ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਨਸ਼ਾ ਤਸਕਰ ਦੀ 3 ਮੰਜਿਲਾ ਕੋਠੀ ਕੀਤੀ ਢਹਿ-ਢੇਰੀ
- ਨਸ਼ਾ ਤਸਕਰੀ ਦੇ 26 ਮਾਮਲੇ ਹਨ ਦਰਜ
ਦੀਪਕ ਜੈਨ
ਜਗਰਾਉਂ, 18 ਮਾਰਚ 2025 - ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਿਆਂ ਵਿਰੁੱਧ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ” ਤਹਿਤ ਪਿੰਡ ਬੁਰਜ ਹਰੀ ਸਿੰਘ ਦੇ ਇੱਕ ਨਸ਼ਾ ਤਸਕਰ ਅਮਰਜੀਤ ਸਿੰਘ ਪੱਪਾ ਦੀ ਪਿੰਡ ਦੀ ਪੰਚਾਇਤੀ ਸ਼ਾਮਲਾਤ (ਛੱਪੜ) ਦੀ ਥਾਂ ’ਤੇ ਬਣੀ ਤਿੰਨ ਮੰਜ਼ਿਲਾ ਕੋਠੀ ਨੂੰ ਢਾਹੁਣ ਲਈ ਪ੍ਰਸ਼ਾਸਨ ਨੇ ਬੁਲਡੋਜ਼ਰ ਚਲਾਇਆ। ਜ਼ਿਲ੍ਹਾ ਪੁਲੀਸ ਮੁਖੀ ਅੰਕੁਰ ਗੁਪਤਾ ਦੀ ਅਗਵਾਈ ਵਿੱਚ ਐੱਸਪੀ ਪਰਮਿੰਦਰ ਸਿੰਘ ਦਿਉਲ, ਉਪ ਪੁਲੀਸ ਕਪਤਾਨ ਇੰਦਰਜੀਤ ਸਿੰਘ ਬੋਪਾਰਾਏ ਅਤੇ ਉਪ ਪੁਲੀਸ ਕਪਤਾਨ ਰਾਏਕੋਟ ਹਰਜਿੰਦਰ ਸਿੰਘ ਸਮੇਤ ਥਾਣਾ ਸਦਰ ਮੁਖੀ ਸਬ-ਇੰਸਪੈਕਟਰ ਕੁਲਵਿੰਦਰ ਸਿੰਘ ਅਤੇ ਥਾਣਾ ਸ਼ਹਿਰੀ ਦੇ ਮੁਖੀ ਅਮਰਜੀਤ ਸਿੰਘ ਗਿੱਲ ਭਾਰੀ ਪੁਲੀਸ ਫੋਰਸ ਨਾਲ ਹਾਜ਼ਰ ਸਨ।
ਘਰ ਢਾਹੁਣ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਮੁਲਜ਼ਮ ਅਮਰਜੀਤ ਸਿੰਘ ਪੱਪਾ ਦੀ ਮਾਤਾ ਅਵਤਾਰ ਕੌਰ ਤੋਂ ਡਿਊਟੀ ਮੈਜਿਸਟ੍ਰੇਟ ਰਾਕੇਸ਼ ਕੁਮਾਰ ਅਤੇ ਬੀਡੀਪੀਓ ਜਸਵਿੰਦਰ ਸਿੰਘ ਨੇ ਪੁਲੀਸ ਦੀ ਮੌਜੂਦਗੀ ਵਿੱਚ ਕੋਈ ਅਦਾਲਤੀ ਸਟੇਅ ਜਾਂ ਹੋਰ ਆਦੇਸ਼ ਬਾਰੇ ਜਾਣਕਾਰੀ ਮੰਗੀ ਪਰ ਅਵਤਾਰ ਕੌਰ ਵੱਲੋਂ ਅਜਿਹਾ ਕੋਈ ਆਦੇਸ਼ ਨਾ ਹੋਣ ਬਾਰੇ ਕਹਿਣ ਤੋਂ ਬਾਅਦ ਬੁਲਡੋਜ਼ਰ ਨਾਲ ਘਰ ਢਾਹੁਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਪੁਲੀਸ ਅਧਿਕਾਰੀਆਂ ਅਨੁਸਾਰ ਅਮਰਜੀਤ ਸਿੰਘ ਪੱਪਾ ਫ਼ਰਾਰ ਚੱਲ ਰਿਹਾ ਹੈ ਅਤੇ ਉਸ ਦੀ ਪਤਨੀ ਸੋਨੀ ਕੌਰ ਪੁਲੀਸ ਕਾਰਵਾਈ ਤੋਂ ਪਹਿਲਾਂ ਹੀ ਉਥੋਂ ਖਿਸਕ ਗਈ ਸੀ। ਜ਼ਿਲ੍ਹਾ ਪੁਲੀਸ ਮੁਖੀ ਅੰਕੁਰ ਗੁਪਤਾ ਅਨੁਸਾਰ ਅਮਰਜੀਤ ਸਿੰਘ ਪੱਪਾ ਦੇ ਪਰਿਵਾਰਕ ਮੈਂਬਰਾਂ ਉਪਰ ਨਸ਼ਾ ਤਸਕਰੀ ਦੇ ਕੁਲ 26 ਕੇਸ ਦਰਜ ਹਨ। ਇਸ ਮੌਕੇ ਰਾਏਕੋਟ ਦੇ ਨਾਇਬ ਤਹਿਸੀਲਦਾਰ ਰਾਕੇਸ਼ ਕੁਮਾਰ ਅਹੂਜਾ ਡਿਊਟੀ ਮੈਜਿਸਟ੍ਰੇਟ ਅਤੇ ਬਲਾਕ ਵਿਕਾਸ ਅਫ਼ਸਰ ਜਸਵਿੰਦਰ ਸਿੰਘ ਵੀ ਮੌਜੂਦ ਸਨ।