ਕੋਰਟ ਕੰਪਲੈਕਸ ਦੀ ਕੰਟੀਨ ਅੰਦਰ ਚੋਰੀ
ਦੀਪਕ ਜੈਨ
ਜਗਰਾਉਂ, 10 ਜਨਵਰੀ 2025 - ਚੋਰਾਂ ਵੱਲੋਂ ਕੋਰਟ ਕੰਪਲੈਕਸ ਦੇ ਬਾਹਰੋਂ ਚਿੱਟੇ ਦਿਨ ਬਾਈਕ ਚੋਰੀ ਹੋਣ ਦੀਆਂ ਵਾਰਦਾਤਾਂ ਤਾਂ ਆਮ ਹੀ ਕੀਤੀਆਂ ਜਾਂਦੀਆਂ ਹਨ। ਪਰ ਬੀਤੀ ਰਾਤ ਪੁਲਿਸ ਨੂੰ ਵਾਰਨਿੰਗ ਦਿੰਦਿਆਂ ਹੋਇਆ ਚੋਰਾਂ ਨੇ ਕੋਰਟ ਕੰਪਲੈਕਸ ਦੇ ਅੰਦਰ ਬਣੀ ਹੋਈ ਕੰਟੀਨ ਦੇ ਸ਼ਟਲ ਨੂੰ ਭੰਨ ਕੇ ਚੋਰੀ ਕਰਨ ਦੀ ਹਿਮਾਕਤ ਕੀਤੀ ਹੈ। ਕੁਝ ਮਹੀਨੇ ਪਹਿਲਾਂ ਚੋਰਾਂ ਵੱਲੋਂ ਐਸਡੀਐਮ ਦਫਤਰ ਦੇ ਅੰਦਰ ਬਣੀ ਕੰਟੀਨ ਵਿਚੋਂ ਵੀ ਚੋਰੀ ਕੀਤੇ ਜਾਣ ਦੀ ਘਟਨਾ ਵਾਪਰੀ ਸੀ ਅਤੇ ਹੁਣ ਕੋਰਟ ਕੰਪਲੈਕਸ ਦੀ ਕੰਟੀਨ ਅੰਦਰ ਕੀਤੀ ਚੋਰੀ ਜਿਸ ਬਾਰੇ ਦੱਸਦੇਆਂ ਹੋਇਆ ਕੰਟੀਨ ਦੇ ਮਾਲਕ ਦੀਪਕ ਮੁਤਾਬਕ ਉਹ ਵੀਰਵਾਰ 9 ਜਨਵਰੀ ਦੀ ਰਾਤ ਨੂੰ ਸ਼ਟਲ ਨੂੰ ਤਾਲੇ ਲਗਾ ਕੇ ਗਏ ਸਨ ਪਰ ਜਦੋਂ ਸ਼ੁਕਰਵਾਰ ਸਵੇਰੇ ਆ ਕੇ ਉਹਨਾਂ ਨੇ ਦੇਖਿਆ ਤਾਂ ਉਹਨਾਂ ਦੀ ਕੰਟੀਨ ਦੇ ਬਾਹਰ ਲੱਗਿਆ ਹੋਇਆ ਸ਼ਟਲ ਟੁੱਟਿਆ ਹੋਇਆ ਸੀ ਅਤੇ ਚੋਰਾਂ ਵੱਲੋਂ ਅੰਦਰ ਦਰਾਜ ਦੀ ਵੀ ਫਰੋਲਾ ਫਰਾਲੀ ਕੀਤੀ ਗਈ ਸੀ।
ਦੀਪਕ ਮੁਤਾਬਕ ਉਸ ਦੀ ਕੰਟੀਨ ਅੰਦਰ ਪਿਆ ਕੈਸ਼ ਅਤੇ ਹੋਰ ਕੀਮਤੀ ਸਮਾਨ ਚੋਰਾਂ ਵੱਲੋਂ ਚੋਰੀ ਕਰ ਲਿੱਤਾ ਗਿਆ ਹੈ। ਚੋਰੀ ਦੇ ਨੁਕਸਾਨ ਬਾਰੇ ਦੀਪਕ ਨੇ ਦੱਸਿਆ ਕਿ ਅੰਦਾਜਨ ਦਸ ਜਾਂ 12 ਹਜਾਰ ਰੁਪਏ ਤੱਕ ਦਾ ਨੁਕਸਾਨ ਹੋਇਆ ਹੈ। ਇੱਥੇ ਇਹ ਗੱਲ ਪੁਲਿਸ ਪ੍ਰਸ਼ਾਸਨ ਦੇ ਖਾਸ ਕਰ ਧਿਆਨ ਦੇਣ ਵਾਲੀ ਹੈ ਕਿ ਕੋਰਟ ਕੰਪਲੈਕਸ ਜਿਸ ਅੰਦਰ ਰਾਤ ਨੂੰ ਉਚੇਚੇ ਤੌਰ ਤੇ ਸੁਰੱਖਿਆ ਪ੍ਰਬੰਧਾਂ ਵਾਸਤੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾਂਦੀ ਹੈ।
ਫਿਰ ਅਜਿਹੀ ਘਟਨਾ ਹੋਣ ਲਈ ਉਹ ਸੁਰੱਖਿਆ ਮੁਲਾਜ਼ਮ ਕਿਹੜੀਆਂ ਨੀਂਦ ਦੀਆਂ ਗੋਲੀਆਂ ਖਾ ਕੇ ਸੌਂ ਰਹੇ ਸਨ ਕਿ ਉਹਨਾਂ ਨੂੰ ਚੋਰਾਂ ਦੀ ਆਮਦ ਦਾ ਅਤੇ ਸ਼ਟਲ ਤੋੜੇ ਜਾਣ ਦਾ ਜਰਾ ਵੀ ਸੁਰਾਗ ਨਹੀਂ ਲੱਗਿਆ। ਇਸ ਤੋਂ ਇਲਾਵਾ ਕੋਰਟ ਕੰਮਪਲੈਕਸ ਅੰਦਰ ਜੁਡਿਸ਼ਰੀ ਦੀਆਂ ਅਦਾਲਤਾਂ ਹੋਣ ਕਰਕੇ ਜਿੱਥੇ ਅਪਰਾਧਿਕ ਮਾਮਲਿਆਂ ਦੇ ਰਿਕਾਰਡ ਵੀ ਦਰਜ ਹਨ ਸੁਰੱਖਿਆ ਮੁਲਾਜ਼ਮਾਂ ਦੀ ਅਜਿਹੀ ਲਾਪਰਵਾਹੀ ਉੱਪਰ ਉੱਚ ਅਧਿਕਾਰੀਆਂ ਨੂੰ ਪੂਰੀ ਸੰਜੀਦਗੀ ਨਾਲ ਧਿਆਨ ਦੇਣਾ ਚਾਹੀਦਾ ਹੈ।