ਪਾਕਿਸਤਾਨ: ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ 2025 ਰਹੀਮ ਯਾਰ ਖਾਨ ਵਿਖੇ
ਲਾਹੌਰ, 24 ਜਨਵਰੀ, 2025: ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ, ਸਰਪ੍ਰਸਤ ਇੰਦਰਜੀਤ ਸਿੰਘ ਬੱਲ, ਪਾਕਿਸਤਾਨੀ ਚੈਪਟਰ ਦੇ ਪ੍ਰਧਾਨ ਮੀਆਂ ਆਸਿਫ਼ ਅਲੀ ਦੀ ਅਗਵਾਈ ਹੇਠ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ 2025 ਰਹੀਮ ਯਾਰ ਖਾਨ ਵਿਖੇ ਹੋ ਰਹੀ ਹੈ। ਜਿਸ ਦਾ ਆਗਾਜ਼ 23 ਜਨਵਰੀ ਦੀ ਸ਼ਾਮ ਨੂੰ ਧੂਮਧਾਮ ਨਾਲ ਹੋਇਆ ਹੈ। ਇਸ ਕਾਨਫਰੰਸ ਵਿੱਚ ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਅਤੇ ਹੋਰ ਬਦੇਸ਼ਾਂ ਵਿੱਚੋਂ ਵੱਖ ਵੱਖ ਸਾਹਿਤਕਾਰ, ਕਲਾਕਾਰ, ਰੰਗ ਮੰਚ ਨਾਲ ਸਬੰਧਤ ਸ਼ਖ਼ਸੀਅਤਾਂ ਸ਼ਾਮਿਲ ਹੋ ਰਹੀਆਂ ਹਨ।
ਇਸ ਕਾਨਫਰੰਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋ ਬਲਬੀਰ ਕੌਰ ਰਾਏਕੋਟੀ ਨੇ ਦੱਸਿਆ ਕਿ ਦੁਨੀਆਂ ਭਰ ਤੋਂ ਪਹੁੰਚੀਆਂ ਆਪਣੀ ਜ਼ੁਬਾਨ ਪੰਜਾਬੀ ਨੂੰ ਪਿਆਰ ਕਰਨ ਵਾਲੀਆਂ ਸ਼ਖ਼ਸੀਅਤਾਂ ਵੱਲੋਂ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਵਿਰਸੇ ਦੇ ਵੱਖ-ਵੱਖ ਰੰਗ ਪੇਸ਼ ਕੀਤੇ ਜਾ ਰਹੇ ਹਨ। ਜਿੱਥੇ ਬਾਬਾ ਨਜ਼ਮੀ ਅਤੇ ਤਾਹੀਰਾ ਵੱਲੋਂ ਪੰਜਾਬੀ ਸ਼ਾਇਰੀ ਪੇਸ਼ ਕੀਤੀ ਜਾ ਰਹੀ ਹੈ। ਉੱਥੇ ਹਸਨੈਨ ਬਾਬਾ ਗਰੁੱਪ ਵੱਲੋਂ ਸੂਫ਼ੀਆਨਾ ਕਲਾਮ ਪੇਸ਼ ਕਰਕੇ ਰੰਗ ਬੰਨ੍ਹਿਆ ਜਾ ਰਿਹਾ ਹੈ।
ਰਹੀਮ ਯਾਰ ਖਾਂ ਵਿਖੇ ਪਹਿਲੀ "ਵਿਸ਼ਵ ਪੰਜਾਬੀ ਕਾਨਫਰੰਸ" ਦਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ ਜਿਸ ਲਈ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।ਇਸ ਮੌਕੇ ਤੇ ਮਿੰਟੂ ਬਰਾੜ ਆਸਟ੍ਰੇਲੀਆ ਤੋਂ, ਪਲੈਕ ਵਿਲਾਸ ਦੇ ਡਾਇਰੈਕਟਰ ਜਨਰਲ ਬੈਨੀਸ਼ ਫਾਤਿਮਾ ਸਾਹੀ, ਸ਼ਫਾਤ ਬਲੋਚ (ਡਿਪਟੀ ਡਾਇਰੈਕਟਰ), ਖ਼ਵਾਜਾ ਮੁਹੰਮਦ ਫ਼ਰੀਦ (ਗੱਦੀ ਨਸ਼ੀਨ ਹਜ਼ਰਤ ਖ਼ਵਾਜਾ ਗ਼ੁਲਾਮ ਫ਼ਰੀਦ), ਐਡਵੋਕੇਟ ਅਹਿਮਦ ਰਸ਼ੀਦ, ਅਹਿਮਦ ਯਹੀਦ ਅਤੇ ਹੋਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।