ਖੁਦਕੁਸ਼ੀਆਂ ਦੀ ਭੇਂਟ ਚੜਦੀ ਜਵਾਨੀ
ਵਿਜੈ ਗਰਗ
ਮੰਨਿਆ ਜਾਂਦਾ ਹੈ ਕਿ ਇਸ ਸੰਸਾਰ ਵਿੱਚ 84 ਲੱਖ ਜੂਨਾਂ ਹਨ ਅਤੇ ਇਹਨਾਂ 84 ਲੱਖ ਜੂਨਾਂ ਵਿੱਚੋਂ ਮਨੁੱਖੀ ਜਾਮੇ ਨੂੰ ਸਰਵਸ੍ਰੇਸ਼ਟ ਮੰਨਿਆ ਜਾਂਦਾ ਹੈ। ਇੱਕ ਮਨੁੱਖ ਹੀ ਹੈ ਜਿਸ ਵਿੱਚ ਕਾਦਰ ਨੇ ਚੀਜ਼ਾਂ ਨੂੰ ਸਮਝਣ ਅਤੇ ਵਰਤਣ ਦੀ ਸੋਝੀ ਪਾਈ ਹੈ, ਭਾਵਨਾਵਾਂ ਨੂੰ ਸਮਝਣਾ, ਅਹਿਸਾਸਾਂ ਦੀਆਂ ਪੈੜਾਂ ਨੱਪਦਿਆਂ ਪਿਆਰ ਤੇ ਅਪਣੱਤਾਂ ਦਾ ਸੁਨੇਹਾ ਦੇਣਾ, ਖੁਸ਼ੀ ਗਮੀਂ ਨੂੰ ਵੇਖਣਾ ਤੇ ਹਾਲਾਤਾਂ ਅਨੁਸਾਰ ਕਦੇ ਖਿੜ ਖਿੜਾ ਹਾਸਿਆਂ ਦੀ ਬਾਤ ਪਾਉਂਣੀ ਅਤੇ ਕਦੇ ਦੁੱਖਾਂ ਦੇ ਭਾਰ ਨੂੰ ਹੰਝੂਆਂ ਦਾ ਸਹਾਰਾ ਲੈ ਹੌਲਿਆਂ ਕਰਨਾ ਸਭ ਮਨੁੱਖ ਦੇ ਹਿੱਸੇ ਆਇਆ ਹੈ। ਕਹਿਣ ਤੋਂ ਭਾਵ ਕਿ ਸੱਚਮੁੱਚ ਮਨੁੱਖ ਕੁਦਰਤ ਦੀ ਸਰਵਸ਼ੇ੍ਸਟ ਰਚਨਾ ਹੈ। ਜਿੰਦਗੀ ਦੁੱਖਾਂ ਤੇ ਤਕਲੀਫ਼ਾਂ ਦਾ ਸੁਮੇਲ ਹੈ, ਇਹ ਜਿਊਣ ਲਈ ਬਣੀ ਹੈ, ਤੰਗੀਆਂ ਤੁਰਸ਼ੀਆਂ ਹਾਸੇ ਠੱਠੇ ਸਭ ਜਿੰਦਗੀ ਦਾ ਅਹਿਮ ਹਿੱਸਾ ਹਨ , ਫਿਰ ਮਨੁੱਖ ਨੂੰ ਵੀ ਇਸ ਜਿੰਦਗੀ ਨੂੰ ਚੜਦੀਕਲਾ ਨਾਲ ਜਿਊਣਾ ਚਾਹੀਦਾ ਹੈ। ਪਰ ਕਈ ਵਾਰ ਖੁਦਕੁਸ਼ੀਆਂ ਦੀਆਂ ਖਬਰਾਂ ਕੰਨਾਂ ਵਿੱਚ ਪੈਂਦੀਆਂ ਹਨ ਤਾਂ ਮਨ ਬਹੁਤ ਉਦਾਸ ਹੁੰਦਾ ਹੈ ਅਤੇ ਸੋਚਣ ਲਈ ਮਜ਼ਬੂਰ ਹੁੰਦਾ ਹੈ ਕਿ ਕਿਉਂ ਤੇ ਕਿਵੇਂ ਇੱਕ ਇਨਸਾਨ ਆਪਣੇ ਹੀ ਹੱਥੀਂ ਆਪਣੀ ਜਿੰਦਗੀ ਨੂੰ ਖਤਮ ਕਰਨ ਦਾ ਏਨਾ ਵੱਡਾ ਫੈਸਲਾ ਲੈ ਲੈਂਦਾ ਹੈ। 