ਲੋਕਾਂ ਨੇ ਲੈਹਲੀ -ਬਨੂੜ ਸੜਕ ਤੋਂ ਲੰਘਦੇ ਭਾਰੀ ਵਾਹਨ ਰੋਕੇ
- ਸਾਰੀ ਸੜਕ ਟੁੱਟੀ, ਚਿੰਤਾ 'ਚ ਡੁੱਬੇ ਆਮ ਰਾਹਗੀਰ, ਪ੍ਰਸ਼ਾਸਨ ਬੇਵੱਸ
ਮਲਕੀਤ ਸਿੰਘ ਮਲਕਪੁਰ
ਲਾਲੜੂ 18 ਮਾਰਚ 2025: ਲਾਲੜੂ ਖੇਤਰ ਵਿਚਲੀ ਲੈਹਲੀ-ਬਨੂੰੜ ਸੰਪਰਕ ਸੜਕ (ਲਿੰਕ ਸੜਕ ) ਉੱਤੇ ਚਲਦੇ ਭਾਰੀ ਵਾਹਨ ਆਮ ਲੋਕਾਂ ਦੀ ਜਾਨ ਦਾ ਖੌਅ ਬਣ ਗਏ ਹਨ। ਹਾਲਾਤ ਇਸ ਕਦਰ ਗੰਭੀਰ ਹਨ ਕਿ ਲੋਕ ਇਨ੍ਹਾਂ ਸੜਕਾਂ ਉੱਤੋਂ ਲੰਘਣ ਸਮੇਂ ਬੇਹੱਦ ਪ੍ਰੇਸ਼ਾਨੀ ਵਿੱਚ ਆ ਜਾਂਦੇ ਹਨ। ਇਸ ਨੂੰ ਵੇਖਦਿਆਂ ਅੱਜ ਇਸ ਖੇਤਰ ਦੇ ਲੋਕਾਂ ਨੇ ਲੈਹਲੀ-ਬਨੂੰੜ ਸੜਕ ਉੱਤੇ ਪੈਂਦੇ ਹਰੇਕ ਲਾਘੇਂ ਉੱਤੇ ਇਕੱਠੇ ਹੋ ਕੇ ਵੱਖ-ਵੱਖ ਰਾਹਾਂ ਤੋਂ ਆਉਂਦੇ ਭਾਰੀ ਵਾਹਨਾਂ ਨੂੰ ਰੋਕ ਦਿੱਤਾ । ਸੇਵਾਮੁਕਤ ਇੰਸਪੈਕਟਰ ਮਹਿੰਦਰ ਸਿੰਘ ਮਨੋਲੀ ਸੂਰਤ , ਐਡਵੋਕੇਟ ਜਸਪਾਲ ਸਿੰਘ ਦੱਪਰ , ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ , ਕਾਮਰੇਡ ਚੰਦਰਪਾਲ ਲਾਲੜੂ, ਜਸਬੀਰ ਸਿੰਘ ਲੈਹਲੀ, ਮਨਜੀਤ ਸਿੰਘ ਜਲਾਲਪੁਰ ਤੇ ਵੱਖ -ਵੱਖ ਪਿੰਡਾਂ ਦੇ ਮੋਹਤਬਰਾਂ ਦੀ ਅਗਵਾਈ ਹੇਠ ਲੋਕ ਅੱਜ ਸਵੇਰ ਤੋਂ ਹੀ ਵੱਖ-ਵੱਖ ਲਾਘਿਆਂ ਉੱਤੇ ਇਕੱਠੇ ਹੋਣੇ ਸ਼ੂਰ ਹੋ ਗਏ ਸਨ।
ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਦੇ ਹੁਕਮਾਂ ਦੇ ਬਾਵਜੂਦ ਭਾਰੀ ਵਾਹਨ ਇਸ ਸੜਕ ਰਾਹੀਂ ਲੰਘ ਰਹੇ ਹਨ, ਜਿਸ ਦੇ ਚਲਦਿਆਂ ਇਸ ਸੜਕ ਦੇ ਸਾਰੇ ਕਿਨਾਰੇ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ । ਇਸ ਤੋਂ ਇਲਾਵਾ ਸੜਕ ਉੱਤੇ ਦੋ-ਤਿੰਨ ਸਕੂਲ , ਪੈਟਰੋਲ ਪੰਪ ਅਤੇ ਵੱਡੀ ਗਿਣਤੀ ਲੋਕਾਂ ਦੇ ਖੇਤ ਪੈਂਦੇ ਹਨ, ਜਿਸ ਕਾਰਨ ਲੋਕ ਇਸ ਸੜਕ ਉੱਤੇ ਆਪਣੀ ਜਾਨ ਹਥੇਲੀ ਉੱਤੇ ਧਰ ਕੇ ਤੁਰਦੇ ਹਨ ਤੇ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਕਦੋਂ ਉਹ ਕਿਸੇ ਭਾਰੀ ਵਾਹਨ ਦੀ ਲਪੇਟ ਵਿੱਚ ਆ ਜਾਣ।
ਉਕਤ ਆਗੂਆਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਹ ਸੜਕ ਆਮ ਲੋਕਾਂ ਨੇ ਹੀ ਆਪਣੇ ਪੱਲਿਓ ਪੈਸੇ ਖਰਚ ਕੇ ਰਿਪੇਅਰ ਕਰਵਾਈ ਸੀ ਅਤੇ ਬਕਾਇਦਾ ਡਿਪਟੀ ਕਮਿਸਨਰ ਅਤੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਵੱਲੋਂ ਸੜਕ ਤੋਂ ਭਾਰੀ ਵਾਹਨ ਨਾ ਚਲਣ ਦੇ ਨਿਰਦੇਸ਼ ਦਿੱਤੇ ਗਏ ਸਨ, ਪਰ ਇਸ ਸਭ ਦੇ ਬਾਵਜੂਦ ਭਾਰੀ ਵਾਹਨਾਂ ਦੀ ਸਮੱਸਿਆ ਜਿਉਂ ਦੀ ਤਿਉਂ ਹੈ। ਉਕਤ ਆਗੂਆਂ ਨੇ ਕਿਹਾ ਕਿ ਅਸਲ ਵਿੱਚ ਭਾਰੀ ਵਾਹਨਾਂ ਵਾਲੇ ਟੋਲ ਟੈਕਸ ਬਚਾਉਣ ਦੇ ਚੱਕਰ ਵਿੱਚ ਆਮ ਲੋਕਾਂ ਦੀ ਜਾਨ ਮੁੱਠੀ ਵਿੱਚ ਪਾ ਰਹੇ ਹਨ ਅਤੇ ਸਰਕਾਰਾਂ ਨੂੰ ਭਾਰੀ ਵਾਹਨ ਮਾਲਕਾਂ ਦੇ ਹਿੱਤਾਂ ਦੀ ਥਾਂ ਆਮ ਲੋਕਾਂ ਦੇ ਜਾਨੀ-ਮਾਲੀ ਨੁਕਸਾਨ ਵੱਲ ਧਿਆਨ ਦੇਣਾ ਚਾਹੀਦਾ ਹੈ । ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ , ਕਿ ਉਹ ਭਾਰੀ ਵਾਹਨਾਂ ਨੂੰ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਰਾਹੀਂ ਭੇਜਣ ਦੀ ਤਾਕੀਦ ਕਰਨ ਤਾਂ ਜੋ ਰੋਜ਼ਾਨਾ ਆਉਣ ਜਾਣ ਵਾਲੇ ਆਮ ਲੋਕਾਂ ਨੂੰ ਕੁੱਝ ਰਾਹਤ ਮਿਲ ਸਕੇ।