76ਵਾਂ ਗਣਤੰਤਰ ਦਿਵਸ : ਪੁਲਿਸ ਲਾਈਨ ਗਰਾਊਂਡ ’ਚ ਹੋਈ ਫੁੱਲ ਡਰੈਸ ਰਿਹਰਸਲ
- ਡਿਪਟੀ ਕਮਿਸ਼ਨਰ ਨੇ ਲਹਿਰਾਇਆ ਤਿਰੰਗਾ, ਮਾਰਚ ਪਾਸਟ ਤੋਂ ਲਈ ਸਲਾਮੀ
- ਸਕੂਲੀ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ’ਤੇ ਆਧਾਰਤ ਵੱਖ-ਵੱਖ ਵੰਨਗੀਆਂ ਦੀ ਪੇਸ਼ਕਾਰੀ
- 26 ਜਨਵਰੀ ਨੂੰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਲਹਿਰਾਉਣਗੇ ਤਿਰੰਗਾ
ਹੁਸ਼ਿਆਰਪੁਰ, 24 ਜਨਵਰੀ 2025: ਦੇਸ਼ ਭਰ ਵਿਚ ਮਨਾਏ ਜਾਣ ਵਾਲੇ 76ਵੇਂ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਤਹਿਤ ਅੱਜ ਸਥਾਨਕ ਪੁਲਿਸ ਲਾਈਨ ਗਰਾਊਂਡ ਵਿਖੇ ਫੁੱਲ ਡਰੈਸ ਰਿਹਰਸਲ ਹੋਈ ਜਿਸ ਵਿਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਤਿਰੰਗਾ ਝੰਡਾ ਲਹਿਰਾਇਆ।
ਡਿਪਟੀ ਕਮਿਸ਼ਨਰ ਨੇ ਕੌਮੀ ਝੰਡਾ ਲਹਿਰਾਉਣ ਉਪਰੰਤ ਪਰੇਡ ਵਿਚ ਸ਼ਾਮਲ ਵੱਖ-ਵੱਖ ਟੁਕੜੀਆਂ ਦਾ ਨਰਿਖਣ ਕੀਤਾ ਜਿਸ ਦੌਰਾਨ ਐਸ.ਐਸ.ਪੀ. ਸੁਰੇਂਦਰ ਲਾਂਬਾ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਿਕਾਸ ਕੁਮਾਰ ਅਤੇ ਪਰੇਡ ਕਮਾਂਡਰ ਗਜ਼ਲਪ੍ਰੀਤ ਕੌਰ ਵੀ ਉਨ੍ਹਾਂ ਨਾਲ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਮਾਰਚ ਪਾਸਟ ਵਿਚ ਸ਼ਾਮਲ ਪੰਜਾਬ ਪੁਲਿਸ ਦੇ ਜਵਾਨਾਂ, ਮਹਿਲਾ ਵਿੰਗ, ਪੰਜਾਬ ਹੋਮਗਾਰਡਜ਼, ਐਨ.ਸੀ.ਸੀ. ਕੈਡਿਟ ਦੀ 12 ਪੰਜਾਬ ਬਟਾਲੀਅਨ ਹੁਸ਼ਿਆਰਪੁਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੇਲਵੇ ਮੰਡੀ ਤੋਂ ਗਰਲਜ਼ ਗਾਈਡਜ਼, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੁਰਹੀਰਾਂ ਤੋਂ ਸਕਾਊਟਸ ਅਤੇ ਪੀ.ਆਰ.ਟੀ.ਸੀ. ਜਹਾਨਖੇਲਾਂ ਦੇ ਬੈਂਡ ਦੀ ਟੁਕੜੀ ਤੋਂ ਸਲਾਮੀ ਲਈ।
ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ ਅਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ 26 ਜਨਵਰੀ ਨੂੰ ਕੌਮੀ ਝੰਡਾ ਲਹਿਰਾਉਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਪੰਜਾਬ ਸਰਕਾਰ ਦੀਆ ਭਲਾਈ ਸਕੀਮਾਂ, ਵੱਖ-ਵੱਖ ਖੇਤਰਾਂ ‘ਚ ਪ੍ਰਾਪਤੀਆਂ ਅਤੇ ਕਾਰਗੁਜ਼ਾਰੀ ਨੂੰ ਦਰਸਾਉਂਦੀਆਂ ਝਾਕੀਆਂ ਵੀ ਸ਼ਾਮਲ ਹੋਣਗੀਆਂ ਜਿਨ੍ਹਾਂ ਵਿਚ ਸਿਹਤ ਵਿਭਾਗ, ਭੌਂ ਅਤੇ ਜਲ ਸੰਭਾਲ, ਮਾਰਕਫੈਡ, ਸਿੱਖਿਆ ਵਿਭਾਗ, ਜੰਗਲਾਤ ਵਿਭਾਗ, ਪੰਜਾਬ ਪੁਲਿਸ, ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ, ਨਗਰ ਨਿਗਮ, ਜ਼ਿਲ੍ਹਾ ਪ੍ਰੋਗਰਾਮ ਦਫ਼ਤਰ, ਖੇਤੀਬਾੜੀ ਵਿਭਾਗ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਝਾਕੀ ਸ਼ਾਮਲ ਹੋਵੇਗੀ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਵਲੋਂ ਆਜ਼ਾਦੀ ਘੁਲਾਟੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿਚ ਸ਼ਲਾਘਾਯੋਗ ਕਾਰਜਾਂ ਲਈ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ ਅਤੇ ਲੋੜਵੰਦਾਂ ਨੂੰ ਮੋਟਰ ਟਰਾਈਸਾਈਕਲਾਂ ਤੇ ਸਿਲਾਈ ਮਸ਼ੀਨਾਂ ਵੰਡੀਆਂ ਜਾਣਗੀਆਂ। ਉਨ੍ਹਾਂ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਗਣਤੰਤਰ ਦਿਵਸ ਨੂੰ ਪੂਰੇ ਉਤਸ਼ਾਹ ਨਾਲ ਮਨਾਉਂਦਿਆਂ ਆਪੋ-ਆਪਣੀਆਂ ਡਿਊਟੀਆਂ ਨੂੰ ਪੂਰੀ ਤਨਦੇਹੀ ਨਾਲ ਨੇਪਰੇ ਚਾੜਿਆ ਜਾਵੇ।
ਫੁੱਲ ਡਰੈਸ ਰਿਹਰਸਲ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆ ਵਲੋਂ ਮਾਸ ਪੀ.ਟੀ. ਸ਼ੋਅ ਅਤੇ ਦੇਸ਼ ਭਗਤੀ ’ਤੇ ਆਧਾਰਤ ਵੱਖ-ਵੱਖ ਵੰਨਗੀਆਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ ਅਤੇ ਰਾਜ ਤੇ ਰਾਸ਼ਟਰੀ ਪੱਧਰ ’ਤੇ ਗਤਕਾ ਮੁਕਾਬਲਿਆਂ ਦੇ ਜੇਤੂ ਮੀਰੀ ਪੀਰੀ ਗਤਕਾ ਕਲੱਬ, ਗਰਨਾ ਸਾਹਿਬ ਦੇ ਨੌਜਵਾਨਾਂ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ। ਇਸੇ ਤਰ੍ਹਾਂ ਵਿਦਿਆਰਥਣਾਂ ਵਲੋਂ ਪੰਜਾਬ ਦਾ ਲੋਕ ਨਾਚ ਗਿੱਧਾ ਅਤੇ ਵਿਦਿਆਰਥੀਆਂ ਵਲੋਂ ਲੋਕ ਨਾਚ ਭੰਗੜਾ ਪੇਸ਼ ਕੀਤਾ ਗਿਆ। ਮੈਰੀਗੋਲਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਗਾਨ ਗਾਇਆ ਜਿਸ ਉਪਰੰਤ ਪ੍ਰੋਗਰਾਮ ਸਮਾਪਤ ਹੋਇਆ।