21ਵੀਂ ਸਦੀ ਦੇ ਅਗਾਜ਼ ਵਿੱਚ ਖੁਦਕੁਸ਼ੀਆਂ ਦਾ ਰੁਝਾਨ ਬਹੁਤ ਵੱਧ ਗਿਆ ਸ਼ਾਇਦ ਪਹਿਲਾਂ ਵਾਲੇ ਲੋਕਾਂ ਦੇ ਮਨੋਬਲ ਅੱਜ ਦੇ ਲੋਕਾਂ ਨਾਲੋਂ ਕਈ ਗੁਣਾ ਜਿਆਦਾ ਦਿ੍ੜ੍ਹ ਸੀ , ਤਾਂ ਹੀ ਉਹ ਵੱਡੀਆਂ ਵੱਡੀਆਂ ਬਿਪਤਾਂ ਪੈਣ ਤੇ ਵੀ ਕਦੇ ਡੋਲੇ ਨਹੀਂ ਸਨ, ਪਰ ਅੱਜ ਇਹ ਰੁਝਾਨ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇਸਦਾ ਸਭ ਤੋਂ ਵੱਧ ਸ਼ਿਕਾਰ ਨੌਜਵਾਨ ਪੀੜੀ ਹੋ ਰਹੀ ਹੈ । ਜਿੰਨਾਂ ਵਿੱਚ ਜਿਆਦਾਤਰ ਸਕੂਲਾਂ ਕਾਲਜਾਂ ਵਿੱਚ ਪੜਦੇ ਵਿਦਿਆਰਥੀ ਸ਼ਾਮਿਲ ਹਨ। ਅਮਰੀਕਾ ਕਾਲਜ ਹੈਲਥ ਐਸੋਸੀਏਸ਼ਨ ਅਨੁਸਾਰ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ ਖੁਦਕੁਸ਼ੀ ਦੀ ਦਰ 1950 ਦੇ ਦਹਾਕੇ ਤੋਂ ਤਿੰਨ ਗੁਣਾ ਵੱਧ ਚੁੱਕੀ ਹੈ। ਕਿਸ਼ੋਰ ਅਵਸਥਾ ਇੱਕ ਬਹੁਤ ਹੀ ਚੰਚਲਤਾ ਭਰਭੂਰ ਅਵਸਥਾ ਹੈ, ਜਿਸ ਵਿੱਚ ਚੰਗੇ ਮਾੜੇ ਦੀ ਪਰਖ ਅਤੇ ਚੀਜ਼ਾਂ ਨੂੰ ਸਮਝਣ ਵਿੱਚ ਪ੍ਰਪੱਕਤਾ ਘੱਟ ਹੁੰਦੀ ਹੈ। ਇਹ ਜਾਨਣਾ ਬਹੁਤ ਜਰੂਰੀ ਹੈ ਕਿ ਅਕਸਰ ਅਜਿਹੇ ਕਿਹੜੇ ਕਾਰਣ ਹਨ ਜਿੰਨਾ ਦਾ ਕਰਕੇ ਕੋਈ ਆਪਣੀ ਜ਼ਿੰਦਗੀ ਤੋਂ ਹਾਰ ਮੰਨ ਲੈਂਦਾ ਹੈ । ਅੱਜ ਦੇ ਮੌਜੂਦਾ ਹਾਲਾਤਾਂ ਨੂੰ ਵੇਖਦੇ ਕੁਝ ਮੁੱਖ ਕਾਰਣ ਸਾਹਮਣੇ ਆਏ ਹਨ ਉਹਨਾਂ ਵਿਚੋਂ ਬੱਚਿਆਂ ਦੀਆਂ ਮਾਨਸਿਕ ਪਰੇਸ਼ਾਨੀਆਂ ਦਾ ਵੱਧਣਾ, ਡਿਪਰੈਸ਼ਨ, ਅਕਾਦਮਿਕ ਸਮੱਸਿਆਵਾਂ, ਭਾਵਨਾਤਮਕ ਤੌਰ ਤੇ ਮਜ਼ਬੂਤ ਨਾ ਹੋਣਾ,ਆਤਮ ਵਿਸ਼ਵਾਸ ਦਾ ਘੱਟ ਹੋਣਾ, ਤਕਨੀਕੀ ਸਾਧਨ, ਮੋਬਾਇਲ ਫੋਨਾਂ ਦੀ ਵਧੇਰੇ ਵਰਤੋਂ, ਵੀਡੀਓ ਗੇਮਜ਼ ਦੀ ਨਸ਼ਿਆ ਤੋਂ ਭੈੜੀ ਲਤ ਆਦਿ ਮੁੱਖ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਅੱਜ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੇ ਹਨ, ਇਹ ਪਰੇਸ਼ਾਨੀ ਉਹਨਾਂ ਦੇ ਅਕਾਦਮਿਕ ਖੇਤਰ ਦੇ ਵੱਧਦੇ ਬੋਝ , ਆਪਣੇ ਭਵਿੱਖ ਨੂੰ ਲੈਕੇ ਚਿੰਤਾਵਾਂ, ਕਿਸੇ ਹਮਉਮਰ ਦੋਸਤ ਤੋਂ ਪਿੱਛੇ ਰਹਿਣ ਤੇ ਆਈ ਈਰਖਾ ਆਦਿ ਹੋ ਸਕਦੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਨੌਜਵਾਨਾਂ ਵਿੱਚ ਉਹਨਾਂ ਦੇ ਨਜ਼ਦੀਕੀ ਸੰਬੰਧਾਂ, ਦੋਸਤਾਂ ਨਾਲ ਸੰਬੰਧ ਖਰਾਬ ਹੋਣ ਤੇ ਵੀ ਬਹੁਤ ਸਾਰੇ ਨੌਜਵਾਨ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਰਹਿੰਦੇ ਹਨ ਅਤੇ ਜਦੋਂ ਇਸ ਪਰੇਸ਼ਾਨੀ ਵਿਚੋਂ ਆਪਣੇ ਆਪ ਨੂੰ ਕੱਢਣ ਵਿੱਚ ਨਾਕਾਮ ਹੁੰਦੇ ਹਨ ਤਾਂ ਖੁਦਕੁਸ਼ੀ ਵਰਗਾ ਹੱਥਕੰਡਾ ਅਪਨਾਉਂਦੇ ਹਨ। ਅਜਿਹੇ ਮਾਮਲਿਆਂ ਵਿੱਚ ਲੜਕੀਆਂ ਦੀ ਖੁਦਕੁਸ਼ੀਆਂ ਦੀ ਦਰ ਜਿਆਦਾ ਹੁੰਦੀ ਹੈ, ਸਾਲ 2007 ਤੋਂ 2015 ਤੱਕ 15 ਤੋਂ 19 ਸਾਲ ਵਾਲੀਆਂ ਲੜਕੀਆਂ ਦੀਆਂ ਖੁਦਕੁਸ਼ੀਆਂ ਦੁਗਣੀਆਂ ਹਨ, ਸ਼ਾਇਦ ਲੜਕੀਆਂ ਲੜਕਿਆਂ ਦੇ ਮੁਕਾਬਲੇ ਭਾਵਨਾਤਮਕ ਤੌਰ ਤੇ ਜਿਆਦਾ ਕਮਜ਼ੋਰ ਹੁੰਦੀਆਂ ਹਨ। ਇਸ ਤੋਂ ਇਲਾਵਾ ਅੱਜ ਬੱਚਿਆਂ ਵਿੱਚ ਖੇਡ ਮੈਦਾਨਾਂ ਵਿੱਚ ਖੇਡਣ ਦਾ ਰੁਝਾਨ ਬਿਲਕੁਲ ਖਤਮ ਹੋਣ ਦੀ ਕਗਾਰ ਤੇ ਹੈ, ਆਏ ਦਿਨ ਨਵੇਂ ਆ ਰਹੇ ਤਕਨੀਕੀ ਸਾਧਨ, ਕਾਰਣ ਆਊਟਡੋਰ ਐਕਟੀਵੀਟੀਜ ਦਾ ਚਾਅ ਬਿਲਕੁਲ ਖਤਮ ਹੋ ਗਿਆ ਹੈ, ਨਵੀਆਂ ਆ ਰਹੀਆਂ ਵੀਡੀਓ ਗੇਮਜ਼ ਦਾ ਬੱਚਿਆਂ ਉੱਪਰ ਜੂਏਬਾਜ਼ੀ ਵਾਂਗ ਅਸਰ ਹੋ ਰਿਹਾ ਹੈ, ਅੰਤਰਰਾਸ਼ਟਰੀ ਸਰਵੇਖਣਾਂ ਅਨੁਸਾਰ ਜਰਮਨੀ ਦੇ ਇੱਕ ਰਿਸਰਚ ਇਸਟੀਚੀਉਟ ਦੁਆਰਾ 2007/2008 ਵਿੱਚ ਇਹ ਸਰਵੇਖਣ ਕੀਤਾ ਗਿਆ ਕਿ ਜਰਮਨੀ ਵਰਗੇ ਦੇਸ਼ ਵਿੱਚ ਨੌਜਵਾਨਾਂ ਦੀ ਆਤਮਹੱਤਿਆ ਦਾ ਸਭ ਤੋਂ ਵੱਡਾ ਕਾਰਣ ਵੀਡੀਓ ਗੇਮਜ਼ ਵਿੱਚ ਹਾਰਨਾ ਹੈ। ਜੇਕਰ ਗੱਲ ਭਾਰਤ ਦੀ ਕੀਤੀ ਜਾਵੇ ਤਾਂ ਜੁਲਾਈ 2020 ਵਿੱਚ ਮੁੰਬਈ ਸ਼ਹਿਰ ਦੇ ਇੱਕ 13 ਸਾਲਾਂ ਬੱਚੇ ਦੁਆਰਾ ਵੀਡੀਓ ਗੇਮ ਵਿੱਚੋਂ ਹਾਰਨ ਕਰਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਉਦਹਾਰਣਾਂ ਮੌਜੂਦ ਹਨ।
ਜੇਕਰ ਹੋਰ ਗਹਿਰਾਈ ਨਾਲ ਇਸ ਬਾਰੇ ਵਿਚਾਰ ਕੀਤਾ ਜਾਵੇ ਤਾਂ ਪਤਾ ਚੱਲਦਾ ਹੈ ਕਿ ਜਿੰਨਾ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਦੀ ਕਮੀ ਹੁੰਦੀ ਹੈ ਉਹ ਵੀ ਹਾਲਾਤਾਂ ਅੱਗੇ ਜਲਦੀ ਗੋਡੇ ਟੇਕ ਦਿੰਦੇ ਹਨ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਵਾਪਰਨ ਨਾਲ ਆਪਣੇ ਆਪ ਨੂੰ ਖਤਮ ਕਰਨ ਵਰਗਾ ਬੁਝਦਿਲ ਕੰਮ ਕਰ ਬੈਠਦੇ ਹਨ।
ਹੁਣ ਇੱਥੇ ਇਹ ਵੀ ਵਿਚਾਰਨਾ ਬਹੁਤ ਜਰੂਰੀ ਹੈ ਕਿ ਇਸ ਸਮੱਸਿਆ ਦੇ ਸਮਾਧਾਨ ਕੀ ਹੋ ਸਕਦੇ ਹਨ, ਇਸ ਰੁਝਾਨ ਨੂੰ ਰੋਕਣ ਵਿੱਚ ਮਾਤਾ ਪਿਤਾ ਸਭ ਤੋਂ ਵੱਡਾ ਯੋਗਦਾਨ ਪਾ ਸਕਦੇ ਹਨ। ਬਹੁਤਾਤ ਮਾਪਿਆਂ ਨੂੰ ਲੱਗਦਾ ਹੈ ਕਿ ਬੱਚੇ ਦੀ ਪਰਵਰਿਸ਼ ਤੋਂ ਭਾਵ ਬੱਚੇ ਦੀ ਨਿੱਜੀ ਤੇ ਮੁੱਢਲੀਆਂ ਲੋੜਾਂ ਨੂੰ ਪੂਰਿਆਂ ਕਰਨਾ ਹੈ, ਜਿਸ ਵਿੱਚ ਖਾਣਾ, ਕੱਪੜੇ, ਖਿਡੋਣੇ ਤੇ ਪੜਾਈ ਆਦਿ ਹਨ, ਮਾਪੇ ਇਹ ਭੁੱਲ ਜਾਂਦੇ ਹਨ ਕਿ ਬੱਚਿਆਂ ਨੂੰ ਸ਼ੁਰੂ ਤੋਂ ਨਿਡਰ, ਆਤਮ ਵਿਸ਼ਵਾਸੀ , ਬੇਬਾਕ, , ਦਿ੍ੜ੍ਹ ਇਰਾਦੇ ਵਾਲਾ ਬਣਾਉਣਾ ਵੀ ਉਹਨਾਂ ਦੀ ਜਿੰਮੇਵਾਰੀ ਹੈ ਬੱਚੇ ਦੀ ਪਰਵਰਿਸ਼ ਇਸ ਤਰ੍ਹਾਂ ਨਾਲ ਹੋਣੀ ਚਾਹੀਦੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਸਥਿਤੀ ਵਿੱਚ ਡੋਲੇ ਨਾ ਬਲਕਿ ਡਟ ਕੇ ਉਸ ਦਾ ਸਾਹਮਣਾ ਕਰੇ।
ਇਸ ਤੋਂ ਇਲਾਵਾ ਮਾਪਿਆਂ ਨੂੰ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਉੱਪਰ ਨਜ਼ਰ ਰੱਖਣੀ ਚਾਹੀਦੀ ਹੈ, ਉਹਨਾਂ ਦੀਆਂ ਅਕਾਦਮਿਕ ਅਤੇ ਹੋਰ ਮੁਸ਼ਕਿਲਾਂ ਨੂੰ ਸਮਝਦੇ ਹੋਏ ਉਹਨਾਂ ਨੂੰ ਹੱਲ ਕਰਵਾਉਣਾ ਚਾਹੀਦਾ ਹੈ। ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਧਿਆਪਕਾਂ ਦੇ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੀ ਸੰਗਤ ਬਾਰੇ ਪਤਾ ਲੱਗਦਾ ਰਹੇ। ਹਮੇਸ਼ਾ ਬੱਚਿਆਂ ਦੀ ਗੱਲ ਨੂੰ ਪੂਰੀ ਸੁਣਨਾ ਚਾਹੀਦਾ ਹੈ, ਪਿਆਰ ਨਾਲ ਹਰ ਗੱਲ ਸਮਝਾਉਣੀ ਚਾਹੀਦੀ ਹੈ ।
