ਜਗਜੀਤ ਡੱਲੇਵਾਲ ਦਾ ਮਰਨ ਵਰਤ ਅੱਜ 60ਵੇਂ ਦਿਨ ਵੀ ਰਿਹਾ ਜਾਰੀ
ਖਨੌਰੀ, 24 ਜਨਵਰੀ 2025 - ਦਾਤਾਸਿੰਘ ਵਾਲਾ ਖਨੌਰੀ ਕਿਸਾਨ ਮੋਰਚੇ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 60ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਪ੍ਰਮਾਤਮਾ ਦੀ ਰਹਿਨੁਮਾਈ ਹੇਠ ਚੱਲ ਰਿਹਾ ਦੁਨੀਆਂ ਦੇ ਇਤਿਹਾਸ ਦਾ ਲੰਮਾ ਅਤੇ ਸ਼ਾਂਤਮਈ ਅਤੇ ਇਤਿਹਾਸਿਕ ਸੱਤਿਆਗ੍ਰਹਿ ਹੈ ਜਿਸ ਵਿੱਚ ਅੱਜ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਮਰਨ ਵਰਤ ਉੱਪਰ ਬੈਠਿਆਂ ਪੂਰੇ 2 ਮਹੀਨੇ ਹੋ ਗਏ ਹਨ।
ਉਨ੍ਹਾਂ ਦੱਸਿਆ ਕਿ 26 ਜਨਵਰੀ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਪੂਰੇ ਦੇਸ਼ ਵਿਚ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਦੁਪਹਿਰ 12 ਵਜੇ ਤੋਂ 1.30 ਵਜੇ ਤੱਕ ਕਿਸਾਨਾਂ ਦੇ ਟਰੈਕਟਰ ਦੇਸ਼ ਭਰ ਦੀਆਂ ਸੜਕਾਂ ਉੱਪਰ ਹੋਣਗੇ। ਕਿਸਾਨ ਆਗੂਆਂ ਨੇ ਦੱਸਿਆ ਕਿ ਤਾਮਿਲਨਾਡੂ-ਕਰਨਾਟਕ 'ਚ 70 ਤੋਂ ਵੱਧ ਥਾਵਾਂ ਉੱਪਰ,ਪੰਜਾਬ-ਹਰਿਆਣਾ 'ਚ ਸੈਂਕੜੇ ਥਾਵਾਂ ਉੱਪਰ ਅਤੇ ਹੋਰ ਰਾਜਾਂ ਵਿੱਚ ਵੀ ਕਿਸਾਨਾਂ ਦੇ ਟਰੈਕਟਰ ਵੱਡੇ ਪੱਧਰ 'ਤੇ ਸੜਕਾਂ 'ਤੇ ਹੋਣਗੇ, ਮੱਧ ਪ੍ਰਦੇਸ਼ ਦੇ ਅਸ਼ੋਕਨਗਰ ਵਿੱਚ ਇੱਕ ਵੱਡੀ ਮੋਟਰਸਾਈਕਲ ਰੈਲੀ ਕੱਢੀ ਜਾਵੇਗੀ।
ਕਿਸਾਨ ਆਗੂਆਂ ਨੇ ਕਿਹਾ ਕਿ 13 ਫਰਵਰੀ ਤੋਂ ਚੱਲ ਰਿਹਾ ਕਿਸਾਨ ਮੋਰਚਾ ਪੂਰੀ ਤਰ੍ਹਾਂ ਕਿਸਾਨਾਂ ਦੀਆਂ ਮੰਗਾਂ 'ਤੇ ਕੇਂਦਰਿਤ ਹੈ ਅਤੇ ਇਸ ਦਾ ਕਿਸੇ ਹੋਰ ਮੁੱਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਮੋਰਚਾ ਪੂਰੀ ਤਰ੍ਹਾਂ ਪਵਿੱਤਰ ਹੈ ਅਤੇ ਕੋਈ ਵੀ ਵਿਅਕਤੀ/ਤਾਕਤ ਨੂੰ ਇਸ ਮੋਰਚੇ ਨੂੰ ਪਲੀਤ (ਬਦਨਾਮ) ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।