ਨਗਰ ਕੌਂਸਲ ਦੇ ਕੱਚੇ ਮੁਲਾਜ਼ਮਾਂ ਨੂੰ ਨਹੀਂ ਮਿਲੀ ਤਨਖਾਹ, ਘਰਦਾ ਚੌਂਕਾ ਚੁੱਲਾ ਚਲਾਉਣਾ ਵੀ ਹੋਇਆ ਔਖਾ
ਦੀਪਕ ਜੈਨ
ਜਗਰਾਉਂ, 18 ਮਾਰਚ 2025 - ਜਗਰਾਉਂ ਨਗਰ ਕੌਂਸਲ ਅੰਦਰ ਕੱਚੇ ਮੁਲਾਜ਼ਮਾਂ ਲਈ ਆਪਣੇ ਘਰ ਦਾ ਚੌਂਕਾ ਚੁਲਾ ਚਲਾਉਣਾ ਵੀ ਔਖਾ ਹੋ ਗਿਆ ਹੈ ਕਿਉਂ ਜੋ ਠੇਕੇਦਾਰਾਂ ਦੀ ਆਪਸੀ ਖਿੱਚੋਤਾਈ ਕਰਕੇ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਮੁਲਾਜ਼ਮਾਂ ਨੂੰ ਠੇਕੇਦਾਰਾਂ ਵੱਲੋਂ ਤਨਖਾਹ ਨਹੀਂ ਦਿੱਤੀ ਜਾ ਰਹੀ। ਪਿਛਲੇ ਮਹੀਨੇ ਇਹਨਾਂ ਮੁਲਾਜ਼ਮਾਂ ਨੂੰ 22 ਤਰੀਕ ਤੋਂ ਪਹਿਲਾਂ ਪਹਿਲਾਂ ਤਨਖਾਹ ਮਿਲ ਗਈ ਸੀ ਅਤੇ ਹੁਣ ਮਹੀਨੇ ਤੋਂ ਵੀ ਉੱਪਰ ਸਮਾਂ ਬੀਤਣ ਵਾਲਾ ਹੈ ਅਤੇ ਦੂਸਰਾ ਮਹੀਨਾ ਵੀ ਜਲਦੀ ਹੀ ਸ਼ੁਰੂ ਹੋ ਜਾਵੇਗਾ।
ਪਰ ਇਹਨਾਂ ਮੁਲਾਜ਼ਮਾਂ ਨੂੰ ਠੇਕੇਦਾਰਾਂ ਵੱਲੋਂ ਤਨਖਾਹ ਨਹੀਂ ਦਿੱਤੀ ਜਾ ਰਹੀ ਇਥੇ ਤੁਹਾਨੂੰ ਦੱਸ ਦਈਏ ਕਿ ਨਗਰ ਕੌਂਸਲ ਜਗਰਾਓ ਵੱਲੋਂ ਕੱਚੇ ਮੁਲਾਜ਼ਮ ਰੱਖਣ ਲਈ ਠੇਕੇਦਾਰਾਂ ਨੂੰ ਠੇਕਾ ਦਿੱਤਾ ਜਾਂਦਾ ਹੈ ਅਤੇ ਠੇਕੇਦਾਰ ਅੱਗੇ ਕੱਚੇ ਮੁਲਾਜ਼ਮ ਠੇਕੇ ਦੇ ਅਧਾਰ ਤੇ ਰੱਖਦੇ ਹਨ ਅਤੇ ਉਹਨਾਂ ਨੂੰ ਤਨਖਾਹ ਵੀ ਠੇਕੇਦਾਰ ਵੱਲੋਂ ਹੀ ਜਾਰੀ ਕੀਤੀ ਜਾਂਦੀ ਹੈ ਕਈ ਠੇਕੇਦਾਰ ਤਨਖਾਹ ਦਾ ਚੈੱਕ ਸਰਕਾਰ ਵੱਲੋਂ ਭਾਵੇਂ ਜਾਰੀ ਨਾ ਹੋਵੇ ਪਰ ਹੁਣ ਤੱਕ ਆਪਣੀ ਜੇਬ ਵਿੱਚੋਂ ਹੀ ਮੁਲਾਜ਼ਮਾਂ ਨੂੰ ਤਨਖਾਹ ਦਿੰਦੇ ਰਹੇ ਹਨ ਪਰ ਇਸ ਵਾਰ ਠੇਕੇਦਾਰਾਂ ਦੀ ਆਪਸੀ ਕਾਟੋ ਕਲੇਸ਼ ਕਾਰਨ ਵੀ ਠੇਕੇਦਾਰ ਨੇ ਆਪਣੇ ਕਿਸੇ ਮੁਲਾਜ਼ਮ ਨੂੰ ਤਨਖਾਹ ਜਾਰੀ ਨਹੀਂ ਕੀਤੀ।
