ਐਨ.ਐਚ.ਐਮ ਕਰਮਚਾਰੀਆਂ ਵੱਲੋਂ ਤਿੰਨਾਂ ਦਿਨਾਂ ਕੰਮ ਛੱਡੋ/ਪੈੱਨ ਡਾਊਨ ਹੜਤਾਲ 'ਤੇ ਜਾਣ ਦਾ ਐਲਾਨ
- ਪੰਜਾਬ ਸਰਕਾਰ ਵੱਲੋਂ ਮੰਨੀਂਆਂ ਹੋਈਆਂ ਮੰਗਾਂ ਪੂਰੀਆਂ ਨਾ ਕਰਨ ਦੇ ਰੋਸ ਵਜੋਂ ਐਨ.ਐਚ.ਐਮ ਕਰਮਚਾਰੀਆਂ ਵੱਲੋਂ ਮਿਤੀ 24-03-25 ਤੋਂ 26-03-25 ਤੱਕ ਤਿੰਨਾਂ ਦਿਨਾਂ ਕੰਮ ਛੱਡੋ/ਪੈੱਨ ਡਾਊਨ ਹੜਤਾਲ ਤੇ ਜਾਣ ਦਾ ਫੈਸਲਾ।
- ਸਿਵਲ ਸਰਜਨ ਮਾਨਸਾ ਨੂੰ ਦਿੱਤਾ ਕੰਮ ਛੱਡੋ ਹੜਤਾਲ ਦਾ ਨੋਟਿਸ।
ਮਾਨਸਾ, 18/03/2025 - ਪਿਛਲੇ ਦਿਨੀਂ ਐਨ.ਐਚ.ਐਮ ਇੰਪਲਾਇਜ ਯੂਨੀਅਨ ਪੰਜਾਬ ਦੀ ਆਨ ਲਾਈਨ ਮੀਟਿੰਗ ਡਾਕਟਰ ਵਾਹਿਦ ਮੁਹੰਮਦ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਹੋਈ,ਇਸ ਮੀਟਿੰਗ ਦੌਰਾਨ ਸੂਬਾ ਕਮੇਟੀ ਮੈਂਬਰਾਂ ਅਤੇ ਵੱਖ ਵੱਖ ਜਿਲਿਆਂ ਦੇ ਆਗੂਆਂ ਨੇ ਭਾਗ ਲਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ.ਵਾਹਿਦ ਮੁਹੰਮਦ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਦੇ ਪ੍ਰਮੱਖ ਸਕੱਤਰ ਜੀ ਨੇ ਮਿਤੀ 31/01/2025 ਨੂੰ ਪੱਤਰ ਜਾਰੀ ਕਰਕੇ ਦੋ ਮਹੀਨਿਆਂ ਦੇ ਅੰਦਰ-ਅੰਦਰ ਤਨਖਾਹਾਂ ਵਿੱਚ ਵਾਧੇ ਅਤੇ ਕਮਾਈ ਛੁੱਟੀ ਦੇਣ ਦਾ ਵਾਅਦਾ ਕੀਤਾ ਸੀ।ਪਰੰਤੂ ਬੜੇ ਹੀ ਦੁੱਖ ਦੀ ਗੱਲ ਹੈ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਹਨਾਂ ਮੰਗਾਂ ਪੂਰਾ ਕਰਨ ਸਬੰਧੀ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ।
ਜਿਸ ਕਾਰਨ ਐਨ.ਐਚ.ਐਮ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਕਰਮਚਾਰੀ ਭਾਰੀ ਸਦਮੇ ਵਿਚ ਹਨ। ਜਿਸ ਦੇ ਰੋਸ ਵਜੋਂ ਜਿਲਾ ਮਾਨਸਾ ਦੇ ਐਨ.ਐਚ.ਐਮ ਕਰਮਚਾਰੀਆਂ ਨੇ ਸਿਵਲ ਸਰਜਨ ਮਾਨਸਾ ਨੂੰ ਕੰਮ ਛੱਡੋ ਹੜਤਾਲ ਦਾ ਨੋਟਿਸ ਦਿੱਤਾ ਗਿਆ ਅਤੇ ਐਨ.ਐਚ.ਐਮ ਕਰਮਚਾਰੀਆਂ ਵੱਲੋਂ ਮਿਤੀ 24-03-25 ਤੋਂ 26-03-25 ਤੱਕ ਕੰਮ ਛੱਡੋ/ਪੈੱਨ ਡਾਊਨ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਅਤੇ ਇਹਨਾਂ ਤਿੰਨਾਂ ਦੀ ਕੰਮ ਛੱਡੋ ਹੜਤਾਲ ਦੌਰਾਨ ਐਨ.ਐਚ.ਐਮ ਕਰਮਚਾਰੀਆਂ ਸਿਹਤ ਸੰਸਥਾਵਾਂ ਵਿਖੇ ਐਨ.ਸੀ.ਡੀ ਸਕਰੀਨਿੰਗ ਕੰਪੇਨ,ਟੀ ਬੀ ਕੰਪੇਨ, ਓ.ਪੀ.ਡੀ,ਕਲੀਨੀਕਲ ਡਿਊਟੀਆਂ, ਦਫਤਰੀ ਰਿਪੋਰਟਿੰਗ ਦਾ ਕੰਮ,ਆਨ ਲਾਈਨ ਅਤੇ ਆਫ ਲਾਈਨ ਟਰੇਨਿੰਗਾਂ ਦਾ ਕੰਮ ਪੂਰੀ ਤਰਾਂ ਠੱਪ ਰੱਖਿਆ ਜਾਵੇਗਾ।ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਐਨ.ਐਚ.ਐਮ ਕਰਮਚਾਰੀਆਂ ਦੀ ਪਿਛਲੇ ਤਿੰਨ ਸਾਲਾਂ ਤੋਂ ਅਣਦੇਖੀ ਕੀਤੇ ਜਾਣ ਕਾਰਨ ਲੁਧਿਆਣਾ ਵਿਖੇ ਪੰਜਾਬ ਸਰਕਾਰ ਵਿਰੁੱਧ ਘਰ-ਘਰ ਪਰਚੇ ਵੰਡ ਕੇ ਸਰਕਾਰ ਦੀ ਪੋਲ ਖੋਲਣ ਲਈ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਇਸ ਦੌਰਾਨ ਜਿਲਾ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਐਨ.ਐਚ.ਐਮ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਕਮਾਈ ਛੁੱਟੀ ਦਾ ਪੱਤਰ ਤੁਰੰਤ ਜਾਰੀ ਕੀਤਾ ਜਾਵੇ।ਇਸ ਮੌਕੇ ਜਗਦੇਵ ਸਿੰਘ,ਲਵਲੀ ਗੋਇਲ,ਡਾ ਵਿਸ਼ਵਦੀਪ ਸਿੰਘ,ਕਰਮਵੀਰ ਕੌਰ,ਰਾਜਵੀਰ ਕੌਰ,ਅਵਤਾਰ ਸਿੰਘ,ਸੰਤੋਸ਼ ਭਾਰਤੀ,ਰੇਨੂੰ ਸਿੰਗਲਾ,ਦੀਪ ਸ਼ਿਖਾ,ਸ਼ਰਨਜੀਤ ਕੌਰ,ਵਰਿੰਦਰ ਮਹਿਤਾ,ਰੋਬਿਨ ਮਿੱਤਲ,ਮੀਨਾਕਸ਼ੀ ਨੇ ਵੀ ਸੰਬੋਧਨ ਕੀਤਾ।