‘ਪਹਿਲ’ ਪ੍ਰਾਜੈਕਟ ਤਹਿਤ ਮਸੀਤਾਂ ਵਿਖੇ ਹੌਜ਼ਰੀ ਸੈਂਟਰ ਦਾ ਉਦਘਾਟਨ
ਸਾਲ 25-26 ਦੌਰਾਨ 25 ਹਜ਼ਾਰ ਸਕੂਲੀ ਵਿਦਿਆਰਥੀਆਂ ਲਈ ਵਰਦੀਆਂ ਤਿਆਰ ਕਰਨਗੀਆਂ ਔਰਤਾਂ
ਪੇਂਡੂ ਔਰਤਾਂ ਨੂੰ ਸਵੈ ਰੁਜ਼ਗਾਰ ਪ੍ਰਦਾਨ ਕਰਨ ਵਿਚ ਮੀਲ ਪੱਥਰ ਸਾਬਿਤ ਹੋਵੇਗਾ ਸੈਂਟਰ- ਡਿਪਟੀ ਕਮਿਸ਼ਨਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 24 ਜਨਵਰੀ 2025 :
ਪੰਜਾਬ ਸਰਕਾਰ ਵਲੋਂ ‘ਪਹਿਲ ’ ਪ੍ਰਾਜੈਕਟ ਤਹਿਤ ਪੇਂਡੂ ਮਹਿਲਾਵਾਂ ਨੂੰ ਸਵੈ ਰੁਜ਼ਗਾਰ ਦੇ ਕਾਬਿਲ ਬਣਾਉਣ ਦੇ ਮਕਸਦ ਨਾਲ ਮਸੀਤਾਂ ਵਿਖੇ ‘ਹੌਜ਼ਰੀ ਸੈਂਟਰ ’ ਦੀ ਸ਼ੁਰੂਆਤ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਪੰਚਾਲ ਵਲੋਂ ਅੱਜ ਇਸ ਸੈਂਟਰ ਦਾ ਉਦਘਾਟਨ ਕੀਤਾ ਗਿਆ।
ਉਨ੍ਹਾਂ ਇਸ ਸੈਂਟਰ ਨੂੰ ਪੇਂਡੂ ਖੇਤਰ ਦੀਆਂ ਔਰਤਾਂ ਨੂੰ ਸਵੈ ਰੁਜ਼ਗਾਰ ਪ੍ਰਦਾਨ ਕਰਨ ਤੇ ਵਿੱਤੀ ਤੌਰ ’ਤੇ ਸਮਰੱਥ ਬਣਾਉਣ ਵੱਲ ਵੱਡਾ ਕਦਮ ਕਰਾਰ ਦਿੰਦਿਆਂ ਕਿਹਾ ਕਿ ‘ ਮਸੀਤਾਂ ਪਿੰਡ ਵਿਚ ਹੌਜ਼ਰੀ ਸੈਂਟਰ ਦੀ ਸ਼ੁਰੂਆਤ ਦਿਹਾਤੀ ਖੇਤਰ ਦੀਆਂ ਔਰਤਾਂ ਲਈ ਰਾਹ ਦਸੇਰਾ ਸਾਬਿਤ ਹੋਵੇਗਾ’।
ਉਨ੍ਹਾਂ ਦੱਸਿਆ ਕਿ ਪਹਿਲ ਪ੍ਰੋਜੈਕਟ ਅਧੀਨ ਅਜੀਵਿਕਾ ਮਿਸ਼ਨ ਦੇ ਸੈਲਫ ਹੈਲਪ ਗਰੁੱਪਾਂ ਦੀਆਂ ਔਰਤਾਂ ਵੱਲੋਂ ਸਕੂਲੀ ਬੱਚਿਆਂ ਦੀਆਂ ਵਰਦੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਤੇ ਪਿਛਲੇ ਸਾਲ ਜਿਲ੍ਹਾ ਕਪੂਰਥਲਾ ਨੂੰ ਕੁੱਲ 10 ਹਜ਼ਾਰ ਸਕੂਲੀ ਬੱਚਿਆਂ ਦੀਆਂ ਵਰਦੀਆਂ ਬਣਾਉਣ ਦਾ ਟੀਚਾ ਪ੍ਰਾਪਤ ਹੋਇਆ ਸੀ ਜੋ ਕਿ ਬਾਬਾ ਦੀਪ ਸਿੰਘ ਕਲਸਟਰ ਲੈਵਲ ਫੈਡਰੇਸ਼ਨ ਪਿੰਡ ਸਿੱਧਵਾਂ ਦੋਨਾਂ ਬਲਾਕ ਕਪੂਰਥਲਾ ਵੱਲੋਂ ਪੂਰਾ ਕੀਤਾ ਗਿਆ ਸੀ ।
ਸਾਲ 2025-26 ਲਈ ਜ਼ਿਲਾ ਕਪੂਰਥਲਾ ਨੂੰ ਕੁੱਲ 25 ਹਜ਼ਾਰ ਸਕੂਲੀ ਬੱਚਿਆਂ ਦੀਆਂ ਵਰਦੀਆਂ ਬਣਾਉਣ ਦਾ ਟੀਚਾ ਪ੍ਰਾਪਤ ਹੋਇਆ ਹੈ, ਜਿਸ ਨੂੰ ਮੁੱਖ ਰੱਖਦੇ ਹੋਏ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਮਸੀਤਾਂ ਵਿਖੇ ‘ਗੁਰੂ ਨਾਨਕ ਤੇਰਾ ਤੇਰਾ ਕਲੱਸਟਰ ਲੈਵਲ ਫੈਡਰੇਸ਼ਨ ਅਧੀਨ ਇੱਕ ‘ਪਹਿਲ ਹੌਜਰੀ ਸੈਂਟਰ’ ਸਥਾਪਿਤ ਕੀਤਾ ਗਿਆ ਹੈ।
ਸ੍ਰੀ ਪੰਚਾਲ ਨੇ ਦੱਸਿਆ ਕਿ ਇਹ ਦੋਵੇਂ ਪਹਿਲ ਹੌਜ਼ਰੀ ਸੈਂਟਰ ਅਜੀਵਿਕਾ ਮਿਸ਼ਨ ਦੀਆਂ ਔਰਤਾਂ ਵੱਲੋਂ ਚਲਾਏ ਜਾ ਰਹੇ ਹਨ ਜਿਨਾਂ ਵਿੱਚ ਸਕੂਲੀ ਬੱਚਿਆਂ ਦੀਆਂ ਵਰਦੀਆਂ ਤਿਆਰ ਕੀਤੀਆਂ ਜਾਂਦੀਆਂ ਹਨ।
ਉਨ੍ਹਾਂ ਪੇਂਡੂ ਖੇਤਰ ਦੀਆਂ ਔਰਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਸਵੈ ਸਹਾਇਤਾ ਗਰੁੱਪਾਂ ਰਾਹੀਂ ਜੁੜਕੇ ਸਵੈ ਰੁਜ਼ਗਾਰ ਸਥਾਪਿਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਅਜਿਹੇ ਗਰੁੱਪਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਸ੍ਰੀ ਪੰਚਾਲ ਵਲੋਂ ਇਸ ਮੌਕੇ ਆਜੀਵਕਾ ਮਿਸ਼ਨ ਨਾਲ ਜੁੜੀਆਂ ਔਰਤਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਜਾਣਿਆ ਤੇ ਉਨ੍ਹਾਂ ਵਲੋਂ ਸਾਂਝੇ ਕੀਤੇ ਤਜ਼ਰਬੇ ਦੇ ਆਧਾਰ ’ਤੇ ਭਵਿੱਖੀ ਨੀਤੀ ਨਿਰਮਾਣ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਿੰਦਰਪਾਲ ਸਿੰਘ ਬਾਜਵਾ, ਐਸ.ਡੀ.ਐਮ. ਅਪਰਣਾ ਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।