ਜ਼ਿੰਦਗੀ ਦੇ ਸਾਥੀ ਨੇ ਦੁੱਖ-ਸੁੱਖ, ਜ਼ਿੰਦਗੀ ’ਚ ਉਮਰ ਤੇ ਹਾਲਾਤਾਂ ਦੇ ਹਿਸਾਬ ਨਾਲ ਬਦਲਦੀ ਰੰਗਾਂ ਦੀ ਅਹਿਮੀਅਤ
ਵਿਜੈ ਗਰਗ
ਦੁੱਖ ਸ਼ਬਦ ਸੁਣਦਿਆਂ ਬੋਲਦਿਆਂ ਹੀ ਇੱਕ ਮਾਯੂਸ, ਨਿੰਮੋਝੂਣਾ ਤੇ ਲਟਕਿਆ ਹੋਇਆ ਚਿਹਰਾ ਆਪ ਮੁਹਾਰੇ ਸਾਡੀਆਂ ਅੱਖਾਂ ਦੇ ਸਾਹਮਣੇ ਆ ਖਲੋਂਦਾ ਹੈ। ਇਨਸਾਨ ਦੀ ਇਹ ਮਹਾਨਤਾ ਹੈ, ਇੱਕ ਚੰਗਾ ਗੁਣ ਹੈ ਕਿ ਉਹ ਦੁਖੀ ਦੇ ਦੁੱਖ ਵਿੱਚ ਸ਼ਰੀਕ ਹੋ ਕੇ ਉਸਦਾ ਦੁੱਖ ਵੰਡਾਉਂਦਾ ਹੈ। ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਦੁੱਖ ਵੰਡਾਇਆਂ ਅੱਧਾ ਰਹਿ ਜਾਂਦਾ ਹੈ ਅਤੇ ਖ਼ੁਸ਼ੀ ਵੰਡਿਆਂ ਅਕਸਰ ਦੁੱਗਣੀ ਹੋ ਜਾਂਦੀ
ਜ਼ਿੰਦਗੀ ਦੇ ਸਾਥੀ ਨੇ ਦੁੱਖ-ਸੁੱਖ, ਜ਼ਿੰਦਗੀ ’ਚ ਉਮਰ ਤੇ ਹਾਲਾਤਾਂ ਦੇ ਹਿਸਾਬ ਨਾਲ ਬਦਲਦੀ ਰੰਗਾਂ ਦੀ ਅਹਿਮੀਅਤਜ਼ਿੰਦਗੀ ਦੇ ਸਾਥੀ ਨੇ ਦੁੱਖ-ਸੁੱਖ, ਜ਼ਿੰਦਗੀ ’ਚ ਉਮਰ ਤੇ ਹਾਲਾਤਾਂ ਦੇ ਹਿਸਾਬ ਨਾਲ ਬਦਲਦੀ ਰੰਗਾਂ ਦੀ ਅਹਿਮੀਅਤ
ਸਾਡੇ ਵੱਖ-ਵੱਖ ਧਾਰਮਿਕ ਗ੍ਰੰਥਾਂ ਵਿੱਚ ਵੀ ਦੁੱਖਾਂ ਨੂੰ ਪ੍ਰਭਾਸ਼ਿਤ ਕੀਤਾ ਗਿਆ ਹੈ ਅਤੇ ਹਮੇਸ਼ਾ ਹੀ ਦੁੱਖਾਂ ਨੂੰ ਦੂਰ ਰੱਖਣ ਲਈ ਚੰਗੇ ਕਰਮ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ। ਪਰ ਇੱਥੇ ਇਹ ਗੱਲ ਮਾਇਨੇ ਰੱਖਦੀ ਹੈ ਕਿ ਸਾਡਾ ਦੁੱਖ ਹੈ ਕੀ? ਕਿਉਂਕਿ ਜ਼ਿੰਦਗੀ ਉਤਰਾਵਾਂ-ਚੜ੍ਹਾਵਾਂ ਦਾ ਹੀ ਦੂਜਾ ਨਾਮ ਹੈ ਅਤੇ ਇਹ ਉਤਾਰ -ਚੜ੍ਹਾਅ ਹੀ ਦੁੱਖ-ਸੁੱਖ ਦੇ ਰੂਪ ਵਿੱਚ ਮਨੁੱਖ ਦੇ ਸਾਥੀ ਹਨ ਅਤੇ ਇੱਕ ਦੂਜੇ ਦੇ ਪੂਰਕ ਵੀ ਹਨ। ਕਿਉਂਕਿ ਜੇਕਰ ਕੋਈ ਮਨੁੱਖ ਖੁਦ ਦੁੱਖ ਜਾਂ ਸੁੱਖ ਨਹੀਂ ਹੰਢਾਵੇਗਾ ਤਾਂ ਉਹ ਦੂਜੇ ਦੇ ਦੁੱਖ ਜਾਂ ਸੁੱਖ ਨੂੰ ਕਿਵੇਂ ਮਹਿਸੂਸ ਕਰ ਸਕੇਗਾ? ਇਨ੍ਹਾਂ ਦੁੱਖਾਂ ਤੇ ਸੁੱਖਾਂ ਤੋਂ ਬਗ਼ੈਰ ਤਾਂ ਜ਼ਿੰਦਗੀ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਕਿਉਂਕਿ ਜਿਵੇਂ ਦਿਲ ਦੀ ਧੜਕਣ ਰੁਕਣ ਤੇ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ, ਉਵੇਂ ਹੀ ਦੁੱਖ ਤੇ ਸੁੱਖ ਦੇ ਅਹਿਸਾਸਾਂ ਦੇ ਖ਼ਤਮ ਹੋਣ ਦਾ ਭਾਵ ਜ਼ਿੰਦਗੀ ਦਾ ਖ਼ਾਤਮਾ ਹੋ ਜਾਣਾ ਹੀ ਹੈ। ਮੇਰੇ ਖਿਆਲ ਵਿੱਚ ਦੁਨੀਆ ਵਿੱਚ ਕੋਈ ਅਜਿਹਾ ਮਨੁੱਖ ਨਹੀਂ ਹੋਵੇਗਾ ਜੋ ਉਦਾਸ ਜਾਂ ਦੁਖੀ ਰਹਿਣਾ ਚਾਹੁੰਦਾ ਹੋਵੇ। ਅਸੀਂ ਆਪਣੇ ਆਸ-ਪਾਸ ਦੀਆਂ, ਆਪਣੇ ਮਨ ਦੀ ਅਵਸਥਾ ਦੀਆਂ ਪ੍ਰਸਥਿਤੀਆਂ ਅਨੁਸਾਰ ਆਪਣੇ ਦੁਆਲੇ ਇੱਕ ਚੌਗਿਰਦਾ ਸਿਰਜ ਲੈਂਦੇ ਹਾਂ, ਜਿਸ ਨੂੰ ਅਸੀਂ ਦੁੱਖ ਜਾਂ ਸੁੱਖ ਦਾ ਨਾਂ ਦਿੰਦੇ ਹਾ
ਬੇਲੋੜੀਆਂ ਖ਼ਾਹਿਸ਼ਾਂ ਹਨ ਵੱਡਾ ਕਾਰਨ
ਹੁਣ ਦੁੱਖਾਂ ਦਾ ਕਾਰਨ ਵਾਚੀਏ ਤਾਂ ਬਹੁਤੀ ਵਾਰ ਖ਼ੁਦ ਦੀਆਂ ਬੇਲੋੜੀਆਂ ਖ਼ਾਹਿਸ਼ਾਂ ਕਰਕੇ ਹੀ ਬੰਦਾ ਦੁਖੀ ਅਤੇ ਬੇਚੈਨ ਹੁੰਦਾ ਹੈ। ਦੁਖੀ-ਬੇਚੈਨ ਇਨਸਾਨ ਹਰ ਦਮ ਉਲਝਿਆ ਹੋਇਆ ਮਿਲਦਾ ਹੈ ਅਤੇ ਉਸਦਾ ਚਿਹਰਾ ਬੇਰੌਣਕਾ ਦਿਸਦਾ ਹੈ। ਦੁੱਖ ਦਾ ਇਹੀ ਆਲਮ ਸਿਹਤ ਉੱਤੇ ਵੀ ਬੁਰਾ ਪ੍ਰਭਾਵ ਪਾਉਂਦਾ ਹੈ। ਕਈ ਵਾਰ ਮਨੁੱਖ ਦੇ ਅੰਦਰ ਦੀ ਹਉਮੈ ਉਸ ਦੇ ਅਤੇ ਦੂਜਿਆਂ ਦੇ ਦੁੱਖਾਂ ਦਾ ਕਾਰਨ ਬਣਦੀ ਹੈ ਅਤੇ ਸਾਡੇ ਅੰਦਰ ਉਪਜਿਆ ਈਰਖਾ ਅਤੇ ਸਾੜੇ ਦਾ ਆਲਮ ਇਨ੍ਹਾਂ ਦੁੱਖਾਂ ਨੂੰ ਚਰਮ ਸੀਮਾ ’ਤੇ ਲੈ ਜਾਂਦਾ ਹੈ। ਫਿਰ ਅਸੀਂ ਜ਼ਿੰਦਗੀ ਦੇ ਖ਼ੁਸ਼ਨੁਮਾ ਪਲਾਂ ਨੂੰ ਅਜਾਈਂ ਗਵਾ ਦਿੰਦੇ ਹਾਂ। ਜਿਵੇਂ ਕਿ ਅਕਸਰ ਦੇਖਿਆ ਜਾਂਦਾ ਹੈ ਕਿਸੇ ਵਿਆਹ ਸ਼ਾਦੀ ਦੇ ਵਿੱਚ ਕਿਸੇ ਖ਼ਾਸ ਰਿਸ਼ਤੇਦਾਰ ਦੇ ਤੌਰ ’ਤੇ ਇਨਸਾਨ ਦੀ ਪੁੱਛਗਿਛ ਨਾ ਹੋਵੇ ਤਾਂ ਅਜਿਹੇ ਇਨਸਾਨ ਆਪਣੀ ਹਉਮੈ ਨੂੰ ਸੰਤੁਸ਼ਟ ਕਰਨ ਲਈ ਕਿਸੇ ਦੂਜੇ ਦੇ ਪੂਰੇ ਪ੍ਰੋਗਰਾਮ ਦਾ ਮਲੀਆਮੇਟ ਕਰ ਉਨ੍ਹਾਂ ਨੂੰ ਦੁੱਖ ਦੇਣਾ ਆਪਣਾ ਜਮਾਂਦਰੂ ਫ਼ਰਜ਼ ਸਮਝਦੇ ਹਨ। ਕਿਉਂਕਿ ਉਹ ਖ਼ੁਦ ਨੂੰ ਅਪਮਾਨਿਤ ਹੋਇਆ ਮਹਿਸੂਸ ਕਰਕੇ ਦੁਖੀ ਜੋ ਹੋਏ ਹੁੰਦੇ ਹਨ।
ਖ਼ੁਸ਼ੀਆਂ ਦੇ ਪ੍ਰੋਗਰਾਮਾਂ ਨੂੰ ਮਾਯੂਸੀ ਦੇ ਆਲਮ ਵਿੱਚ ਡੁਬੋ ਕੇ ਖ਼ੁਦ ਨੂੰ ਅਨੰਦਿਤ ਮਹਿਸੂਸ ਕਰਵਾਉਣ ਦੇ ਅਸਫਲ ਯਤਨ ਕੀਤੇ ਜਾਂਦੇ ਹਨ ਜਦੋਂ ਕਿ ਕੁਝ ਸਮੇਂ ਪਿੱਛੋਂ ਇਹ ਪ੍ਰਵਿਰਤੀ ਸਿਰਫ਼ ਪਛਤਾਵੇ ਦਾ ਕਾਰਨ ਹੀ ਬਣਦੀ ਹੈ। ਦੂਜੇ ਪਾਸੇ ਅੱਜ ਦਾ ਤਕਨਾਲੋਜੀ ਦਾ ਯੁੱਗ ਮਨੁੱਖ ਨੂੰ ਮਾਨਸਿਕ ਰੋਗੀ ਬਣਾ ਰਿਹਾ ਹੈ। ਸਰੀਰਕ ਤੰਦਰੁਸਤੀ ਤਾਂ ਮਨੁੱਖਾਂ ਵਿੱਚ ਦਿਸਦੀ ਹੈ ਪਰ ਖ਼ੁਦ ਨੂੰ ਸੋਸ਼ਲ ਮੀਡੀਆ ਦੀ ਗ੍ਰਿਫ਼ਤ ਵਿੱਚ ਫ਼ਸਾਈ ਬੈਠੇ ਮਨੁੱਖ ਆਦਤਨ ਹੀ ਦੁੱਖੀ ਹੋ ਰਹੇ ਹਨ। ਅੱਜ ਦੇ ਦੌਰ ਵਿੱਚ ਹਰ ਤੀਜਾ ਮਨੁੱਖ ਤਕਨਾਲੋਜੀ ਦੀ ਵਰਤੋਂ- ਦੁਰਵਰਤੋਂ ਦੋਹਾਂ ਕਾਰਨ ਦੁਖੀ ਹੈ। ਭਾਵੇਂ ਸਾਡੇ ਵਿੱਚੋਂ ਬਹੁਤਿਆਂ ਦਾ ਇਸ ਦੁੱਖ ਦੇ ਬਗ਼ੈਰ ਵੀ ਸਰ ਸਕਦਾ ਹੈ।
ਕੁਦਰਤ ਨਾਲ ਤਾਲਮੇਲ ਦੀ ਕਮੀ
ਅਸਲ ਵਿੱਚ ਮਨੁੱਖ ਖ਼ੁਦ ਦਾ ਖ਼ੁਦ ਨਾਲ ਅਤੇ ਖ਼ੁਦ ਦਾ ਕੁਦਰਤ ਨਾਲ ਤਾਲਮੇਲ ਰੱਖਣਾ ਭੁੱਲ ਚੁੱਕਾ ਹੈ ਜੋ ਉਸ ਦੀਆਂ ਪਰੇਸ਼ਾਨੀਆਂ ਦਾ ਮੂਲ ਹੈ। ਜੇਕਰ ਅਸੀਂ ਦੁੱਖਾਂ ਤੇ ਸੁੱਖ ਵਿੱਚ ਤਾਲਮੇਲ ਰੱਖਣਾ ਸਮਝ ਜਾਵਾਂਗੇ ਤਾਂ ਸਾਨੂੰ ਸਭ ਕੁਝ ਪਰਮਾਤਮਾ ਦੇ ਭਾਣੇ ਵਿੱਚ ਲੱਗੇਗਾ ਅਤੇ ਕਿਸੇ ਨੂੰ ਦੁੱਖ ਦੇਣ ਦਾ ਸੋਚਣ ਦੀ ਬਜਾਇ ਸਾਡੀ ਸ਼ੁਕਰੀਆ ਅਦਾ ਕਰਨ ਦੀ ਆਦਤ ਬਣ ਜਾਵੇਗੀ। ਜੇਕਰ ਮਨੁੱਖ ਜ਼ਿੰਦਗੀ ਦੀਆਂ ਬੇਲੋੜੀਆਂ ਮੰਗਾਂ ਅਤੇ ਜ਼ਰੂਰਤਾਂ ਦੇ ਤਾਣੇ -ਬਾਣੇ ਵਿੱਚ ਤਾਲਮੇਲ ਸਮਝ ਜਾਵੇਗਾ ਤਾਂ ਜ਼ਿੰਦਗੀ ਉਸ ਦੀ ਦੀਵਾਨੀ ਹੋ ਜਾਵੇਗੀ। ਲਾਲਚਾਂ ਦੀ ਘੁੰਮਣਘੇਰੀ ਹੀ ਇਨਸਾਨ ਦੇ ਦੁੱਖਾਂ ਦਾ ਮੂਲ ਹੈ। ਜਿਵੇਂ ਜੇਕਰ ਅਸੀਂ ਆਪਣੀ ਸਿਹਤ ਅਤੇ ਕੰਮ ਵਿੱਚ ਤਾਲਮੇਲ ਨਹੀਂ ਰੱਖਦੇ ਤਾਂ ਸਾਡਾ ਸਰੀਰ ਦੁੱਖ ਪਾਉਂਦਾ ਹੈ। ਇੱਕ ਵਿਅਕਤੀ ਪਹਿਲੀ ਉਮਰੇ ਸਿਹਤ ਦਾ ਧਿਆਨ ਨਾ ਕਰਦੇ ਹੋਏ ਪੈਸੇ ਪਿੱਛੇ ਦੌੜਦਾ ਹੈ ਤਾਂ ਜ਼ਿਆਦਾਤਰ ਪਿਛਲੀ ਉਮਰੇ ਉਸ ਦੀ ਕਮਾਈ ਨਾਲ ਡਾਕਟਰ ਵੀ ਉਸਦੇ ਸਰੀਰਕ ਦੁੱਖ ਨੂੰ ਘੱਟ ਕਰਨ ਵਿੱਚ ਕਾਮਯਾਬ ਨਹੀਂ ਹੋ ਪਾਉਂਦੇ। ਬਿਖੜਾ ਪੈਂਡਾ ਅੱਗ ਨਾਲ ਖੇਡਣਾ ਹੁੰਦਾ ਹੈ ਤੇ ਜਦੋਂ ਅਸੀਂ ਆਪਣੀ ਹਉਮੈ ਦੇ ਪੈਂਡੇ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਦੁੱਖਾਂ ਦੀ ਆਮਦ ਇੱਕ ਆਮ ਗੱਲ ਹੈ।
ਵਿਹਲੇ ਰਹਿਣ ਦੀ ਆਦਤ
ਮਨੁੱਖ ਦੀ ਆਦਤ ਹੈ ਕਿ ਉਹ ਪਰੇਸ਼ਾਨੀ ਤੋਂ ਡਰ ਜਾਂਦਾ ਹੈ, ਜੋ ਕਮਜ਼ੋਰ ਮਨ ਤੇ ਕਾਰਜ ਨਾ ਕਰਨ ਦੀ ਨਿਸ਼ਾਨੀ ਹੈ। ਫਿਰ ਇਹੀ ਪਰੇਸ਼ਾਨੀ ਦੁੱਖਾਂ ਦਾ ਭੰਡਾਰ ਬਣ ਜਾਂਦੀ ਹੈ। ਜਿਵੇਂ ਕਹਿੰਦੇ ਹਨ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਵਿਹਲੇ ਰਹਿਣ ਦੀ ਆਦਤ ਹੀ ਪਰੇਸ਼ਾਨੀਆਂ ਦੀ ਜਨਮਦਾਤੀ ਤੇ ਦੁੱਖਾਂ ਦੀ ਪਾਲਣਹਾਰੀ ਬਣਦੀ ਹੈ। ਇਸੇ ਕਰਕੇ ਸਦਾ ਕਾਰਜਸ਼ੀਲ ਰਹਿਣਾ ਵੀ ਮਨੁੱਖ ਲਈ ਬਹੁਤ ਜ਼ਰੂਰੀ ਹੈ। ਜੇਕਰ ਇਹ ਕਾਰਜ ਕਿਸੇ ਦੂਜੇ ਦੀ ਪਰੇਸ਼ਾਨੀ ਵਧਾਉਣ ਦੀ ਮਨਸ਼ਾ ਨਾਲ ਨਾ ਕੀਤਾ ਜਾਵੇ ਤਾਂ ਬੇਸ਼ੱਕ ਇਹ ਤੁਹਾਡੇ ਸੁੱਖ ਨੂੰ ਵਧਾਉਣ ਦੀ ਸਮਰੱਥਾ ਜ਼ਰੂਰ ਰੱਖਦਾ ਹੈ। ਖ਼ੁਦ ਦੇ ਨੁਕਸ ਦੇਖੋ ਤੇ ਦੂਰ ਕਰੋ। ਕਦੇ ਵੀ ਨਾਂਹ-ਪੱਖੀ ਨਾ ਬਣੋ। ਫਿਰ ਤੁਹਾਡੀ ਖ਼ੁਸ਼ੀ ਦੀ ਤਸਵੀਰ ਨੂੰ ਕਦੇ ਕੋਈ ਨਹੀਂ ਬਦਲ ਸਕਦਾ। ਕ੍ਰੋਧ ’ਤੇ ਕਾਬੂ ਰੱਖੋ, ਜ਼ਿੰਦਗੀ ਦੇ ਆਨੰਦ ਤੇ ਕ੍ਰੋਧ ਨੂੰ ਭਾਰੀ ਨਾ ਹੋਣ ਦਿਓ। ਸੁਭਾਅ ਅਤੇ ਕਿਰਦਾਰ ਦੀ ਨਿਮਰਤਾ ਵਿੱਚ ਤੁਹਾਡੀਆਂ ਸਾਰੀਆਂ ਦਿੱਕਤਾਂ, ਪਰੇਸ਼ਾਨੀਆਂ ਮਨਫੀ ਹੋ ਜਾਂਦੀਆਂ ਹਨ। ਤੁਹਾਡੀ ਚੰਗੀ ਵਿਚਾਰਧਾਰਾ ਤੇ ਖ਼ੁਸ਼ੀ ਦੀ ਅੰਦਰ ਚੱਲਦੀ ਲਹਿਰ ਤੁਹਾਡੇ ਕਿਰਦਾਰ ਦੀ ਚੰਗੀ ਅਤੇ ਸੋਹਣੀ ਛਾਪ ਛੱਡ ਜਾਂਦੀ ਹੈ। ਦੁੱਖਾਂ ਵਿੱਚ ਉਲਝੇ ਹੋਏ ਲੋਕ ਕਦੇ ਵੀ ਚੰਗੇ ਅਤੇ ਉਸਾਰੂ ਫ਼ੈਸਲੇ ਲੈਣ ਦੇ ਯੋਗ ਨਹੀਂ ਹੁੰਦੇ। ਆਪਣਾ ਉੱਠਣ-ਬੈਠਣ, ਰਹਿਣ-ਸਹਿਣ ਅਜਿਹਾ ਰੱਖੋ ਕਿ ਤੁਹਾਡੇ ਬਚਨਾਂ ਦੇ ਨਾਲ ਕਿਸੇ ਨੂੰ ਦੁੱਖ ਨਾ ਪਹੁੰਚੇ। ਕਿਉਂਕਿ ਦੁਖੀ ਰਹਿਣਾ ਤੇ ਹੋਣਾ ਜੇ ਤੁਹਾਨੂੰ ਪਸੰਦ ਨਹੀਂ ਤਾਂ ਇਹ ਕਿਸੇ ਹੋਰ ਦੀ ਪਸੰਦ ਵੀ ਨਹੀਂ ਹੋ ਸਕਦਾ।
ਅਤੀਤ ਦੀ ਭੁੱਲ ਲਈ ਅੱਜ ਦੀ ਬਲੀ
ਜੇਕਰ ਮਨੁੱਖ ਸਿੱਧੀ ਨੀਤ ਨਾਲ ਆਪਣੀ ਮੰਜ਼ਿਲ ਵੱਲ ਵਧੇ ਤਾਂ ਉਸ ਨੂੰ ਕਦੇ ਵੀ ਜਾਇਜ਼ -ਨਜਾਇਜ਼ ਦੁੱਖ ਤੇ ਖ਼ੁਸ਼ੀ ਦਾ ਦਿਖਾਵਾ ਨਹੀਂ ਕਰਨਾ ਪੈਂਦਾ। ਜਦੋਂ ਮਨੁੱਖ ਦੀ ਸੂਝ ਸਿਧਾਂਤਾਂ ਅਤੇ ਵਿਚਾਰਧਾਰਾ ’ਤੇ ਆਧਾਰਿਤ ਸਿਰਜੀ ਹੋਵੇ ਤਾਂ ਉਸਦੀ ਜ਼ਿੰਦਗੀ ਦਾ ਹਰ ਪਲ ਰੰਗਲਾ ਬਣਿਆ ਰਹਿੰਦਾ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਵਰਤਮਾਨ ਵਿੱਚ ਜੀਓ। ਭਵਿੱਖ ਨੂੰ ਸੰਵਾਰਨ ਅਤੇ ਬੀਤੇ ਦੀਆਂ ਗਲਤੀਆਂ ’ਤੇ ਪਛਤਾਵੇ ਕਰਨ ਵਿੱਚ ਵਰਤਮਾਨ ਦੀ ਬਲੀ ਨਾ ਦਿਓ। ਵਰਤਮਾਨ ਦੀਆਂ ਯੋਜਨਾਵਾਂ ਵਿੱਚ ਭਵਿੱਖ ਦਾ ਝਲਕਾਰਾ ਸਿਆਣਪ ਕਿਹਾ ਜਾ ਸਕਦਾ ਹੈ, ਪਰ ਭਵਿੱਖ ਵਿੱਚ ਸਿਰਫ਼ ਦੁੱਖਾਂ ਦਾ ਸੋਚ ਕੇ ਕਦੇ ਚੰਗੀਆਂ ਪ੍ਰਾਪਤੀਆਂ ਦੀ ਗਾਥਾ ਨਹੀਂ ਲਿਖੀ ਜਾ ਸਕਦੀ। ਇਸ ਕਰਕੇ ਦਿਮਾਗ਼ ਅਤੇ ਦਿਲ ਦੇ ਦਰਵਾਜ਼ੇ ਖੁੱਲ੍ਹ੍ੇ ਰੱਖੋ ਤਾਂ ਕਿ ਨਵੀਆਂ ਰਾਹਾਂ ਦੀ ਸੰਭਾਵਨਾ ਬਣੀ ਰਹੇ। ਖੁੱਲ੍ਹੇ ਦਰਵਾਜ਼ੇ, ਖੁੱਲ੍ਹੀਆਂ ਖਿੜਕੀਆਂ ਰਾਹੀਂ ਹੀ ਦਿਲ ਤੇ ਦਿਮਾਗ਼ ਜੁੜਦੇ ਹਨ ਤੇ ਖੁਸ਼ੀਆਂ ਦਾ ਸੂਰਜ ਸਾਫ਼ ਦਿਸਣ ਲੱਗਦਾ ਹੈ। ਤੁਹਾਡੇ ਖਿਆਲਾਂ ਦੀ ਤਾਜ਼ਗੀ ਹੀ ਤੁਹਾਡੀ ਜ਼ਿੰਦਗੀ ਦਾ ਮਜ਼ਾ ਬਰਕਰਾਰ ਰੱਖ ਸਕਦੀ ਹੈ। ਜੁਗਾੜ ਲਗਾ ਕੇ ਮਿਲੀਆਂ ਥੋੜ੍ਹ-ਚਿਰੀਆਂ ਖ਼ੁਸ਼ੀਆਂ ਮਾੜੇ ਨਸ਼ੇ ਵਰਗੀਆਂ ਹੁੰਦੀਆਂ ਹਨ, ਜੋ ਕਦੇ ਵੀ ਤੁਹਾਡੀ ਜ਼ਿੰਦਗੀ ਦੀ ਗੁੱਡੀ ਨਹੀਂ ਚੜ੍ਹਨ ਦੇ ਸਕਦੀ। ਆਪਣੇ ਅੰਦਰੋਂ ਕਦੇ ਵੀ ਇਨਸਾਨੀਅਤ ਨਾ ਮਰਨ ਦਿਓ, ਕਿਉਂਕਿ ਇਨਸਾਨੀਅਤ ਦਾ ਨਸ਼ਾ ਤੁਹਾਡੀ ਜ਼ਿੰਦਗੀ ਨੂੰ ਆਨੰਦ ਨਾਲ ਭਰ ਦੇਵੇਗਾ।
ਦੁੱਖਾਂ-ਸੁੱਖਾਂ ਦੇ ਮੇਲੇ ’ਚ ਨਾ ਗੁਆਓ ਖ਼ੁਦ ਨੂੰ
ਜ਼ਿੰਦਗੀ ਦੇ ਦੁੱਖਾਂ-ਸੁੱਖਾਂ ਦੇ ਮੇਲੇ ਵਿੱਚ ਖੁਦ ਨੂੰ ਨਾ ਗਵਾਓ, ਕਿਉਂਕਿ ਮੇਲਾ ਗੁਆਚਣ ਜਾਂ ਠਹਿਰਨ ਲਈ ਨਹੀਂ ਹੁੰਦਾ ਬਲਕਿ ਆਨੰਦ ਮਾਨਣ ਦਾ ਸੋਮਾ ਹੁੰਦਾ ਹੈ। ਇਸੇ ਤਰ੍ਹਾਂ ਇਹ ਜ਼ਿੰਦਗੀ ਦਾ ਮੇਲਾ ਅਨੇਕਾਂ ਰੰਗਾਂ ਨਾਲ ਭਰਪੂਰ ਅਤੇ ਆਨੰਦ ਮਾਨਣ ਦੇ ਲਈ ਹੀ ਹੈ। ਆਪਣੀ ਜ਼ਿੰਦਗੀ ਨੂੰ ਆਨੰਦਮਈ ਰੱਖਣ ਲਈ ਰੂਹ ਤੇ ਦਿਲ ਦੀ ਖੁਰਾਕ ਸੰਗੀਤ, ਕੋਈ ਕਲਾ ਜਾਂ ਕੁਦਰਤ ਆਦਿ ਨਾਲ ਨਾਤਾ ਜੋੜੋ। ਕੁਦਰਤ ਦੀ ਦੇਣ ਦੀ ਪ੍ਰਵਿਰਤੀ ਦੇ ਮੁਰੀਦ ਹੋ ਜਾਓ, ਇਸ ਨੀਤੀ ਨੂੰ ਅਪਣਾਓ ਤਾਂ ਦੁੱਖ ਦੀਆਂ ਘੜੀਆਂ ਖ਼ੁਦ ਤੁਹਾਡੇ ਅੱਗੇ ਗੋਡੇ ਟੇਕ ਦੇਣਗੀਆਂ। ਦੁਨੀਆ ਤੁਹਾਡੇ ਬਾਰੇ ਕੀ ਸੋਚਦੀ ਹੈ? ਤੋਂ ਪਹਿਲਾਂ ਇਹ ਦੇਖੋ ਤੁਸੀਂ ਖੁਦ ਬਾਰੇ ਕੀ ਸੋਚਦੇ ਹੋ? ਤੁਸੀਂ ਕਿਧਰੇ ਜਾਣਾ ਹੋਵੇ ਤਾਂ ਤੁਸੀਂ ਤਿਆਰ ਹੋ ਕੇ ਸਮੇਂ ਤੇ ਸਥਿਤੀ ਅਨੁਸਾਰ ਖ਼ੁਦ ਨੂੰ ਸ਼ੀਸ਼ੇ ’ਚੋਂ ਨਿਹਾਰਦੇ ਹੋ ਤੇ ਜੇਕਰ ਕੋਈ ਕਮੀ ਪੇਸ਼ੀ ਰਹਿ ਜਾਵੇ ਤਾਂ ਉਸ ਦੇ ਆਧਾਰ ’ਤੇ ਫਿਰ ਖ਼ੁਦ ਨੂੰ ਸੈੱਟ ਵੀ ਕਰਦੇ ਹੋ। ਬਸ ਉਵੇਂ ਹੀ ਜਿਹੋ ਜਿਹੇ ਤੁਸੀਂ ਖ਼ੁਦ ਨੂੰ ਜ਼ਿੰਦਗੀ ਦੇ ਸ਼ੀਸ਼ੇ ਵਿੱਚ ਦੇਖਣਾ ਚਾਹੁੰਦੇ ਹੋ ਉਹੋ ਜਿਹੇ ਹੀ ਕਾਰਜ ਕਰਦੇ ਰਹੋ ਅਤੇ ਕਾਰਜਸ਼ੀਲ ਬਣੇ ਰਹੋ। ਜਿਵੇਂ ਸਾਡੀ ਜ਼ਿੰਦਗੀ ਵਿੱਚ ਉਮਰ ਅਤੇ ਹਾਲਾਤਾਂ ਦੇ ਹਿਸਾਬ ਨਾਲ ਰੰਗਾਂ ਦੀ ਅਹਿਮੀਅਤ ਬਦਲਦੀ ਹੈ, ਉਸੇ ਤਰ੍ਹਾਂ ਹਰ ਰੋਜ਼ ਮਿਲਣ ਵਾਲੇ ਛੋਟੇ-ਛੋਟੇ ਦੁੱਖਾਂ ਅਤੇ ਖ਼ੁਸ਼ੀਆਂ ਦੀ ਅਹਿਮੀਅਤ ਨੂੰ ਪਛਾਣੋ ਅਤੇ ਆਪਣੇ ਲਈ ਖ਼ੁਸ਼ੀਆਂ ਦੀ ਹੀ ਚੋਣ ਕਰੋ।
-
ਵਿਜੈ ਗਰਗ, ਰਿਟਾਇਰਡ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਗਲੀ ਕੌਰ ਚੰਦ ਐਮ ਐਚ ਆਰ ਮਲੋਟ ਪੰਜਾਬ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.