ਬਾਬਾ ਲੱਧਾ ਜੀ ਦੇ ਅਸਥਾਨ ਦੇ ਮੁੱਖ ਸੇਵਾਦਾਰ ਦੀ ਲਾਸ਼ ਖੂਹ ਵਿੱਚੋਂ ਮਿਲੀ
ਰੋਹਿਤ ਗੁਪਤਾ
ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕੀ ਪਿੰਡ ਸੱਖੋਵਾਲ ਵਿੱਖੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਸੇਵਕ ਬਾਬਾ ਲੱਧਾ ਜੀ ਦੇ ਅਸਥਾਨ ਤੇ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਬਾਬਾ ਰਿਸ਼ੀ ਰਾਮ 85 ਸਾਲ ਦੀ ਮ੍ਰਿਤਕ ਦੇਹ ਨਜ਼ਦੀਕੀ ਖੂਹ ਤੋਂ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਮੌਕੇ ਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਪਹੁੰਚ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਦੁਮਨ ਕੁਮਾਰ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਅਨਿਨ ਸੇਵਕ ਬਾਬਾ ਲੱਧਾ ਜੀ ਦੀ ਕੁੱਪਾ ਸਾਹਿਬ ਦੀ ਜਗ੍ਹਾ ਬਣੀ ਹੋਈ ਹੈ ਜੋ ਕਿ ਇਸ ਜਗ੍ਹਾ ਤੇ ਭਾਈ ਰਿਸ਼ੀ ਰਾਮ ਪੁੱਤਰ ਕੇਅਰ ਰਾਮ ਵਾਸੀ ਪਿੰਡ ਕਣਕਣ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਕਰੀਬ ਇਸ ਜਗ੍ਹਾ ਤੇ 60 ਸਾਲਾਂ ਤੋਂ ਸੇਵਾ ਨਿਭਾਅ ਰਹੇ ਹਨ ਅਤੇ ਜੋ ਇੱਥੇ ਹੀ ਦਿਨ ਰਾਤ ਰਹਿੰਦੇ ਹਨ ਕਿ ਬੀਤੇ ਦਿਨ ਮੈਂ ਅਤੇ ਬਾਬਾ ਜੀ ਦਾ ਇੱਕ ਸੇਵਕ ਸੰਦੀਪ ਕੁਮਾਰ ਬਾਬਾ ਜੀ ਦੇ ਦਰਸ਼ਨ ਕਰਨ ਲਈ ਬਾਬਾ ਜੀ ਦੀ ਜਗ੍ਹਾ ਤੇ ਗਏ ਪਰ ਬਾਬਾ ਜੀ ਆਪਣੀ ਜਗ੍ਹਾ ਉੱਤੇ ਸਾਨੂੰ ਨਹੀਂ ਮਿਲੇ। ਅਸੀਂ ਸੋਚਿਆ ਕਿ ਬਾਬਾ ਜੀ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਵਾਸਤੇ ਗਏ ਹੋਏ ਹਨ ਅਤੇ ਅਸੀਂ ਫਿਰ ਬਾਬਾ ਜੀ ਦੀ ਬੜੀ ਭਾਲ ਕੀਤੀ ਪਰ ਬਾਬਾ ਜੀ ਸਾਨੂੰ ਨਹੀਂ ਮਿਲੇ। ਅੱਜ ਸਵੇਰੇ 11 ਵੱਜੇ ਕਰੀਬ ਅਸੀਂ ਵੇਖਿਆ ਕਿ ਬਾਬਾ ਜੀ ਖੂਹ ਵਿੱਚ ਡਿੱਗੇ ਪਏ ਸਨ ਜਦ ਅਸੀਂ ਬਾਬਾ ਜੀ ਨੂੰ ਕੱਢਿਆ ਤਾਂ ਬਾਬਾ ਜੀ ਦੀ ਮੋਤ ਹੋ ਚੁੱਕੀ ਸੀ। ਉਨਾਂ ਦੱਸਿਆ ਕਿ ਸਾਨੂੰ ਸ਼ਕ ਹੈ ਕਿ ਲੁੱਟ ਦੀ ਨੀਅਤ ਨਾਲ ਬਾਬਾ ਜੀ ਨੂੰ ਖੂਹ ਵਿੱਚ ਸੁੱਟ ਦਿੱਤਾ ਹੈ। ਪਰ ਬਾਬਾ ਜੀ ਦੇ ਸਰੀਰ ਵਿੱਚ ਕੋਈ ਵੀ ਸੱਟ ਦੇ ਨਿਸ਼ਾਨ ਨਹੀਂ ਸਨ।
ਇਸ ਸਬੰਧੀ ਥਾਣਾ ਘੁਮਾਣ ਦੀ ਪੁਲਿਸ ਵੱਲੋਂ ਪ੍ਰਦੁਮਨ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
2 | 8 | 2 | 7 | 2 | 4 | 0 | 5 |