ਇੱਥੇ ਤੁਹਾਨੂੰ ਦੱਸ ਦਈਏ ਕਿ ਨਗਰ ਕੌਂਸਲ ਅੰਦਰ ਕੁੱਲ ਕੱਚੇ ਮੁਲਾਜ਼ਮਾਂ ਦੀ ਗਿਣਤੀ 106 ਦੇ ਕਰੀਬ ਹੈ। ਅਤੇ ਇਸ ਵਿੱਚ ਪੰਪ ਆਪਰੇਟਰ, ਸੀਵਰਮੈਨ, ਸਟਰੀਟ ਲਾਈਟ ਅਤੇ ਫਾਇਰ ਬ੍ਰਿਗੇਡ ਉੱਪਰ ਤੈਨਾਤ ਹਨ। ਜ਼ਿਆਦਾਤਰ ਮੁਲਾਜ਼ਮ ਇਸ ਨਿਗੁਣੀ ਜਿਹੀ ਤਨਖਾਹਾਂ ਉੱਪਰ ਇਸ ਕਾਰਨ ਹੀ ਸੇਵਾਵਾਂ ਨਿਭਾ ਰਹੇ ਹਨ ਕਿ ਕਿਸੇ ਵੇਲੇ ਵੀ ਸਰਕਾਰ ਉਹਨਾਂ ਨੂੰ ਪੱਕਿਆਂ ਕਰ ਸਕਦੀ ਹੈ।
ਪਰ ਕਈ ਸਾਲ ਪੁਰਾਣੇ ਮੁਲਾਜ਼ਮ ਇਸ ਗੱਲ ਦਾ ਰੋਣਾ ਰੋਂਦੇ ਹਨ ਕਿ ਸਰਕਾਰ ਵੱਲੋਂ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ ਅਤੇ ਉਹਨਾਂ ਨੂੰ ਨਹੀਂ ਪਤਾ ਕਿ ਇਹ ਊਂਠ ਦੇ ਬੁਲ ਵਾਲੀ ਗੱਲ ਕਦੋਂ ਸਹੀ ਸਾਬਿਤ ਹੋਵੇਗੀ ਅਤੇ ਸਰਕਾਰ ਉਹਨਾਂ ਨੂੰ ਪੱਕਿਆਂ ਕਰੇਗੀ।
ਨਖਾਹ ਨਾ ਮਿਲਣ ਕਾਰਨ ਜਦੋਂ ਠੇਕੇਦਾਰ ਰਕੇਸ਼ ਕੱਕੜ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਤਾਂ ਆਪ ਇਸ ਗੱਲ ਤੋਂ ਪਰੇਸ਼ਾਨ ਹਨ ਕਿਉਂ ਜੋ ਸਰਕਾਰ ਵੱਲੋਂ ਜਦ ਤੱਕ ਭੁਗਤਾਨ ਨਹੀਂ ਕੀਤਾ ਜਾਂਦਾ ਉਹ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦੇ ਸਕਦੇ। ਇਸ ਸਮੱਸਿਆ ਬਾਰੇ ਠੇਕੇਦਾਰ ਰਕੇਸ਼ ਕਕੜ ਨੇ ਦੱਸਿਆ ਕਿ ਉਹਨਾਂ ਨੇ ਕਈ ਵਾਰ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਵੀ ਇਸ ਗੱਲ ਤੋਂ ਜਾਣੂ ਕਰਵਾਇਆ ਹੈ ਅਤੇ ਉੱਚ ਅਧਿਕਾਰੀਆਂ ਤੱਕ ਵੀ ਪਹੁੰਚ ਕਰਕੇ ਮੁਲਾਜ਼ਮਾਂ ਦੀ ਤਨਖਾਹਾਂ ਦਾ ਮਸਲਾ ਰੱਖਿਆ ਹੈ।
ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਠੇਕੇਦਾਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਮੁਲਾਜ਼ਮਾਂ ਨੂੰ ਜਲਦੀ ਹੀ ਤਨਖਾਹ ਮਿਲ ਜਾਵੇਗੀ।