ਸਰਬਜੀਤ ਜੱਸ ਦੀ ਚੋਣਵੀਂ ਕਵਿਤਾ “ ਲੁਕੀ ਹੋਈ ਅੱਖ” ਸ਼ਾਹਮੁਖੀ ਲਿਪੀ ਵਿੱਚ ਲਾਹੌਰ ਵਿਖੇ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਮਕਸੂਦ ਸਾਕਿਬ ਵੱਲੋਂ ਲੋਕ ਅਰਪਣ
ਲੁਧਿਆਣਾਃ 24 ਜਨਵਰੀ 2025 - ਪਟਿਆਲੇ ਵੱਸਦੀ ਕਵਿੱਤਰੀ ਸਰਬਜੀਤ ਜੱਸ ਦੀ ਚੋਣਵੀਂ ਕਵਿਤਾ “ ਲੁਕੀ ਹੋਈ ਅੱਖ” ਲਾਹੌਰ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਪੰਚਮ ਦੇ ਮੁੱਖ ਸੰਪਾਦਕ ਮਕਸੂਦ ਸਾਕਿਬ ਵੱਲੋਂ ਹੋਟਲ ਪਾਕ ਹੈਰੀਟੇਜ ਵਿੱਚ ਲੋਕ ਅਰਪਨ ਕੀਤੀ ਗਈ।
ਇਸ ਮੌਕੇ ਪੰਜਾਬ ਸਰਕਾਰ ਦੇ ਸੇਵਾਮੁਕਤ ਅਧਿਕਾਰੀ ਸ. ਕਾਹਨ ਸਿੰਘ ਪੰਨੂ,ਸਹਿਜਪ੍ਰੀਤ ਸਿੰਘ ਮਾਂਗਟ,ਨਵਦੀਪ ਸਿੰਘ ਗਿੱਲ, ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪ੍ਰੋਫ਼ੈਸਰ ਡਾ. ਕਲਿਆਣ ਸਿੰਘ ਕਲਿਆਣ, ਪੰਜਾਬੀ ਤੇ ਉਰਦੂ ਸ਼ਾਇਰ ਰਾਜਾ ਸਾਦਿਕ ਉਲਾ ਖ਼ਾਨ, ਖਾਲਿਦ ਐਜਾਜ਼ ਮੁਫ਼ਤੀ ਤੇ ਸ਼ਾਇਦਾ ਬਾਨੋ (ਭਾਸਕਰ) ਵੀ ਹਾਜ਼ਰ ਸਨ।
ਇਸ ਮੌਕੇ ਕਾਵਿ ਪੁਸਤਕ ਦੀ ਜਾਣ ਪਛਾਣ ਕਰਵਾਉਂਦਿਆਂ ਮਕਸੂਦ ਸਾਕਿਬ ਨੇ ਕਿਹਾ ਕਿ ਸਰਬਜੀਤ ਜੱਸ ਕੋਲ ਸੱਜਰੀ ਸ਼ਾਇਰੀ ਲਈ ਤੀਸਰਾ ਨੇਤਰ ਹੈ ਜਿਸ ਨਾਲ ਉਹ ਕਵਿਤਾ ਦੇ ਧੁਰ ਅੰਦਰਲੇ ਸੱਚ ਦੀ ਥਾਹ ਪਾ ਕੇ ਸ਼ਬਦਾਂ ਵਿੱਚ ਢਾਲਦੀ ਹੈ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪੁਸਤਕ ਬਾਰੇ ਗੱਲ ਕਰਦਿਆਂ ਕਰਦਿਆਂ ਕਿਹਾ ਕਿ ਸ਼ਬਦ ਦੇ ਅੰਦਰਲੇ ਅਰਥਾਂ ਤੀਕ ਪੁੱਜਣ ਲਈ ਲੇਖਕ ਦੀ ਰੂਹ ਵੀ ਪਾਰਦਰਸ਼ੀ ਚਾਹੀਦੀ ਹੈ। ਜੱਸ ਪਾਰਦਰਸ਼ੀ ਰੂਹ ਨਾਲ ਕਵਿਤਾ ਲਿਖਦੀ ਹੈ। ਉਹ ਆਪਣੇ ਸਹਿਜ ਅੰਦਾਜ਼ ਨਾਲ ਸਭ ਪਾਠਕਾਂ ਨੂੰ ਨਾਲ ਨਾਲ ਤੋਰਦੀ ਹੈ। ਪਿਛਲੀ ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ ਵਿੱਚ ਸ਼ਾਮਿਲ ਹੋ ਕੇ ਉਸ ਨੇ ਆਪਣਾ ਚੌਣਵਾਂ ਕਲਾਮ ਸ਼ਾਹਮੁਖੀ ਵਿੱਚ ਪੇਸ਼ ਕਰਕੇ ਚੰਗਾ ਕਾਰਜ ਕੀਤਾ ਹੈ।