ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਅਤੇ ਸਿਰਜਣਾਤਮਕਤਾ ਦਰਸਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 13 ਜਨਵਰੀ ਨੂੰ ਕਰਵਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਪ੍ਰੋਗਰਾਮ
ਰੂਪਨਗਰ, 10 ਜਨਵਰੀ 2025: ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਅਤੇ ਸਿਰਜਣਾਤਮਕਤਾ ਦਰਸਾਉਣ ਲਈ ਇੱਕ ਪਲੇਟਫਾਰਮ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਹਿਰੂ ਯੁਵਾ ਕੇਂਦਰ ਵੱਲੋਂ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਪ੍ਰੋਗਰਾਮ ਦਾ ਆਯੋਜਨ 13 ਜਨਵਰੀ 2025 ਦਿਨ ਸੋਮਵਾਰ ਨੂੰ ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਕੀਤਾ ਜਾ ਰਿਹਾ ਹੈ।
ਇਹ ਪ੍ਰੋਗਰਾਮ ਨੌਜਵਾਨਾਂ ਨੂੰ ਆਪਣੀ ਕਾਬਲੀਅਤ ਨੂੰ ਉਭਾਰਨ, ਸਿਹਤਮੰਦ ਮੁਕਾਬਲੇ ਵਿੱਚ ਹਿੱਸਾ ਲੈਣ ਅਤੇ ਯੁਵਾ ਸ਼ਕਤੀ ਦਾ ਜਸ਼ਨ ਮਨਾਉਣ ਦਾ ਵਧੀਆ ਮੌਕਾ ਪ੍ਰਦਾਨ ਕਰਦਾ ਹੈ। ਯੁਵਾ ਉਤਸਵ 2025 ਵਿੱਚ ਸ਼ਾਮਲ ਹੋ ਕੇ ਨੌਜਵਾਨਾਂ ਦੀ ਸਿਰਜਣਾਤਮਕਤਾ ਅਤੇ ਉਰਜਾ ਦਾ ਜਸ਼ਨ ਮਨਾਉਣ ਲਈ ਇਹ ਪ੍ਰੋਗਰਾਮ ਇੱਕ ਵਧੀਆ ਸੋਮਾ ਹੈ।
ਇਸ ਯੁਵਾ ਉਤਸਵ ਪ੍ਰੋਗਰਾਮ ਵਿੱਚ 7 ਰੋਮਾਂਚਕ ਮੁਕਾਬਲੇ ਹੋਣਗੇ ਜਿਸ ਵਿੱਚ ਡਿਕਲੇਮੇਸ਼ਨ ਮੁਕਾਬਲਾ (ਵਕਤਵ ਪ੍ਰਤੀਯੋਗਤਾ), ਪੇਂਟਿੰਗ ਮੁਕਾਬਲਾ, ਮੋਬਾਈਲ ਫੋਟੋਗ੍ਰਾਫੀ, ਕਵਿਤਾ ਲਿਖਣ (ਪੋਇਟਰੀ ਰਾਇਟਿੰਗ), ਸਾਂਸਕ੍ਰਿਤਿਕ ਟੀਮ ਪ੍ਰੋਗਰਾਮ, ਵਿਗਿਆਨ ਮੇਲਾ (ਇੰਡਿਵਿਜੁਅਲ) ਅਤੇ ਵਿਗਿਆਨ ਮੇਲਾ (ਗਰੁੱਪ) ਦੇ ਮੁਕਾਬਲੇ ਕਰਵਾਏ ਜਾਣਗੇ, ਜਿਸ ਦੇ ਜੇਤੂਆਂ ਨੂੰ ਨਕਦ ਇਨਾਮ ਦੀ ਰਕਮ ਦਿੱਤੀ ਜਾਵੇਗੀ।
ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈਣ ਲਈ 15-29 ਸਾਲ ਦੇ ਸਾਰੇ ਨੌਜਵਾਨਾਂ ਲਈ ਖੁੱਲ੍ਹਾ ਸੱਦਾ ਹੈ। ਇਸ ਸਬੰਧੀ ਰਜਿਸਟਰੇਸ਼ਨ ਕਰਨ ਲਈ ਅਤੇ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ 9999919488 ਜਾਂ 8076011409 ਤੇ ਸੰਪਰਕ ਕੀਤਾ ਜਾ ਸਕਦਾ ਹੈ।