ਇਸ ਤੋਂ ਇਲਾਵਾ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਪ੍ਰੇਰਣਾਦਾਇਕ ਸੈਮੀਨਾਰ ਆਦਿ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਸਮੇਂ ਸਮੇਂ ਤੇ ਸੁਚੱਜੀ ਅਗਵਾਈ ਮਿਲਦੀ ਰਹੇ।
ਹਰ ਇਨਸਾਨ ਧਰਤੀ ਤੇ ਜਿਊਣ ਆਉਂਦਾ ਹੈ ਤਾਂ ਜਰੂਰੀ ਹੈ ਕਿ ਉਹ ਇਸ ਦੁਨੀਆਂ ਨੂੰ ਮਾਣ ਕੇ ਇਸ ਦੁਨੀਆਂ ਤੋਂ ਜਾਵੇ। ਜਦੋਂ ਕਿਸੇ ਮਾਂ ਬਾਪ ਦਾ ਜਵਾਨ ਧੀ ਪੁੱਤਰ ਬੇਵਕਤੀ ਮੌਤ ਮਰਦਾ ਹੈ ਤਾਂ ਇਹ ਮੌਤ ਮਾਪਿਆਂ ਦੀ ਪਰਵਰਿਸ਼, ਸਮਾਜ ਦੇ ਢਾਂਚੇ ਅਤੇ ਸਿੱਖਿਆ ਦੇ ਢਾਂਚੇ ਉੱਪਰ ਬਹੁਤ ਸਾਰੇ ਸਵਾਲ ਖੜੇ ਕਰ ਜਾਂਦੀ ਹੈ। ਇਸ ਨਾਲ ਇਹ ਵੀ ਸਾਬਿਤ ਹੁੰਦਾ ਹੈ ਕਿ ਇਹ ਤਿੰਨੇ ਥਮ ਮਿਲਕੇ ਇੱਕ ਤਕੜੇ ਮਨੋਬਲ ਵਾਲੇ ਵਿਅਕਤੀ ਦੀ ਸਿਰਜਣਾ ਕਰਨ ਵਿੱਚ ਨਾਕਾਮ ਰਹੇ ਹਨ। ਨੌਜਵਾਨਾਂ ਨੂੰ ਹਿੰਮਤੀ, ਸਾਹਸੀ, ਜੁੱਅਰਤ ਵਾਲੇ ਬਣਾਉਣ ਲਈ ਜਰੂਰੀ ਹੈ ਕਿ ਉਹਨਾਂ ਨੂੰ ਆਪਣੇ ਪੁਰਖਿਆਂ ਦਾ ਇਤਹਾਸ ਸੁਣਾਇਆ ਜਾਵੇ ਤਾਂ ਜੋ ਉਹ ਜਿੰਦਗੀ ਵਿੱਚ ਕਿਸੇ ਵੀ ਪਰਸਥਿਤੀ ਦੇ ਅੱਗੇ ਗੋਡੇ ਟੇਕਣ ਦੀ ਬਜਾਇ ਉਸਦਾ ਹਿੰਮਤ ਨਾਲ ਸਾਹਮਣਾ ਕਰੇ ਤਾਂ ਹੀ ਅਸੀਂ ਖੁਦਕੁਸ਼ੀਆਂ ਦੇ ਵੱਧਦੇ ਇਸ ਰੁਝਾਨ ਨੂੰ ਰੋਕ ਸਕਦੇ ਹਾਂ।
.jpg)
-
ਵਿਜੈ ਗਰਗ, ਰਿਟਾਇਰਡ ਪ੍ਰਿੰਸੀਪਲ ਐਜੂਕੇਸ਼ਨਲ ਕਾਲਮਨਵੀਸ਼ ਮਲੋਟ ਪੰਜਾਬ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.