਦੀ ਐਂਟੀ ਨਾਰਕੋਟਿਕਸ ਟ੍ਰੈਫਿਕ ਫੋਰਸ ਨਾਲ ਵੀ ਇਕਰਾਰਨਾਮਾ ਕੀਤਾ ਗਿਆ ਹੈ ਜਿਸ ਤਹਿਤ ਨਸ਼ਾਖੋਰੀ ਵਿਰੁੱਧ ਜਾਗਰੂਕਤਾ ਦੇ ਉਦੇਸ਼ਾਂ ਨਾਲ਼ ਡਿਜੀਟਲ ਵਿੱਦਿਅਕ ਸਮੱਗਰੀ ਦਾ ਨਿਰਮਾਣ ਕੀਤਾ ਜਾਣਾ ਹੈ। ਇਹ ਸਮੱਗਰੀ ਸਕੂਲ ਪਾਠਕ੍ਰਮ ਦਾ ਹਿੱਸਾ ਬਣੇਗੀ। ਇਸ ਤੋਂ ਇਲਾਵਾ ਈ. ਐੱਮ. ਆਰ. ਸੀ. ਪਟਿਆਲਾ ਨੂੰ ਪੰਜਾਬੀ ਭਾਸ਼ਾ ਵਿੱਚ ਮੂਕਸ ਬਣਾਉਣ ਲਈ ਵੀ ਪਹਿਲੀ ਵਾਰ ਪ੍ਰਵਾਨਗੀ ਮਿਲ ਗਈ ਹੈ, ਜੋ ਕਿ ਭਾਰਤ ਸਰਕਾਰ ਦੇ ਸਵੈਯਮ ਪੋਰਟਲ ਰਾਹੀਂ ਪੇਸ਼ ਕੀਤਾ ਜਾਣ ਵਾਲਾ ਪਹਿਲਾ ਪੰਜਾਬੀ ਮੂਕਸ ਪ੍ਰੋਗਰਾਮ ਹੋਵੇਗਾ।